ਜਥੇਦਾਰ ਵੱਲੋਂ ਸੁਖਬੀਰ ਬਾਦਲ ਬਾਰੇ ਛੇਤੀ ਹੀ ਸੁਣਾਇਆ ਜਾ ਸਕਦੈ ਫ਼ੈਸਲਾ

ਲੁਧਿਆਣਾ – ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਬਾਰੇ ਸੇਵਾ ਜਾਂ ਸਜ਼ਾ ਦਾ ਫ਼ੈਸਲਾ ਛੇਤੀ ਹੀ ਲਿਆ ਜਾ ਸਕਦਾ ਹੈ। ਜਥੇਦਾਰ ਸਾਹਿਬ ਨਵੰਬਰ ਦੇ ਪਹਿਲੇ ਹਫ਼ਤੇ ਮੀਟਿੰਗ ਬੁਲਾ ਕੇ ਕਿਸੇ ਵੇਲੇ ਵੀ ਸੁਣਾ ਸਕਦੇ ਹਨ।
ਇਸ ਦੀਆਂ ਚਰਚਾਵਾਂ ਸਿੱਖ ਹਲਕਿਆਂ ’ਚ ਹੋ ਰਹੀਆਂ ਹਨ। ਇਹ ਵੀ ਚਰਚਾ ਹੋ ਰਹੀ ਹੈ ਕਿ ਹੁਣ ਜਥੇਦਾਰ ਸ਼੍ਰੋਮਣੀ ਕਮੇਟੀ ਦਾ ਇਜਲਾਸ ਸੰਪੰਨ ਹੋਣ ’ਤੇ 2 ਦਿਨਾਂ ਬਾਅਦ ਦੀਵਾਲੀ ਅਤੇ ਬੰਦੀਛੋੜ ਦਿਹਾੜਾ ਲੰਘਣ ’ਤੇ ਸਾਰੇ ਕਾਰਜਾਂ ਤੋਂ ਸੁਰਖਰੂ ਹੋ ਜਾਣਗੇ, ਜਿਸ ਨੂੰ ਲੈ ਕੇ 10 ਨਵੰਬਰ ਤੋਂ ਪਹਿਲਾਂ-ਪਹਿਲਾਂ ਮੀਟਿੰਗ ਬੁਲਾ ਕੇ ਆਪਣਾ ਕੋਈ ਹੁਕਮ ਸੁਣਾ ਸਕਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਵੱਲੋਂ ਸੁਖਬੀਰ ਬਾਦਲ ਨੂੰ ਜ਼ਿਮਨੀ ਚੋਣਾਂ ਵਿਚ ਛੋਟ ਨਾ ਦੇਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ ਕਿਹਾ ਗਿਆ ਸੀ ਕਿ ਦੀਵਾਲੀ ਮਗਰੋਂ 5 ਸਿੰਘ ਸਾਹਿਬਾਨਾਂ ਦੀ ਮੀਟਿੰਗ ਸੱਦੇ ਜਾਣ ‘ਤੇ ਵਿਚਾਰ ਕੀਤੀ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਹੀ ਸੁਖਬੀਰ ਬਾਦਲ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਜਥੇਦਾਰਾਂ ਵੱਲੋਂ ਸੁਣਾਏ ਜਾਣ ਵਾਲੇ ਫ਼ੈਸਲੇ ’ਤੇ ਸਿੱਖ ਜਗਤ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ ਕਿ ਉਹ ਕਿਸ ਤਰ੍ਹਾਂ ਦਾ ਫ਼ੈਸਲਾ ਸੁਣਾਉਂਦੇ ਹਨ।