ਜਦੋਂ ਤਕ ਫ਼ੈਸਲਾ ਨਹੀਂ ਮੰਨੋਗੇ ਤਦ ਤਕ IPL ਨਹੀਂ: ਲੋਢਾ ਕਮੇਟੀ

sports-news-300x150ਨਵੀਂ ਦਿੱਲੀ:ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਿੱਚ ਸੁਧਾਰਾਂ ਲਈ ਗਠਿਤ ਕੀਤੀ ਗਈ ਆਰ. ਐੱਸ. ਲੋਢਾ ਕਮੇਟੀ ਨੇ ਸੋਮਵਾਰ ਨੂੰ ਕਿਹਾ ਕਿ 21 ਅਕਤੂਬਰ ਨੂੰ ਦਿੱਤੇ ਗਏ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਜਲਦ ਲਾਗੂ ਕਰਨ ਸੰਬੰਧੀ ਹਲਫ਼ਨਾਮਾ ਜਦੋਂ ਤਕ ਜਮ੍ਹਾ ਨਹੀਂ ਹੋਵੇਗਾ ਤਦ ਤਕ ਬੋਰਡ ਨੂੰ ਆਈ. ਪੀ. ਐੱਲ. ਦੀ ਟੈਂਡਰ ਪ੍ਰਕਿਰਿਆ ਸ਼ੁਰੂ ਕਰਨ ਨਹੀਂ ਦਿੱਤੀ ਜਾਵੇਗੀ।
ਕਮੇਟੀ ਨੇ ਕਿਹਾ ਕਿ ਬੀ. ਸੀ. ਸੀ. ਆਈ. ਨੂੰ ਆਈ. ਪੀ. ਐੱਲ. ਟੈਂਡਰ ਪ੍ਰੀਕਿਰਿਆ ਨੂੰ ਅੱਗੇ ਵਧਾਉਣ ਦੇ ਹੁਕਮ ਦੇਣ ਲਈ ਇਹ ਹਲਫ਼ਨਾਮਾ ਜਮ੍ਹਾ ਕਰਵਾਉਣਾ ਜ਼ਰੂਰੀ ਹੈ। ਆਈ. ਪੀ. ਐੱਲ. ਵਿੱਚ ਟੈਲੀਵਿਜ਼ਨ, ਡਿਜ਼ੀਟਲ ਦੇ ਪ੍ਰਸਾਰਣ ਸੰਬੰਧੀ ਅਧਿਕਾਰ ਲਈ ਮੁੰਬਈ ਵਿੱਚ ਮੰਗਲਵਾਰ ਨੂੰ ਬੋਲੀ ਲਾਈ ਜਾਣੀ ਸੀ। ਬੀ. ਸੀ. ਸੀ. ਆਈ. ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਸੰਬੰਧ ਵਿੱਚ ਕਮੇਟੀ ਵਲੋਂ ਭੇਜੀ ਗਈ ਈ-ਮੇਲ ਨੂੰ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ ਹੈ ਪਰ ਅਜੇ ਤਕ ਇਸਦੀ ਪੁਸ਼ਟੀ ਨਹੀਂ ਹੋਈ ਹੈ ਕਿ ਬੋਰਡ ਨੇ ਇਸ ਟੈਂਡਰ ਪ੍ਰਕਿਰਿਆ ਨੂੰ ਮੁਅੱਤਲ ਕੀਤਾ ਹੈ ਜਾਂ ਨਹੀਂ।
ਸੁਪਰੀਮ ਕੋਰਟ ਨੇ ਬੀ. ਸੀ. ਸੀ. ਆਈ. ਨੂੰ ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਉਸ ਦੀ ਵਿੱਤੀ ਅਧਿਕਾਰੀ ਕਮੇਟੀ ਸੀਮਤ ਕਰਨ ਤੇ ਲੈਣ-ਦੇਣ ਦੀ ਜਾਂਚ ਲਈ ਆਜ਼ਾਦ ਆਡੀਟਰ ਨਿਯੁਕਤ ਕਰਨ ਦਾ ਹੁਕਮ ਦਿੱਤਾ ਸੀ। ਹੁਕਮ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਬੋਰਡ ਨੂੰ ਨਿਰਧਾਰਤ ਸੀਮਾ ਤੋਂ ਵੱਧ ਦੇ ਕਰਾਰ ਲਈ ਲੋਢਾ ਕਮੇਟੀ ਤੋਂ ਮਨਜ਼ੂਰੀ ਲੈਣੀ ਹੋਵੇਗੀ। ਅਦਾਲਤ ਦੇ ਹੁਕਮ ਦੇ ਤੁਰੰਤ ਬਾਅਦ ਬੀ. ਸੀ. ਸੀ. ਆਈ. ਨੇ ਲੋਢਾ ਕਮੇਟੀ ਨਾਲ ਸੰਪਰਕ ਕਰਕੇ ਆਈ. ਪੀ. ਐੱਲ. ਦੇ ਅਧਿਕਾਰ ਸੰਬੰਧੀ ਟੈਂਡਰ ਲਈ ਸਪੱਸ਼ਟੀਕਰਨ ਦੀ ਮੰਗ ਕੀਤੀ ਸੀ।
ਕਮੇਟੀ ਨੇ ਬੀ. ਸੀ. ਸੀ. ਆਈ. ਨੂੰ ਈ-ਮੇਲ ਵਿੱਚ ਕਿਹਾ, ”ਕਮੇਟੀ ਨੇ ਤੁਹਾਡੀ ਈ-ਮੇਲ ਪ੍ਰਾਪਤ ਕੀਤੀ ਹੈ। ਕਮੇਟੀ ਇਸ ਸੰਬੰਧ ਵਿੱਚ ਕੋਈ ਫ਼ੈਸਲਾ ਲਵੇਗੀ ਪਰ ਇਸ ਤੋਂ ਪਹਿਲਾਂ ਬੋਰਡ ਨੂੰ ਸੁਪਰੀਮ ਕੋਰਟ ਵਲੋਂ ਸ਼ੁੱਕਰਵਾਰ ਨੂੰ ਪਾਸ ਹੁਕਮ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਸੰਤੁਸ਼ਟ ਕਰਨਾ ਪਵੇਗਾ। ਕਮੇਟੀ ਲਈ ਕੋਰਟ ਦੇ ਹੁਕਮ ਨੂੰ ਪੂਰਾ ਕਰਨ ਸੰਬੰਧੀ ਇਹ ਪੱਤਰ ਬੋਰਡ ਵਲੋਂ ਜਮ੍ਹਾ ਕਰਵਾਇਆ ਜਾਣਾ ਜ਼ਰੂਰੀ ਹੈ।”

LEAVE A REPLY