ਢਾਕਾ- ਬੰਗਲਾਦੇਸ਼ ’ਚ ਇਸਕਾਨ ਦੇ ਧਰਮਗੁਰੂ ਚਿਨਮਯ ਕ੍ਰਿਸ਼ਨ ਦਾਸ ਪ੍ਰਭੂ ਦੀ ਗ੍ਰਿਫਤਾਰੀ ’ਤੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ’ਤੇ ਬੰਗਲਾਦੇਸ਼ ਨੇ ਪ੍ਰਤੀਕਿਰਿਆ ਦਿੱਤੀ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫਤਾਰੀ ਦੇ ਤੱਥਾਂ ਨੂੰ ਕੁਝ ਲੋਕਾਂ ਨੇ ਗਲਤ ਢੰਗ ਨਾਲ ਪੇਸ਼ ਕੀਤਾ ਹੈ, ਸਗੋਂ ਇਹ ਦੋਵਾਂ ਗੁਆਂਢੀ ਦੇਸ਼ਾਂ ਦੀ ਦੋਸਤੀ ਅਤੇ ਆਪਸੀ ਸਮਝ ਦੀ ਭਾਵਨਾ ਦੇ ਵੀ ਉਲਟ ਹੈ। ਭਾਰਤ ਦਾ ਇਹ ਬਿਆਨ ਬੇਬੁਨਿਆਦ ਹੈ। ਬੰਗਲਾਦੇਸ਼ ਸਰਕਾਰ ਫਿਰ ਤੋਂ ਇਹ ਦੁਹਰਾਉਣਾ ਚਾਹੁੰਦੀ ਹੈ ਕਿ ਦੇਸ਼ ਦੀ ਨਿਆਂਪਾਲਿਕਾ ਪੂਰੀ ਤਰ੍ਹਾਂ ਆਜ਼ਾਦ ਹੈ ਅਤੇ ਸਰਕਾਰ ਉਸ ਦੇ ਕੰਮਕਾਜ ਵਿਚ ਦਖਲ ਨਹੀਂ ਦਿੰਦੀ। ਇਸ ਤੋਂ ਪਹਿਲਾਂ ਭਾਰਤ ਨੇ ਚਿਨਮਯ ਪ੍ਰਭੂ ਦੀ ਗ੍ਰਿਫਤਾਰੀ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ।
ਇਸਕਾਨ ’ਤੇ ਪਾਬੰਦੀ ਲਗਾਉਣ ਦੀ ਪਟੀਸ਼ਨ ’ਤੇ ਸੁਣਵਾਈ ਕਰੇਗੀ ਹਾਈਕੋਰਟ
ਬੰਗਲਾਦੇਸ਼ ਹਾਈ ਕੋਰਟ ’ਚ ਇਸਕਾਨ ’ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਇਕ ਪਟੀਸ਼ਨ ਦਾਇਰ ਕੀਤੀ ਗਈ। ਇਸ ਪਟੀਸ਼ਨ ’ਚ ਸੰਸਥਾ ’ਤੇ ਪਾਬੰਦੀ ਲਗਾਉਣ ਦੇ ਨਾਲ-ਨਾਲ ਚਟਗਾਂਵ ’ਚ ਐਮਰਜੈਂਸੀ ਐਲਾਨਣ ਦੀ ਵੀ ਮੰਗ ਕੀਤੀ ਗਈ ਸੀ। ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਅਦਾਲਤ ਨੇ ਸਰਕਾਰ ਨੂੰ ਇਸ ਮਾਮਲੇ ਨਾਲ ਜੁੜੀਆਂ ਜਾਣਕਾਰੀਆਂ ਅਤੇ ਇਸਕਾਨ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਰਿਪੋਰਟ ਦੇਣ ਲਈ ਕਿਹਾ ਹੈ। ਦੂਜੇ ਪਾਸੇ ਚਟਗਾਂਵ ਮੈਟ੍ਰੋਪੋਲੀਟਨ ਪੁਲਸ ਨੇ ਵਕੀਲ ਸੈਫੁਲ ਇਸਲਾਮ ਦੇ ਕਤਲ ਮਾਮਲੇ ਵਿਚ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਤੋਂ ਇਲਾਵਾ ਅਦਾਲਤੀ ਕੰਪਲੈਕਸ ’ਚ ਭੰਨਤੋੜ ਦੇ ਦੋਸ਼ਾਂ ਤਹਿਤ 30 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਵਾਮੀ ਲੀਗ ਦੇ ਵਿਦਿਆਰਥੀ ਵਿੰਗ ਦੇ 6 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।