ਨੈਸ਼ਨਲ ਡੈਸਕ : ਝਾਰਖੰਡ ਦੇ ਚੱਕਰਧਰਪੁਰ ‘ਚ ਵੱਡਾ ਰੇਲ ਹਾਦਸਾ ਹੋਇਆ ਹੈ। ਹਾਵੜਾ ਤੋਂ ਮੁੰਬਈ ਜਾ ਰਹੀ ਹਾਵੜਾ ਮੇਲ ਲੀਹੋਂ ਲੱਥ ਗਈ, ਜਿਸ ਕਾਰਨ ਟਰੇਨ ਦੀਆਂ 3 ਬੋਗੀਆਂ ਪਲਟ ਗਈਆਂ। ਇਸ ਕਾਰਨ ਰੇਲ ਗੱਡੀ ਵਿਚ ਸਵਾਰ ਦਰਜਨਾਂ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚ 18 ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਕੁਝ ਲੋਕਾਂ ਦੀ ਮੌਤ ਵੀ ਹੋਈ ਹੈ। ਹਾਲਾਂਕਿ ਰੇਲਵੇ ਅਤੇ ਸਥਾਨਕ ਪੁਲਸ ਨੇ ਅਜੇ ਤੱਕ ਕਿਸੇ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ।
ਮੌਕੇ ‘ਤੇ ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਚੱਕਰਧਰਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਡੀਸੀਐੱਮ ਆਦਿਤਿਆ ਕੁਮਾਰ ਚੌਧਰੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੱਕਰਧਰਪੁਰ ਰੇਲਵੇ ਡਵੀਜ਼ਨ ਦੇ ਅਧਿਕਾਰੀਆਂ, ਚੱਕਰਧਰਪੁਰ ਰੇਲਵੇ ਡਵੀਜ਼ਨ ਤੋਂ ਰਾਹਤ ਰੇਲ ਗੱਡੀ ਅਤੇ ਸਾਰੀਆਂ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ ਹੈ।