ਜਯੋਤੀ ਜਗ ਪਈ

ਦਰਸ਼ਨ ਇੱਕ ਗ਼ਰੀਬ ਪਿਤਾ ਦਾ ਪੁੱਤਰ ਸੀ। ਉਸ ਦਾ ਪਿਤਾ ਮਿਹਨਤ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦਾ। ਦਰਸ਼ਨ ਆਮ ਗ਼ਰੀਬ ਲੜਕਿਆਂ ਵਰਗਾ ਲੜਕਾ ਸੀ। ਉਹ ਪੜ੍ਹਾਈ ਵਿੱਚ ਦਰਮਿਆਨੇ ਦਰਜੇ ਦਾ ਵਿਦਿਆਰਥੀ ਸੀ, ਪਰ ਸੁੱਖ ਸਹੂਲਤਾਂ ਤੋਂ ਵਾਂਝਾ ਹੋਣ ਕਰਕੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਨਾਲ ਘੁਲਦਾ ਪੜ੍ਹਾਈ ਵੱਲ ਪੂਰਾ ਧਿਆਨ ਦੇਣ ਤੋਂ ਅਸਮਰੱਥ ਸੀ।
ਦਰਸ਼ਨ ਨੇ ਬਾਰ੍ਹਵੀਂ ਜਮਾਤ ਮੁਸ਼ਕਿਲ ਨਾਲ ਪਹਿਲੇ ਦਰਜੇ ਵਿੱਚ ਪਾਸ ਕੀਤੀ ਸੀ। ਔਖੇ-ਸੌਖੇ ਹੋ ਕੇ ਉਸ ਨੇ ਇੰਜੀਨੀਅਰਿੰਗ ਦਾ ਰਾਜ ਪੱਧਰੀ ਦਾਖਲਾ ਟੈਸਟ ਦਿੱਤਾ ਸੀ। ਉਹ ਆਪਣੇ ਪਿਤਾ ਨਾਲ ਮਿਹਨਤ ਮਜ਼ਦੂਰੀ ਕਰਨ ਵੀ ਜਾਂਦਾ। ਉਹ ਪਿੰਡ ਦੇ ਉੱਚੇ ਘਰਾਂ ਵਿੱਚ ਮਾੜੇ ਮੋਟੇ ਕੰਮ ਕਰਦਾ। ਪੰਜ ਭੈਣਾਂ ਦਾ ਉਹ ਇੱਕੱਲਾ ਭਰਾ ਸੀ।
ਇੰਜੀਨੀਅਰਿੰਗ ਦੇ ਟੈਸਟ ‘ਚੋਂ ਦਰਸ਼ਨ ਦਾ ਰੈਂਕ ਬਹੁਤ ਦੂਰ ਦਾ ਸੀ। ਉਹ ਬੜਾ ਮਾਯੂਸ ਹੋ ਗਿਆ। ਸਭ ਨੇ ਉਸ ਨੂੰ ਕੋਸਿਆ। ਖ਼ਾਸ ਕਰਕੇ ਉਸ ਦੇ ਪਿਤਾ ਨੇ ਉਸ ਨੂੰ ਖ਼ੂਬ ਝਿੜਕਾਂ ਮਾਰੀਆਂ ਸਨ। ਉਸ ਨੇ ਦਰਸ਼ਨ ਨੂੰ ਕਿਹਾ, ”ਤੂੰ ਪੜ੍ਹ ਕੇ ਕਿਹੜੇ ਖੋਹਣੇ ਖੋਹ ਲੈਣੇ ਸੀ? ਤੈਨੂੰ ਕਿਹਾ ਵੀ ਸੀ ਕਿ ਮਿਹਨਤ ਮਜ਼ਦੂਰੀ ਕਰਿਆ ਕਰ ਮੇਰੇ ਨਾਲ, ਪਰ ਤੂੰ ਤਾਂ ਹਜ਼ਾਰਾਂ ਰੁਪਏ ਬਰਬਾਦ ਕਰ ਦਿੱਤੇ ਨੇ। ਇੱਥੇ ਪੜ੍ਹੇ-ਲਿਖੇ ਵਿਹਲੇ ਧੱਕੇ ਖਾਂਦੇ ਫ਼ਿਰਦੇ ਨੇ, ਤੂ ੰਕਿਹੜਾ ਅਫ਼ਸਰ ਬਣ ਜਾਣਾ ਏਂ?”
ਉਸ ਰਾਤ ਦਰਸ਼ਨ ਨੂੰ ਨੀਂਦ ਸੀ ਆਈ। ਸਾਰੀ ਰਾਤ ਉਹ ਜਾਗਦਾ ਰਿਹਾ। ਸਾਰੀ ਰਾਤ ਬਿਨਾਂ ਚਾਦਰ-ਸਿਰਾਹਣੇ ਦੇ ਮੰਜੀ ‘ਤੇ ਪਿਆ ਰਿਹਾ। ਉਹ ਛੱਤ ‘ਤੇ ਬਾਲੇ ਗਿਣਦਿਆਂ ਸੋਚ ਰਿਹਾ ਸੀ: ‘ਮੈਂ ਵੀ ਬਾਪੂ ਵਾਂਗ ਸਾਰੀ ਉਮਰ ਲੋਕਾਂ ਦੀ ਚਾਕਰੀ ਕਰਾਂਗਾ? ਮਜ਼ਦੂਰੀ ਕਰਾਂਗਾ? ਮਾਂ ਮੇਰੀ ਸਾਰੀ ਉਮਰ ਲੋਕਾਂ ਦੇ ਭਾਂਡੇ ਮਾਂਜਦੀ ਰਹੇਗੀ, ਲੋਕਾਂ ਦੇ ਘਰਾਂ ਦਾ ਕੰਮ ਕਰਦੀ ਰਹੇਗੀ? ਮਾਂ ਲੋਕਾਂ ਦੀਆਂ ਕਿੰਨੀਆਂ ਚੰਗੀਆਂ-ਮਾੜੀਆਂ ਗੱਲਾਂ ਸੁਣਦੀ ਹੈ। ਬੜੀ ਮੁਸ਼ਕਿਲ ਘਰ ਦਾ ਰੋਟੀ ਟੁੱਕ ਚੱਲਦਾ ਹੈ। ਮੈਂ ਨਹੀਂ ਮਜ਼ਦੂਰੀ ਕਰਨੀ ਉਨ੍ਹਾਂ ਦੇ ਕਿਹੜੇ ਵੱਖਰੇ ਦਿਮਾਗ਼ ਹਨ ਜੋ ਇੰਜੀਨੀਅਰਿੰਗ ‘ਚੋਂ ਪਾਸ ਹੁੰਦੇ ਹਨ! ਉਹ ਵੀ ਤਾਂ ਮੇਰੇ ਵਰਗੇ ਹੀ ਹਨ। ਮੈਂ ਇੰਜੀਨੀਅਰਿੰਗ ਦਾ ਟੈਸਟ ਕਿਉਂ ਨਹੀਂ ਪਾਸ ਕਰ ਸਕਦਾ ਮੇਰੇ ਵਿੱਚ ਕੀ ਕਮੀ ਹੈ?’ ਉਹ ਸਾਰੀ ਰਾਤ ਸੋਚਦਾ ਰਿਹਾ। ਉਸ ਦੀ ਨੀਂਦ ਜਿਵੇਂ ਖੰਭ ਲਗਾ ਕੇ ਉੱਡ ਗਈ ਹੋਵੇ। ਉਸ ਦੇ ਅੰਦਰ ਦੀ ਜਯੋਤੀ ਆਪ ਹੀ ਜਗ ਪਈ। ਉਸ ਦੀ ਹਿੰਮਤ ਵਿੱਚ ਚੜ੍ਹਦੇ ਸੂਰਜ ਦੀ ਲਾਲੀ ਨੇ ਜਨਮ ਲੈ ਲਿਆ। ਉਸ ਦੀ ਸੋਚ ਵਿੱਚ ਹਜ਼ਾਰਾਂ ਲੱਖਾਂ ਦੀਵੇ ਜਗਣ ਲੱਗੇ। ਇੱਕ ਰੌਸ਼ਨ ਜਿਵੇਂ ਉਸ ਦੇ ਹਿਰਦੇ ‘ਚੋਂ ਨਿਕਲ ਕੇ ਉਸ ਦੇ ਪੂਰੇ ਸਰੀਰ ਵਿੱਚ ਫ਼ੈਲ ਗਈ।
ਉਹ ਅਗਲੀ ਸਵੇਰ ਸਾਝਰੇ ਉਠਿਆ। ਪਰਮਾਤਮਾ ਦਾ ਨਾਮ ਲਿਆ। ਨਹਾਤਾ ਧੋਤਾ, ਤਿਆਰ ਹੋਇਆ। ਉਸ ਦੇ ਬਾਪੂ ਨੇ ਕਿਹਾ, ”ਓਏ ਦਰਸ਼ਨ! ਸਵੇਰੇ ਸਵੇਰੇ ਤਿਆਰ ਹੋ ਕੇ ਕਿੱਥੇ ਚੱਲਿਆ ਏਂ? ਮੇਰੇ ਨਾਲ ਚੱਲ ਮਜ਼ਦੂਰੀ ਕਰਨ ਲਈ।”
ਦਰਸ਼ਨ ਨੇ ਨਿਰਮਲ ਮਨ ਨਾਲ ਕਿਹਾ, ”ਬਾਪੂ, ਮੈਂ ਤੇਰੇ ਨਾਲ ਮਜ਼ਦੂਰੀ ਕਰਨ ਲਈ ਨਹੀਂ ਜਾਣਾ। ਮੈਂ ਕਿਤੇ ਕੰਮ ਚੱਲਿਆ ਹਾਂ।” ਉਹ ਘਰੋਂ ਨਿਕਲ ਪਿਆ। ਪਿੰਡ ਦੇ ਸਰਪੰਚ ਦੇ ਘਰ ਚਲਾ ਗਿਆ। ਸਰਪੰਚ ਪੜ੍ਹੇ ਲਿਖੇ ਅਤੇ ਰੱਜੇ-ਪੁੱਜੇ ਪਰਿਵਾਰ ਦਾ ਸੀ। ਉਸ ਦੀ ਪਤਨੀ ਵੀ ਸੌਖੇ ਘਰ ਦੀ ਪੜ੍ਹੀ-ਲਿਖੀ ਔਰਤ ਸੀ।
ਦਰਸ਼ਨ ਨੇ ਸਰਪੰਚ ਨੂੰ ਹੱਥ ਜੋੜ ਕੇ ਕਿਹਾ, ”ਚਾਚਾ, ਸਿਰਫ਼ ਇੱਕ ਪੰਜ ਸੌ ਰੁਪਏ ਉਧਾਰ ਦੇ ਦੇ, ਤੈਨੂੰ ਮਜ਼ਦੂਰੀ ਕਰਕੇ ਵਾਪਸ ਦੇ ਦੇਵਾਂਗਾ।”
ਸਰਪੰਚ ਨੇ ਕਿਹਾ, ”ਓਏ ਦਰਸ਼ਨ ਤੂੰ ਪੰਜ ਸੌ ਰੁਪਏ ਕੀ ਕਰਨੇ ਹਨ? ਤੇਰੇ ਤੋਂ ਕਿੱਥੇ ਵਾਪਸ ਦਿੱਤੇ ਜਾਣੇ ਨੇ ਪੰਜ ਸੌ ਰੁਪਏ ਤੇਰਾ ਪਿਓ ਦਿਹਾੜੀਆਂ ਲਗਾਉਂਦਾ ਹੈ ਉਹ ਕਿੱਥੋਂ ਦੇਵੇਗਾ ਰੁਪਏ ਵਾਪਸ?”
ਦਰਸ਼ਨ ਨੇ ਫ਼ਿਰ ਹੱਥ ਜੋੜਦੇ ਸਰਪੰਚ ਨੂੰ ਕਿਹਾ, ”ਚਾਚਾ ਮੈਂ ਇੰਜੀਨੀਅਰਿੰਗ ਦਾ ਦੁਬਾਰਾ ਟੈਸਟ ਦੇਣਾ ਹੈ। ਹੱਥ ਜੋੜ ਕੇ ਬੇਨਤੀ ਹੈ ਚਾਚਾ ਮੈਨੂੰ ਪੰਜ ਸੌ ਰੁਪਏ ਦੇ-ਦੇ। ਤੁਹਾਨੂੰ ਜ਼ਰੂਰ ਵਾਪਸ ਮੋੜ ਦਿਆਂਗਾ। ਮੈਂ ਟੈਸਟ ਦੇਣਾ ਏ ਚਾਚਾ।”
ਸਰਪੰਚ ਨੇ ਕਿਹਾ, ”ਜਾ, ਜਾ ਕੇ ਆਪਣੇ ਪਿਓ ਨਾਲ ਮਿਹਨਤ-ਮਜ਼ਦੂਰੀ ਕਰ ਜਾ ਕੇ। ਇੰਜੀਨੀਅਰਿੰਗ ਦੇ ਟੈਸਟ ‘ਚੋਂ ਅੱਗੇ ਨਾਕਾਮ ਹੋ ਚੁੱਕਾ ਏ। ਤੂੰ ਪਾਸ ਹੋ ਜਾਵੇਂਗਾ? ਜਾ ਮਿਹਨਤ- ਮਜ਼ਦੂਰੀ ਕਰ ਜਾ ਕੇ। ਉਧਰ ਕੋਠੇ-ਕੋਠੇ ਜਿੱਡੀਆਂ ਤੇਰੀਆਂ ਭੈਣਾਂ ਹਨ। ਦਿਹਾੜੀ-ਧੱਪਾ ਕਰ ਕੇ ਉਨ੍ਹਾਂ ਦੇ ਹੱਥ ਪੀਲੇ ਕਰਨ ਦੀ ਚਿੰਤਾ ਕਰ।”
ਪਰ ਦਰਸ਼ਨ ਨੇ ਇੱਕ ਤਰਲਾ ਹੋਰ ਲੈਂਦਿਆਂ ਕਿਹਾ, ”ਚਾਚਾ, ਰੱਬ ਦੀ ਸਹੁੰ, ਇੱਕ ਵਾਰੀ ਸਿਰਫ਼ ਪੰਜ ਸੌ ਰੁਪਏ ਦੇ-ਦੇ। ਪਾਈ-ਪਾਈ ਚੁਕਾ ਦੇਵਾਂਗਾ ਚਾਚਾ।”
ਸਰਪੰਚ ਦੇ ਨਾਲ ਖੜ੍ਹੀ ਉਸ ਦੀ ਪਤਨੀ ਨੇ ਕਿਹਾ, ”ਦੇ ਦੇਵੋ ਮੁੰਡੇ ਨੂੰ ਪੰਜ ਸੌ ਰੁਪਏ, ਕਿਹੜੀ ਆਖ਼ਰ ਆ ਗਈ ਏ। ਹੁੰਦਾ ਫ਼ੇਲ੍ਹ ਤਾਂ ਹੋ ਜਾਏ। ਪੰਜ ਸੌ ਰੁਪਏ ਨਾਲ ਕਿਹੜਾ ਫ਼ਰਕ ਪੈਣ ਲੱਗਾ ਏ। ਸ਼ਾਇਦ ਵਿੱਚਾਰਾ ਪਾਸ ਹੋ ਜਾਵੇ।”
ਦਰਸ਼ਨ ਨੇ ਕਿਹਾ, ”ਚਾਚੀ! ਮੈਂ ਤੇਰਾ ਅਹਿਸਾਨ ਸਾਰੀ ਉਮਰ ਨਹੀਂ ਭੁਲਾਂਗਾ। ਪੰਜ ਸੌ ਰੁਪਏ ਦੇ ਦਿਉ।” ਆਖ਼ਰ ਸਰਪੰਚਣੀ ਨੇ ਮੱਲੋ-ਜ਼ੋਰੀ ਪੰਜ ਸੌ ਰੁਪਏ ਉਸ ਨੂੰ ਦਿਵਾ ਦਿੱਤੇ।
ਬੱਸ ਫ਼ੇਰ ਕੀ ਸੀ। ਦਰਸ਼ਨ ਨੇ ਇੰਜੀਨੀਅਰਿੰਗ ਦੇ ਟੈਸਟ ਦਾ ਦਾਖਲਾ ਭਰ ਦਿੱਤਾ। ਕੁਝ ਮਹੀਨਿਆਂ ਬਾਅਦ ਉਸ ਦਾ ਟੈਸਟ ਹੋਣਾ ਸੀ। ਉਸ ਦਾ ਪਿਤਾ ਉਸ ਨੂੰ ਕੋਸਣ ਲੱਗਿਆ, ਪਰ ਦਰਸ਼ਨ ਦੀ ਮਾਂ ਦੇ ਕਹਿਣ ‘ਤੇ ਉਹ ਚੁੱਪ ਰਹਿਣ ਲੱਗ ਪਿਆ।
ਦਰਸ਼ਨ ਦੇ ਹਿਰਦੇ ਦੀ ਜਯੋਤੀ ਜਗ ਚੁੱਕੀ ਸੀ। ਉਸ ਨੂੰ ਸਾਰੀ-ਸਾਰੀ ਰਾਤ ਨੀਂਦ ਨਾ ਆਉਂਦੀ। ਉਹ ਦਿਨ-ਰਾਤ ਕਿਤਾਬਾਂ ਵਿੱਚ ਖੁੱਭਿਆ ਰਹਿੰਦਾ। ਸ਼ਾਇਦ ਹੀ ਉਹ ਰਾਤ ਨੂੰ ਘੰਟਾ-ਦੋ ਘੰਟੇ ਸੌਂਦਾ ਹੋਵੇ। ਉਹ ਦਿਨ ਰਾਤ ਇੱਕ ਕਮਰੇ ਵਿੱਚ ਬੰਦ ਰਹਿੰਦਾ। ਉਸ ਦੇ ਮਨ ਵਿੱਚ ਸੰਘਰਸ਼ ਅਤੇ ਸ਼ਕਤੀ ਦਾ ਸੰਕਲਪ ਘਰ ਕਰ ਚੁੱਕਿਆ ਸੀ।
ਆਖ਼ਰ ਟੈਸਟ ਦਾ ਦਿਨ ਆ ਗਿਆ। ਉਸ ਦਾ ਟੈਸਟ ਚੰਗਾ ਹੋ ਗਿਆ ਸੀ। ਉਹ ਆਪਣੇ ਪਿਉ ਨਾਲ ਮਜ਼ਦੂਰੀ ਕਰਨ ਜਾਣ ਲੱਗ ਪਿਆ। ਇਹ ਸੋਚ ਕੇ ਕਿ ਪਾਸ ਨਾ ਹੋਇਆ ਤਾਂ ਸਰਪੰਚ ਦੇ ਪੰਜ ਸੌ ਰੁਪਏ ਦੇਣੇ ਹਨ।
ਕੁਝ ਹਫ਼ਤਿਆਂ ਬਾਅਦ ਇੱਕ ਚਿੱਟੇ ਰੰਗ ਦੀ ਕਾਰ ਦੁਪਹਿਰ ਸਮੇਂ ਦਰਸ਼ਨ ਦੇ ਘਰ ਅੱਗੇ ਆ ਖੜ੍ਹੀ ਹੋਈ। ਦਰਸ਼ਨ ਤੇ ਉਸ ਦਾ ਬਾਪੂ ਪਿੰਡ ‘ਚ ਮਜ਼ਦੂਰੀ ਕਰਕੇ ਘਰ ਰੋਟੀ ਖਾਣ ਆਏ ਸਨ। ਦਰਵਾਜ਼ਾ ਦੇ ਖੜਕਣ ਦੀ ਆਵਾਜ਼ ਸੁਣ ਕੇ ਦਰਸ਼ਨ ਦਾ ਪਿਤਾ ਬਾਹਰ ਨਿਕਲਿਆ।
ਕਾਰ ਵਾਲਿਆਂ ਨੇ ਪੁੱਛਿਆ, ”ਦਰਸ਼ਨ ਕੁਮਾਰ ਇੱਥੇ ਰਹਿੰਦਾ ਹੈ?” ਉਸ ਦੇ ਪਿਤਾ ਨੇ ਕਿਹਾ, ”ਹਾਂ ਜੀ ਸਾਬ੍ਹ, ਇੱਥੇ ਹੀ ਰਹਿੰਦਾ ਹੈ।” ਇਹ ਕਹਿ ਕੇ ਉਹ ਅੰਦਰ ਦੌੜ ਆਇਆ, ਤੇ ਦਰਸ਼ਨ ਨੂੰ ਕਹਿਣ ਲੱਗਾ, ”ਓਏ ਕੀ ਕਾਰਨਾਮਾ ਕਰ ਕੇ ਆਇਆ ਏਂ? ਵੱਡੇ ਲੋਕ ਵੱਡੀ ਸਾਰੀ ਗੱਡੀ ‘ਚ ਤੈਨੂੰ ਲੈਣ ਆਏ ਨੇ। ਕੀ ਕਰਕੇ ਆਇਆ ਏਂ ਬਾਹਰ”
ਦਰਸ਼ਨ ਉੱਠ ਕੇ ਬਾਹਰ ਜਾਣ ਲੱਗਿਆ ਤਾਂ ਉਹ ਲੋਕ ਅੰਦਰ ਆ ਚੁੱਕੇ ਸਨ। ਉਨ੍ਹਾਂ ਕਿਹਾ, ”ਕਾਕਾ, ਦਰਸ਼ਨ ਕੁਮਾਰ ਤੁਹਾਡਾ ਹੀ ਨਾਮ ਹੈ? ਤੁਸੀਂ ਇੰਜੀਨੀਅਰਿੰਗ ਦੇ ਟੈਸਟ ‘ਚੋਂ ਰਾਜ ‘ਚ ਪਹਿਲੇ ਨੰਬਰ ‘ਤੇ ਆਏ ਹੋ। ਅਸੀਂ ਤੁਹਾਡੇ ਬਾਰੇ ਕੁਝ ਲਿਖਣ ਆਏ ਹਾਂ ਅਤੇ ਆਪਣੀਆਂ ਕੁਝ ਫ਼ੋਟੋਆਂ ਦਿਓ।”
”ਰਾਜ ਭਰ ‘ਚੋਂ ਪਹਿਲੇ ਨੰਬਰ ‘ਤੇ ਆਇਆ ਹਾਂ,” ਇਹ ਜਾਣ ਕੇ ਦਰਸ਼ਨ ਹੈਰਾਨ ਸੀ। ਉਸ ਨੂੰ ਇਤਬਾਰ ਨਹੀਂ ਸੀ ਆ ਰਿਹਾ। ਉਸ ਦੇ ਮਨ ਵਿੱਚ ਖ਼ੁਸ਼ੀ ਉਛਾਲੇ ਮਾਰਨ ਲੱਗੀ॥।ਜਿਵੇਂ ਉਹ ਹਵਾ ਵਿੱਚ ਉੱਡ ਰਿਹਾ ਹੋਵੇ। ਉਸ ਦਾ ਬਾਪੂ ਜਿਵੇਂ ਦਿਨੇ ਤਾਰੇ ਵੇਖ ਰਿਹਾ ਹੋਵੇ। ਉਸ ਦੀ ਮਾਂ ਅਤੇ ਭੈਣਾਂ ਖ਼ੁਸ਼ੀ ਵਿੱਚ ਖ਼ਾਮੋਸ਼ ਹੋ ਗਈਆਂ। ਜਿਵੇਂ{ਖ਼ੁਸ਼ੀ ਪ੍ਰਗਟ ਕਰਨੀ ਮੁਸ਼ਕਿਲ ਹੋਵੇ। ਕੋਈ ਠੰਢੀ ਹਵਾ ਵਾਲੀ ਅਚਾਨਕ ਖਿੜਕੀ ਖੁੱਲ੍ਹ ਗਈ ਹੋਵੇ। ਜੋ ਰੱਬ ਤੋਂ ਮੰਗਿਆ ਨਹੀਂ, ਉਸ ਨਾਲ ਰੱਬ ਨੇ ਅਚਾਨਕ ਝੋਲੀ ਭਰ ਦਿੱਤੀ ਹੋਵੇ। ਖ਼ੁਸ਼ੀ ਵਿੱਚ ਸਾਰਾ ਪਰਿਵਾਰ ਇੱਕ ਵੱਡੇ ਸਾਗਰ ਵਿੱਚ ਆਜ਼ਾਦ ਤਰਦੀਆਂ ਮੱਛੀਆਂ ਵਾਂਗ ਨਜ਼ਰ ਆ ਰਿਹਾ ਸੀ।
ਦਰਸ਼ਨ ਦੀ ਪ੍ਰਾਪਤੀ ਦੀ ਖ਼ੁਸ਼ਬੂ ਸਾਰੇ ਪਿੰਡ ਵਿੱਚ ਫ਼ੈਲ ਗਈ। ਕਣ-ਕਣ ਸੁਗੰਧਿਤ ਕਰ ਗਈ। ਸਰਪੰਚ ਤੇ ਸਰਪੰਚਣੀ ਨੂੰ ਵੀ ਪਤਾ ਚੱਲਿਆ। ਸਰਪੰਚ ਨੇ ਦਰਸ਼ਨ ਦੇ ਘਰ ਸਾਹਮਣੇ ਆਉਂਦੇ ਸਾਰ ਹੀ ਉੱਚੀ ਜਿਹੀ ਕਿਹਾ, ”ਓਏ ਮੁੰਡਿਓ। ਢੋਲ ਲਿਆਉ ਓਏ” ਢੋਲ ਦੇ ਡਗੇ ਆਸਮਾਨ ਛੂਹ ਗਏ। ਸਰਪੰਚ, ਪੰਚ ਕੀ ਸਾਰਾ ਪਿੰਡ ਨੱਚ ਉਠਿਆ। ਸਾਰੇ ਪਿੰਡ ਵਿੱਚ ਲੱਡੂ ਵੰਡੇ ਜਾ ਰਹੇ ਸਨ।
ਸਭ ਤੋਂ ਪਹਿਲਾਂ ਦਰਸ਼ਨ ਨੇ ਸਰਪੰਚੀ ਦੇ ਪੈਰੀਂ ਹੱਥ ਲਾਏ। ਉਸ ਨੇ ਦਰਸ਼ਨ ਨੂੰ ਅਸ਼ੀਰਵਾਦ ਦਿੱਤਾ ਅਤੇ ਗਲ ਨਾਲ ਲਗਾ ਕੇ ਕਿਹਾ, ”ਦਰਸ਼ਨ! ਪਿੰਡ ਦਾ ਨਾਂ ਰੌਸ਼ਨ ਕਰ ਦਿੱਤਾ ਏ ਤੂੰ ਬੱਚਿਆ।”
ਦਰਸ਼ਨ ਦੀ ਹਿਰਦੇ ਦੀ ਲੋਅ ਨੇ ਸੰਘਰਸ਼, ਸ਼ਕਤੀ ਤੇ ਵਿੱਦਿਅਕ ਤਪਸਿਆ ਨੂੰ ਸਾਰਥਿਕ ਰੂਪ ਦੇ ਦਿੱਤਾ ਸੀ, ਜਿਸ ਦੀ ਰੌਸ਼ਨੀ ਨਾਲ ਇਲਾਕਾ ਜਗਮਗਾਉਂਦਾ ਰਹੇਗਾ।
ਬਲਵਿੰਦਰ ਬਾਲਮ