ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ 1993 ਦੇ ਇਕ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਓਮ ਪ੍ਰਕਾਸ਼ ਸ਼੍ਰੀਵਾਸਤਵ ਉਰਫ਼ ਬਬਲੂ ਸ਼੍ਰੀਵਾਸਤਵ ਦੀ ਸਮੇਂ ਤੋਂ ਪਹਿਲਾਂ ਰਿਹਾਈ ’ਤੇ 2 ਮਹੀਨਿਆਂ ਦੇ ਅੰਦਰ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਨੋਂਗਮੇਇਕਾਪਮ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਰਾਜ ਸਰਕਾਰ ਨੂੰ ਭਾਰਤੀ ਸਿਵਲ ਸੁਰੱਖਿਆ ਸੰਹਿਤਾ (ਬੀ. ਐੱਨ. ਐੱਸ. ਐੱਸ.), 2023 ਦੀ ਧਾਰਾ 473 ਦੀ ਉਪ-ਧਾਰਾ (1) ਦੇ ਤਹਿਤ ਛੋਟ ਦੇਣ ਦੀ ਅਪੀਲ ਕਰਨ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਦਾ ਨਿਰਦੇਸ਼ ਦਿੱਤਾ।
ਹੁਕਮ ਵਿਚ ਕਿਹਾ ਗਿਆ ਹੈ ਕਿ ਪਟੀਸ਼ਨਰ 28 ਸਾਲ ਤੋਂ ਵੱਧ ਦੀ ਅਸਲ ਸਜ਼ਾ ਕੱਟ ਚੁੱਕਾ ਹੈ, ਇਸ ਲਈ ਵੱਧ ਤੋਂ ਵੱਧ 2 ਮਹੀਨੇ ਦੀ ਮਿਆਦ ਅੰਦਰ ਉਚਿਤ ਹੁਕਮ ਪਾਸ ਕੀਤਾ ਜਾਵੇ। ਬਰੇਲੀ ਕੇਂਦਰੀ ਜੇਲ ਵਿਚ ਬੰਦ ਸ਼੍ਰੀਵਾਸਤਵ ਕਦੇ ਕਥਿਤ ਤੌਰ ’ਤੇ ਮਾਫੀਆ ਮਾਸਟਰ ਮਾਈਂਡ ਦਾਊਦ ਇਬ੍ਰਾਹਿਮ ਦਾ ਸਹਿਯੋਗੀ ਸੀ ਅਤੇ ਬਾਅਦ ’ਚ ਉਸ ਦਾ ਦੁਸ਼ਮਣ ਬਣ ਗਿਆ। ਉਸ ਨੂੰ ਇਲਾਹਾਬਾਦ ਵਿਚ ਕਸਟਮ ਅਧਿਕਾਰੀ ਐੱਲ. ਡੀ. ਅਰੋੜਾ ਦੇ ਕਤਲ ਕੇਸ ਵਿਚ ਕਾਨਪੁਰ ਦੀ ਇਕ ਵਿਸ਼ੇਸ਼ ਟਾਡਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।