ਚੋਣ ਪ੍ਰਚਾਰ ਦੌਰਾਨ MP ਇੰਜੀਨੀਅਰ ਰਾਸ਼ਿਦ ਦੀ ਗੱਡੀ ‘ਤੇ ਹਮਲਾ

ਸ਼੍ਰੀਨਗਰ – ਬਾਰਾਮੂਲਾ ਦੇ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਦੀ ਪ੍ਰਚਾਰ ਗੱਡੀ ‘ਤੇ ਐਤਵਾਰ ਨੂੰ ਇਕ ਹਮਲਾਵਰ ਨੇ ਹਮਲਾ ਕਰ ਦਿੱਤਾ। ਹਮਲਾਵਰ ਨੇ ਗੱਡੀ ਦੇ ਬੋਨਟ ਅਤੇ ਸਾਹਮਣੇ ਦੇ ‘ਵਿੰਡਸ਼ੀਲਡ’ ‘ਤੇ ਪੈਰ ਰੱਖਿਆ, ਜਿਸ ਨਾਲ ਸ਼ੀਸ਼ੇ ਨੁਕਸਾਨੇ ਗਏ। ਇੰਜੀਨੀਅਰ ਰਾਸ਼ਿਦ ਦੇ ਨਾਂ ਨਾਲ ਚਰਚਿਤ ਸ਼ੇਖ ਅਬਦੁੱਲ ਰਾਸ਼ਿਦ (57) ਘਟਨਾ ਦੇ ਸਮੇਂ ਕਾਰ ‘ਚ ਸਨ ਪਰ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ।
ਉੱਤਰੀ ਕਸ਼ਮੀਰ ‘ਚ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕੁਪਵਾੜਾ ਜ਼ਿਲ੍ਹੇ ਦੇ ਲੰਗੇਟ ਇਲਾਕੇ ‘ਚ ਕਾਰ ‘ਤੇ ਹਮਲਾ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਹਮਲੇ ਦੀ ਵੀਡੀਓ ‘ਚ ਇਕ ਵਿਅਕਤੀ ਵਾਹਨ ਦੇ ਬੋਨਟ ਅਤੇ ਸਾਹਮਣੇ ਦੇ ਵਿੰਡਸ਼ੀਲਡ ‘ਤੇ ਚੜ੍ਹ ਕੇ ਉਸ ਨੂੰ ਤੋੜਦਾ ਹੋਇਆ ਦਿਖਾਈ ਦੇ ਰਿਹਾ ਹੈ। ਰਾਸ਼ਿਦ ਦੀ ਅਵਾਮੀ ਇਤੇਹਾਦ ਪਾਰਟੀ ਨੇ ਅਜੇ ਤੱਕ ਇਸ ਘਟਨਾ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਸੂਤਰਾਂ ਅਨੁਸਾਰ, ਹਮਲਾਵਰ ਸੰਸਦ ਮੈਂਬਰ ਦਾ ਸਾਬਕਾ ਸਹਿਯੋਗੀ ਹੈ ਅਤੇ ਅਪ੍ਰੈਲ-ਮਈ ‘ਚ ਉਨ੍ਹਾਂ ਦੀਆਂ ਲੋਕ ਸਭਾ ਚੋਣਾਂ ਮੁਹਿੰਮ ‘ਚ ਮਹੱਤਵਪੂਰਨ ਭੂਮਿਕਾ ਨਿਭਾ ਚੁੱਕਿਆ ਹੈ ਪਰ ਉਸ ਦੇ ਬਾਅਦ ਤੋਂ ਉਹ ਉਨ੍ਹਾਂ ਤੋਂ ਵੱਖ ਹੋ ਗਿਆ ਹੈ।