ਭੁਵਨੇਸ਼ਵਰ- ਓਡੀਸ਼ਾ ਦੇ ਭੁਵਨੇਸ਼ਵਰ ‘ਚ 2 ਚੋਰਾਂ ਨੇ ਇਕ ਘਰ ‘ਚ ਲੁੱਟਖੋਹ ਤੋਂ ਬਾਅਦ ਘਰ ਦੀ ਔਰਤ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਘਟਨਾ ਦੇ ਸਿਲਸਿਲੇ ‘ਚ 2 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ ਅਤੇ ਜਾਂਚ ਜਾਰੀ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੇਰ ਰਾਤ ਕਰੀਬ 2 ਵਜੇ ਸ਼ਹਿਰ ਦੇ ਮੈਤਰੀ ਵਿਹਾਰ ਇਲਾਕੇ ਦੀ ਹੈ। ਇਕ ਫਲੈਟ ‘ਚ ਔਰਤ ਆਪਣੀ 2 ਸਾਲਾ ਧੀ ਨਾਲ ਸੀ ਅਤੇ ਘਟਨਾ ਦੇ ਸਮੇਂ ਘਰ ‘ਚ ਕੋਈ ਪੁਰਸ਼ ਮੈਂਬਰ ਮੌਜੂਦ ਨਹੀਂ ਸੀ।
ਪੁਲਸ ਨੇ ਸ਼ੱਕ ਜਤਾਇਆ ਕਿ ਚੋਰ ਡੰਡੇ ਦੇ ਸਹਾਰੇ ਇਮਾਰਤ ਅੰਦਰ ਦਾਖ਼ਲ ਹੋਏ ਹੋਣਗੇ। ਸ਼ਿਕਾਇਤ ਅਨੁਸਾਰ ਚੋਰਾਂ ਨੇ ਪਹਿਲਾਂ ਚਾਕੂ ਦਿਖਾ ਕੇ ਔਰਤ ਦੇ ਗਹਿਣੇ ਅਤੇ ਮੋਬਾਇਲ ਫੋਨ ਲੁੱਟੇ। ਇਸ ਤੋਂ ਬਾਅਦ ਉਨ੍ਹਾਂ ਨੇ ਔਰਤ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਹ ਮਦਦ ਲਈ ਚੀਕੀ ਤਾਂ ਉਹ ਉਸ ਦੀ ਧੀ ਨੂੰ ਮਾਰ ਦੇਣਗੇ। ਪੁਲਸ ਨੇ ਦੱਸਿਆ ਕਿ ਔਰਤ ਇਕ ਨਿੱਜੀ ਕੰਪਨੀ ‘ਚ ਕੰਮ ਕਰਦੀ ਹੈ ਅਤੇ 10 ਦਿਨ ਪਹਿਲੇ ਹੀ ਫਲੈਟ ‘ਚ ਰਹਿਣ ਆਈ ਸੀ। ਅਪਾਰਟਮੈਂਟ ‘ਚ ਸੀ.ਸੀ.ਟੀ.ਵੀ. ਕੈਮਰਾ ਨਹੀਂ ਸੀ, ਇਸ ਲਈ ਅਧਿਕਾਰੀ ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਦੇ ਫੁਟੇਜ ਦੇਖ ਰਹੇ ਹਨ।