ਬੈਂਗਲੁਰੂ: ਭਾਰਤ ਅਤੇ ਸ਼੍ਰੀ ਲੰਕਾ ਦਰਮਿਆਨ ਬੈਂਗਲੁਰੂ ਟੈੱਸਟ ਦੇ ਪਹਿਲੇ ਦਿਨ 16 ਵਿਕਟਾਂ ਡਿੱਗੀਆਂ ਜੋ ਕਿਸੇ ਵੀ ਡੇ-ਨਾਈਟ ਟੈੱਸਟ ਦੇ ਇੱਕ ਦਿਨ ‘ਚ ਡਿੱਗਣ ਵਾਲੀਆਂ ਸਭ ਤੋਂ ਜ਼ਿਆਦਾ ਵਿਕਟਾਂ ਹਨ। ਇਸ ਤੋਂ ਪਹਿਲਾਂ ਚਾਰ ਵਾਰ ਇੱਕ ਦਿਨ ‘ਚ 13 ਵਿਕਟਾਂ ਡਿੱਗ ਚੁੱਕੀਆਂ ਹਨ। ਦੋ ਵਾਰ ਅਜਿਹਾ ਭਾਰਤ ‘ਚ ਹੀ ਹੋ ਚੁੱਕਾ ਹੈ – ਬੰਗਲਾਦੇਸ਼ ਖ਼ਿਲਾਫ਼ ਕੋਲਕਾਤਾ ‘ਚ ਅਤੇ ਇੰਗਲੈਂਡ ਖ਼ਿਲਾਫ਼ ਅਹਿਮਦਾਬਾਦ ‘ਚ।
2006 ਤੋਂ ਬਾਅਦ ਭਾਰਤ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਟੈੱਸਟ ਮੈਚ ਦੇ ਪਹਿਲੇ ਦਿਨ ਹੀ 16 ਵਿਕਟਾਂ ਡਿੱਗ ਚੁੱਕੀਆਂ ਹੋਣ। 1987 ‘ਚ ਵੈੱਸਟ ਇੰਡੀਜ਼ ਖ਼ਿਲਾਫ਼ ਹੋਏ ਦਿੱਲੀ ਟੈੱਸਟ ਮੈਚ ਦੇ ਪਹਿਲੇ ਦਿਨ 18 ਵਿਕਟਾਂ ਡਿੱਗੀਆਂ ਸਨ ਜੋ ਕਿ ਭਾਰਤ ‘ਚ ਪਹਿਲੇ ਦਿਨ ਸਭ ਤੋਂ ਜ਼ਿਆਦਾ ਵਿਕਟਾਂ ਦਾ ਰਿਕਾਰਡ ਹੈ। 2019 ‘ਚ ਇੰਗਲੈਂਡ-ਆਇਰਲੈਂਡ ਦਰਮਿਆਨ ਹੋਏ ਲੌਰਡਜ਼ ਟੈੱਸਟ ਮੈਚ ਦੇ ਪਹਿਲੇ ਦਿਨ 20 ਵਿਕਟਾਂ ਡਿੱਗੀਆਂ ਸਨ ਜੋ ਕਿ ਪਿਛਲੇ ਅੱਠ ਸਾਲ ਦਾ ਰਿਕਾਰਡ ਹੈ। ਓਦੋਂ ਦੋਵੇਂ ਟੀਮਾਂ ਦੀ ਪਹਿਲੀ ਪਾਰੀ ਪਹਿਲੇ ਹੀ ਦਿਨ ਸਿਮਟ ਗਈ ਸੀ।