ਓਕਵਿਲ: ਭਾਰਤ ‘ਚ ਅਪ੍ਰੈਲ ਅਤੇ ਮਈ ਦੇ ਮਹੀਨਿਆਂ ‘ਚ ਹੋਣ ਵਾਲੀਆਂ ਆਮ ਚੋਣਾਂ ਕਾਰਨ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਆਗ਼ਾਮੀ ਸੀਜ਼ਨ ਸੰਯੁਕਤ ਅਰਬ ਅਮੀਰਾਤ (UAE) ‘ਚ ਤਬਦੀਲ ਹੋ ਸਕਦਾ ਹੈ। ਵੈਸੇ ਵੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਹੁਣ ਤਕ ਟੂਰਨਾਮੈਂਟ ਦੇ ਪਹਿਲੇ 21 ਮੈਚਾਂ ਦੇ ਸਕੈਜੂਅਲ ਦਾ ਐਲਾਨ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਹਾਲ BCCI ਅਧਿਕਾਰੀ IPL 2024 ਦੇ ਦੂਜੇ ਭਾਗ ਨੂੰ UAE ‘ਚ ਸ਼ਿਫ਼ਟ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਦੁਬਈ ‘ਚ ਹਨ।
ਰਿਪੋਰਟਾਂ ਆ ਰਹੀਆਂ ਹਨ ਕਿ IPL ਟੀਮਾਂ ਨੇ ਖਿਡਾਰੀਆਂ ਨੂੰ ਆਪਣੇ ਪਾਸਪੋਰਟ ਜਮ੍ਹਾਂ ਕਰਾਉਣ ਲਈ ਕਿਹਾ ਹੈ। ਇਸ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਵੀਜ਼ਿਆਂ ਸਬੰਧੀ ਕੰਮ ਚੱਲ ਰਿਹਾ ਹੈ। BCCI ਫ਼ਿਲਹਾਲ ਆਮ ਚੋਣਾਂ ਦੀ ਤਰੀਕ ਨੂੰ ਦੇਖ ਰਿਹਾ ਹੈ। ਜੇਕਰ ਸਕੈਜੂਅਲ ਫ਼ਿੱਟ ਨਹੀਂ ਹੁੰਦਾ ਤਾਂ IPL ਨੂੰ UAE ਟਰਾਂਸਫ਼ਰ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 2009 ‘ਚ ਲੋਕ ਸਭਾ ਚੋਣਾਂ ਕਾਰਨ ਦੱਖਣੀ ਅਫ਼ਰੀਕਾ ‘ਚ ਪੂਰਾ IPL ‘ਚ ਸ਼ਿਫ਼ਟ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਦੀ ਸਥਿਤੀ 2019 ‘ਚ ਪੈਦਾ ਹੋਈ ਸੀ ਜਦੋਂ ਟੂਰਨਾਮੈਂਟ ਦਾ ਪਹਿਲਾ ਹਿੱਸਾ UAE ‘ਚ ਆਯੋਜਿਤ ਕੀਤਾ ਗਿਆ ਸੀ।
ਇੰਨਾ ਹੀ ਨਹੀਂ, ਸਾਲ 2020 ‘ਚ ਕੋਵਿਡ ਕਾਰਨ ਸੰਯੁਕਤ ਅਰਬ ਅਮੀਰਾਤ ‘ਚ ਪੂਰਾ IPL 2021 ਦੇ ਦੂਜੇ ਭਾਗ ‘ਚ ਵੀ ਅਜਿਹਾ ਹੀ ਹੋਇਆ ਸੀ। ਟੂਰਨਾਮੈਂਟ ਦਾ ਪਹਿਲਾ ਮੈਚ 22 ਮਾਰਚ ਨੂੰ ਚੇਨੱਈ ‘ਚ ਰੌਇਲ ਚੈਲੰਜਰਜ਼ ਬੈਂਗਲੁਰੂ ਅਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। BCCI ਨੇ ਫ਼ਿਲਹਾਲ 7 ਅਪ੍ਰੈਲ ਤਕ ਦਾ ਪ੍ਰੋਗਰਾਮ ਐਲਾਨਿਆ ਹੈ ਜਿਸ ‘ਚ ਸਾਰੀਆਂ ਟੀਮਾਂ ਘੱਟੋ-ਘੱਟ 4-4 ਮੈਚ ਖੇਡਣਗੀਆਂ ਅਤੇ ਕੁੱਝ ਨੂੰ 5-5 ਮੈਚ ਵੀ ਖੇਡਣ ਨੂੰ ਮਿਲਣਗੇ।