ਗਹਿਰਾਈਆਂ 11 ਫ਼ਰਵਰੀ ਨੂੰ ਐਮੇਜ਼ੌਨ ਪ੍ਰਾਈਮ ‘ਤੇ ਹੋਵੇਗੀ ਰੀਲੀਜ਼

ਐਮੇਜ਼ੌਨ ਪ੍ਰਾਈਮ ਵੀਡੀਓ ਵਲੋਂ ਐਮੇਜ਼ੌਨ ਔਰਿਜਨਲ ਫ਼ਿਲਮ ਗਹਿਰਾਈਆਂ ਦੇ ਛੇ ਨਵੇਂ ਪੋਸਟਰ ਰਿਲੀਜ਼ ਕੀਤੇ ਗਏ ਹਨ ਜਿਨ੍ਹਾਂ ਦਾ ਦਰਸ਼ਕਾਂ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਪ੍ਰਤਿਭਾਵਾਨ ਨਿਰਦੇਸ਼ਕ ਸ਼ਕੁਨ ਬੱਤਰਾ ਦੇ ਨਿਰਦੇਸ਼ਨ ‘ਚ ਬਣੀ ਇਸ ਫ਼ਿਲਮ ‘ਚ ਅਜੋਕੇ ਜ਼ਮਾਨੇ ਦੇ ਰਿਸ਼ਤਿਆਂ ਦੀਆਂ ਉਲਝਣਾਂ ਅਤੇ ਉਨ੍ਹਾਂ ਦੀਆਂ ਅੰਦਰੂਨੀ ਪਰਤਾਂ, ਨੌਜਵਾਨਾਂ ਦੇ ਜੀਵਨ ਦੇ ਖ਼ਾਸ ਪਹਿਲੂਆਂ ਅਤੇ ਮੁਕਤ ਹੋ ਕੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਊਣ ਦੀ ਇੱਛਾ ਰੱਖਣ ਵਾਲਿਆਂ ਨੂੰ ਬਾਖ਼ੂਬੀ ਦਿਖਾਇਆ ਗਿਆ ਹੈ।
ਫ਼ਿਲਮ ਦੀ ਮੁੱਖ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਜਨਮਦਿਨ ਦੇ ਖ਼ਾਸ ਮੌਕੇ ‘ਤੇ ਰਿਲੀਜ਼ ਕੀਤੇ ਗਏ ਨਵੇਂ ਪੋਸਟਰਾਂ ਅਨੁਸਾਰ ਸਾਰੇ ਕਿਰਦਾਰਾਂ ਨੂੰ ਵੱਖ-ਵੱਖ ਦਰਸਾਉਣ ਵਾਲੇ ਬੇਹੱਦ ਮਨਮੋਹਕ ਪੋਸਟਰਾਂ ਦੇ ਨਾਲ-ਨਾਲ ਦੀਪਿਕਾ ਅਤੇ ਸਿਧਾਂਤ ਦਾ ਦਿਲ ਨੂੰ ਛੂਹ ਜਾਣ ਵਾਲਾ ਇੱਕ ਪੋਸਟਰ ਅਤੇ ਸਾਰੇ ਕਲਾਕਾਰਾਂ ਦਾ ਸਾਂਝਾ ਪੋਸਟਰ ਸ਼ਾਮਿਲ ਹਨ। ਫ਼ਿਲਮ ਪ੍ਰਤੀ ਬੇਸਬਰੀ ਹੋਰ ਵਧਾਉਣ ਵਾਲੇ ਇਹ ਸਾਰੇ ਪੋਸਟਰ ਦਰਸ਼ਕਾਂ ਦੇ ਮਨਾਂ ‘ਚ ਇਸ ਰਿਲੇਸ਼ਨਸ਼ਿਪ ਡਰਾਮੇ ਨੂੰ ਦੇਖਣ ਦੀ ਲਾਲਸਾ ਜਗਾਉਂਦੇ ਹਨ।
ਦੀਪਿਕਾ ਪਾਦੁਕੋਣ ਨੇ ਸਭ ਤੋਂ ਪਹਿਲਾਂ ਆਪਣੇ ਪ੍ਰਸ਼ੰਸਕਾਂ ਲਈ ਇਨ੍ਹਾਂ ਪੋਸਟਰਾਂ ਨੂੰ ਸਾਂਝਾ ਕੀਤਾ। ਉਸ ਨੇ ਲਿਖਿਆ, ”ਤੁਹਾਡੇ ਸਾਰਿਆਂ ਦੇ ਭਰਪੂਰ ਪਿਆਰ ਲਈ ਇਸ ਖ਼ਾਸ ਦਿਨ ‘ਤੇ ਤੁਹਾਡੇ ਲਈ ਇੱਕ ਖ਼ਾਸ ਤੋਹਫ਼ਾ ਹੈ ਇਹ ਫ਼ਿਲਮ।”ਫ਼ਿਲਮ ‘ਚ ਦੀਪਿਕਾ ਪਾਦੁਕੋਣ, ਸਿਧਾਂਤ ਚਤੁਰਵੇਦੀ ਅਤੇ ਅਨਨਿਆ ਪਾਂਡੇ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਨਾਲ ਹੀ ਧੈਰਿਆ ਕਰਵਾ, ਨਸੀਰੂਦੀਨ ਸ਼ਾਹ ਅਤੇ ਰਜਤ ਕਪੂਰ ਨੇ ਵੀ ਇਸ ‘ਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਐਕਸਕਲੂਸਿਵ ਵਰਲਡ ਪ੍ਰੀਮੀਅਰ 11 ਫ਼ਰਵਰੀ 2022 ਨੂੰ ਹੋਵੇਗਾ।