ਨਵੀਂ ਦਿੱਲੀ – ਦਿੱਲੀ ਸਰਕਾਰ ਦੇ ਸੁਤੰਤਰਤਾ ਦਿਵਸ ਸਮਾਰੋਹ ‘ਤੇ ਝੰਡਾ ਕੌਣ ਲਹਿਰਾਏਗਾ, ਇਸ ‘ਤੇ ਚੱਲ ਰਹੇ ਵਿਵਾਦ ਵਿਚਕਾਰ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਉਪ ਰਾਜਪਾਲ ਵੀਕੇ ਸਕਸੈਨਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੁਣੇ ਹੋਏ ਮੰਤਰੀ ਵਲੋਂ ਅਜਿਹਾ ਕਰਨ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਦਿੱਲੀ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ (ਜੀਏਡੀ) ਨੇ ਆਪਣੇ ਹੀ ਮੰਤਰੀ ਗੋਪਾਲ ਰਾਏ ਦੇ ਇਸ ਨਿਰਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਪ ਰਾਜਪਾਲ ਨੂੰ ਲਿਖੇ ਪੱਤਰ ਅਨੁਸਾਰ ਸਿੱਖਿਆ ਮੰਤਰੀ ਆਤਿਸ਼ੀ ਵੱਲੋਂ ਝੰਡਾ ਲਹਿਰਾਉਣ ਦੇ ਪ੍ਰਬੰਧ ਕੀਤਾ ਜਾਵੇ।
ਹਾਲਾਂਕਿ ਉਪ ਰਾਜਪਾਲ ਦੇ ਦਫ਼ਤਰ ਨੇ ਕਿਹਾ ਹੈ ਕਿ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਵਿੱਚ ਬੰਦ ਕੇਜਰੀਵਾਲ ਵੱਲੋਂ ਕੋਈ ਪੱਤਰ ਨਹੀਂ ਮਿਲਿਆ ਹੈ। ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਵੱਲੋਂ ਲਿਖਿਆ ਗਿਆ ਪੱਤਰ ਉਪ ਰਾਜਪਾਲ ਨੂੰ ਇਸ ਲਈ ਨਹੀਂ ਭੇਜਿਆ ਗਿਆ, ਕਿਉਂਕਿ ਜੇਲ੍ਹ ਦੇ ਨਿਯਮਾਂ ਮੁਤਾਬਕ ਇਸ ਦੀ ਇਜਾਜ਼ਤ ਨਹੀਂ ਸੀ। ਸਿਸੋਦੀਆ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਆਜ਼ਾਦੀ ਦਿਵਸ ਮੌਕੇ ਅਜਿਹੀ ਸੌੜੀ ਰਾਜਨੀਤੀ ਕੀਤੀ ਜਾ ਰਹੀ ਹੈ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ, “ਮੈਂ ਅਖ਼ਬਾਰਾਂ ਵਿੱਚ ਪੜ੍ਹਦਾ ਹਾਂ ਕਿ ਜਦੋਂ ਇੱਕ ਠੱਗ ਸੁਕੇਸ਼ ਪੱਤਰ ਲਿਖਦਾ ਹੈ, ਤਾਂ ਤਿਹਾੜ ਪ੍ਰਸ਼ਾਸਨ ਇਸਨੂੰ ਲੈਫਟੀਨੈਂਟ ਗਵਰਨਰ ਦੇ ਦਫ਼ਤਰ ਪਹੁੰਚਾ ਦਿੰਦਾ ਹੈ। ਉਪ ਰਾਜਪਾਲ ਵੀ ਇਸ ‘ਤੇ ਤੁਰੰਤ ਕਾਰਵਾਈ ਕਰਦੇ ਹਨ ਪਰ ਜਦੋਂ ਦਿੱਲੀ ਦੇ ਮੁੱਖ ਮੰਤਰੀ ਪੱਤਰ ਲਿਖਦੇ ਹਨ, ਤਾਂ ਉਪ ਰਾਜਪਾਲ ਤਿਹਾੜ ਦੇ ਅਧਿਕਾਰੀਆਂ ਨੂੰ ਕਹਿੰਦੇ ਹਨ ਕਿ ਇਸ ਨੂੰ ਉਹ ਨਾ ਭੇਜਣ।” ਉਨ੍ਹਾਂ ਕਿਹਾ ਕਿ ਉਪ ਰਾਜਪਾਲ ਦੇ ਦਫ਼ਤਰ ਨੂੰ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਦਫ਼ਤਰ ਨੂੰ ਕਹਿਣਾ ਚਾਹੀਦਾ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਦਾ ਪੱਤਰ ਭੇਜਿਆ ਜਾਵੇ।
ਉਹਨਾਂ ਨੇ ਕਿਹਾ ਕਿ ਪਰ ਉਹਨਾਂ ਨੂੰ ਆਜ਼ਾਦੀ ਜਾਂ ਦੇਸ਼ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਸੁਕੇਸ਼ ਵਰਗੇ ਲੋਕ ਉਹਨਾਂ ਨੂੰ ਪਿਆਰੇ ਹਨ। ਸਿਸੋਦੀਆ ਨੇ ਕਿਹਾ ਕਿ ਚੁਣੀ ਹੋਈ ਸਰਕਾਰ ਜਾਂ ਕਿਸੇ ਵੀ ਮੰਤਰੀ ਨੂੰ ਝੰਡਾ ਲਹਿਰਾਉਣਾ ਚਾਹੀਦਾ ਹੈ। ਰਵਾਇਤ ਅਨੁਸਾਰ ਦਿੱਲੀ ਸਰਕਾਰ ਦੇ ਸੁਤੰਤਰਤਾ ਦਿਵਸ ਸਮਾਗਮਾਂ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੇ ਝੰਡਾ ਲਹਿਰਾਉਣਾ ਹੁੰਦਾ ਹੈ ਪਰ ਉਹ ਇਸ ਵੇਲੇ ਆਬਕਾਰੀ ਨੀਤੀ ਨਾਲ ਸਬੰਧਤ ਇੱਕ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਹਨ।