ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ‘ਤੇ ਅਸਿੱਧੇ ਤੌਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜੇ ਲੋਕ ਗਰੀਬਾਂ ਦੀਆਂ ਝੌਂਪੜੀਆਂ ‘ਚ ਫੋਟੋ ਸੈਸ਼ਨ ਕਰਵਾ ਕੇ ਆਪਣਾ ਮਨੋਰੰਜਨ ਕਰਦੇ ਹਨ, ਉਨ੍ਹਾਂ ਨੂੰ ਸੰਸਦ ‘ਚ ਗਰੀਬਾਂ ਦੀ ਗੱਲ ਬੋਰਿੰਗ ਹੀ ਲੱਗੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਲਿਆਂਦੇ ਗਏ ਧੰਨਵਾਦ ਪ੍ਰਸਤਾਵ ‘ਤੇ ਚਰਚਾ ਦਾ ਜਵਾਬ ਦਿੰਦੇ ਹੋਏ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗਰੀਬਾਂ ਨੂੰ ਅਸਲੀ ਵਿਕਾਸ ਦਿੱਤਾ ਹੈ, ਝੂਠੇ ਨਾਅਰੇ ਨਹੀਂ। ਉਨ੍ਹਾਂ ਕਿਹਾ,”ਇਹ ਮੇਰਾ ਵੱਡਾ ਸੁਭਾਗ ਹੈ ਕਿ ਦੇਸ਼ ਦੇ ਲੋਕਾਂ ਨੇ ਮੈਨੂੰ 14ਵੀਂ ਵਾਰ ਰਾਸ਼ਟਰਪਤੀ ਦਾ ਧੰਨਵਾਦ ਕਰਨ ਦਾ ਮੌਕਾ ਦਿੱਤਾ ਹੈ। ਮੈਂ ਭਾਰਤ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਭਵਿੱਖ ਦੇ 25 ਸਾਲ ਅਤੇ ਵਿਕਸਿਤ ਭਾਰਤ ਲਈ ਇਕ ਨਵਾਂ ਵਿਸ਼ਵਾਸ ਜਗਾਉਣ ਦੀ ਗੱਲ ਕੀਤੀ ਹੈ।
ਪੀ.ਐੱਮ. ਮੋਦੀ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਦਾ ਸੰਬੋਧਨ ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤੀ ਦੇਣ ਵਾਲਾ, ਨਵਾਂ ਵਿਸ਼ਵਾਸ ਪੈਦਾ ਕਰਨ ਵਾਲਾ ਅਤੇ ਆਮ ਲੋਕਾਂ ਨੂੰ ਪ੍ਰੇਰਿਤ ਕਰਨ ਵਾਲਾ ਹੈ। ਉਨ੍ਹਾਂ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਲਏ ਬਿਨਾਂ ਉਨ੍ਹਾਂ ‘ਤੇ ਤੰਜ਼ ਕੱਸਦੇ ਹੋਏ ਕਿਹਾ,”ਕੁਝ ਆਗੂਆਂ ਦਾ ਫੋਕਸ ਜ਼ਕੂਜੀ ‘ਤੇ, ਸਟਾਈਲਿਸ਼ ਸ਼ਾਵਰਾਂ ‘ਤੇ ਹੈ ਪਰ ਸਾਡਾ ਫੋਕਸ ਹਰ ਘਰ ਪਾਣੀ ਪਹੁੰਚਾਉਣ ‘ਤੇ ਹੈ।” ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਭਾਸ਼ਣ ਤੋਂ ਬਾਅਦ 31 ਜਨਵਰੀ ਨੂੰ ਰਾਹੁਲ ਗਾਂਧੀ ਵਲੋਂ ਸੰਸਦ ਕੰਪਲੈਕਸ ‘ਚ ਕੀਤੀ ਗਈ ਇਕ ਟਿੱਪਣੀ ਹਵਾਲਾ ਦਿੰਦੇ ਹੋਏ ਕਿਹਾ,”ਜੋ ਲੋਕ ਗਰੀਬਾਂ ਦੀਆਂ ਝੌਂਪੜੀਆਂ ‘ਚ ਆਪਣਾ ਫੋਟੋ ਸੈਸ਼ਨ ਕਰਵਾ ਕੇ ਆਪਣਾ ਮਨੋਰੰਜਨ ਕਰਦੇ ਹਨ, ਉਨ੍ਹਾਂ ਨੂੰ ਸੰਸਦ ‘ਚ ਗਰੀਬਾਂ ਦੀ ਗੱਲ ਬੋਰਿੰਗ ਹੀ ਲੱਗੇਗੀ।” ਪੀ.ਐੱਮ. ਮੋਦੀ ਨੇ ਕਿਹਾ ਕਿ 25 ਕਰੋੜ ਲੋਕਾਂ ਨੇ ਗਰੀਬੀ ਨੂੰ ਹਰਾ ਦਿੱਤਾ ਹੈ ਅਤੇ ਜਦੋਂ ਲੋਕ ਆਪਣਾ ਜੀਵਨ ਸਮਰਪਿਤ ਕਰਦੇ ਹਨ, ਉਦੋਂ ਇਹ ਸੰਭਵ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,”ਅਸੀਂ ਗਰੀਬ ਨੂੰ ਝੂਠੇ ਨਾਅਰੇ ਨਹੀਂ, ਸੱਚਾ ਵਿਕਾਸ ਦਿੱਤਾ ਹੈ।” ਉਨ੍ਹਾਂ ਕਿਹਾ,”ਹੁਣ ਗਰੀਬਾਂ ਨੂੰ ਚਾਰ ਕਰੋੜ ਘਰ ਮਿਲੇ ਹਨ।”