ਗਿੱਪੀ ਗਰੇਵਾਲ ਵਲੋਂ ਸ਼ਿੰਦਾ ਸ਼ਿੰਦਾ ਨੋ ਪਾਪਾ ਦਾ ਪੋਸਟਰ ਜਾਰੀ

ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਅੱਜ ਆਪਣੀ ਆਉਣ ਵਾਲੀ ਪਰਿਵਾਰਕ ਮਨੋਰੰਜਨ ਵਾਲੀ ਫ਼ਿਲਮ ਸ਼ਿੰਦਾ ਸ਼ਿੰਦਾ ਨੋ ਪਾਪਾ ਦਾ ਪਹਿਲਾ ਪੋਸਟਰ ਜਾਰੀ ਕੀਤਾ ਹੈ। ਇਸ ਫ਼ਿਲਮ ‘ਚ ਉਸ ਦਾ ਬੇਟਾ ਸ਼ਿੰਦਾ ਅਤੇ ਅਦਾਕਾਰਾ ਹਿਨਾ ਖ਼ਾਨ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਬਿੱਗ ਬੌਸ ਸੀਜ਼ਨ-11 ਦੀ ਮੁਕਾਬਲੇਬਾਜ਼ ਹਿਨਾ ਖ਼ਾਨ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਫ਼ਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਜਿਸ ‘ਚ ਗਿੱਪੀ ਅਤੇ ਹਿਨਾ ਇੱਕ ਦਰਵਾਜ਼ੇ ਪਿੱਛੇ ਲੁਕੇ ਦਿਖਾਈ ਦੇ ਰਹੇ ਹਨ ਅਤੇ ਉਸ ਦਾ ਬੇਟਾ ਸ਼ਿੰਦਾ ਦਰਵਾਜ਼ਾ ਦੇ ਵਿਚਕਾਰ ਖੜ੍ਹਾ ਹੈ।
ਪੋਸਟਰ ‘ਚ ਗਿੱਪੀ ਨੇ ਸੰਤਰੀ ਟੀ-ਸ਼ਰਟ ਅਤੇ ਕਾਲੀ ਜੀਨਜ਼ ਪਹਿਨੇ ਹੋਏ ਹਨ। ਉਸ ਨੇ ਪੋਸਟ ਸਾਂਝੀ ਕਰਦਿਆਂ ਆਖਿਆ, “ਸ਼ਿੰਦਾ ਸ਼ਿੰਦਾ ਨੋ ਪਾਪਾ ਦੀ ਪਹਿਲੀ ਝਲਕ ਜਾਰੀ। ਅਗਾਮੀ 10 ਮਈ ਨੂੰ ਸਿਨੇਮਾ ਘਰਾਂ ‘ਚ ਮਿਲਦੇ ਹਾਂ।” ਪੋਸਟਰ ਦੇ ਜਾਰੀ ਹੋਣ ਤੋਂ ਬਾਅਦ ਹਿਨਾ ਦੇ ਪ੍ਰਸ਼ੰਸਕਾਂ ਨੇ ਪਿਆਰ ਭਰੀਆਂ ਟਿਪਣੀਆਂ ਕੀਤੀਆਂ ਅਤੇ ਉਸ ਦੀ ਪਹਿਲੀ ਪੰਜਾਬੀ ਫ਼ਿਲਮ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਫ਼ਿਲਮ ਅਮਰਪ੍ਰੀਤ ਜੀ. ਐੱਸ. ਛਾਬੜਾ ਦੇ ਨਿਰਦੇਸ਼ਨ ਹੇਠ ਬਣੀ ਹੈ ਜਿਸ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਅਤੇ ਗਿੱਪੀ ਅਤੇ ਰਵਨੀਤ ਕੌਰ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ। ਇਹ ਫ਼ਿਲਮ ਸਿਨੇਮਾ ਘਰਾਂ ‘ਚ 10 ਮਈ ਨੂੰ ਰਿਲੀਜ਼ ਕੀਤੀ ਜਾਵੇਗੀ।