ਰਿਚਾ ਚੱਢਾ ਅਤੇ ਅਲੀ ਫ਼ਜ਼ਲ ਪ੍ਰੋਡਕਸ਼ਨਜ਼ ਦੀ ਪਹਿਲੀ ਫ਼ਿਲਮ ਗਰਲਜ਼ ਵਿਲ ਬੀ ਗਰਲਜ਼ ਸਨਡੈਂਸ ਫ਼ਿਲਮ ਫ਼ੈਸਟੀਵਲ ਦੇ ਡਰਾਮੈਟਿਕ ਫ਼ੀਚਰ ਵਰਗ ਲਈ ਚੁਣੀ ਗਈ ਹੈ। ਇਹ ਇਕਲੌਤੀ ਭਾਰਤੀ ਫ਼ਿਲਮ ਹੈ ਜੋ ਕਿ ਫ਼ੈਸਟੀਵਲ ਦੇ ਪ੍ਰੀਮੀਅਰ ਦੌਰਾਨ ਦਿਖਾਈ ਜਾਵੇਗੀ। ਜ਼ਿਕਰਯੋਗ ਹੈ ਕਿ ਸਨਡੈਂਸ ਫ਼ਿਲਮ ਫ਼ੈਸਟੀਵਲ ਅਮਰੀਕਾ ‘ਚ ਹਰ ਸਾਲ ਜਨਵਰੀ ਮਹੀਨੇ ‘ਚ ਕਰਵਾਇਆ ਜਾਂਦਾ ਹੈ। ਰਿਚਾ ਨੇ ਕਿਹਾ, ”ਅਲੀ ਅਤੇ ਮੈਂ ਵਿਲੱਖਣ ਕਹਾਣੀਆਂ ਦੇ ਨਜ਼ਰੀਏ ਤੋਂ ਇਸ ਪ੍ਰੋਡਕਸ਼ਨ ਦੀ ਸ਼ੁਰੂਆਤ ਕੀਤੀ ਹੈ। ਗਰਲਜ਼ ਵਿਲ ਬੀ ਗਰਲਜ਼ ਦਾ ਸਨਡੈਂਸ ਫ਼ੈਸਟੀਵਲ ਦੇ ਪ੍ਰੀਮੀਅਰ ਲਈ ਚੁਣੇ ਜਾਣਾ ਸਾਡੇ ਲਈ ਮਾਣ ਵਾਲੀ ਗੱਲ ਹੈ।” ਅਲੀ ਨੇ ਕਿਹਾ, ”ਸਾਡੀ ਪਹਿਲੀ ਹੀ ਪ੍ਰੋਡਕਸ਼ਨ ਫ਼ਿਲਮ ਸਨਡੈਂਸ ਦਾ ਹਿੱਸਾ ਬਣਨ ਜਾ ਰਹੀ ਹੈ ਜਿਸ ਨਾਲ ਸਾਡਾ ਸੁਫ਼ਨਾ ਸਾਕਾਰ ਹੋਇਆ ਹੈ।” ਗਰਲਜ਼ ਵਿਲ ਬੀ ਗਰਲਜ਼ ਦਾ ਨਿਰਦੇਸ਼ਨ ਸ਼ੁਚੀ ਤਲਾਟੀ ਨੇ ਕੀਤਾ ਹੈ ਅਤੇ ਇਹ ਫ਼ਿਲਮ ਉੱਤਰ ਭਾਰਤ ‘ਚ ਹਿਮਾਲਿਆ ਦੀਆਂ ਵਾਦੀਆਂ ‘ਚ ਵੱਸੇ ਇੱਕ ਬੋਰਡਿੰਗ ਸਕੂਲ ‘ਤੇ ਫ਼ਿਲਮਾਈ ਗਈ ਹੈ। ਇਹ ਇੱਕ 16 ਸਾਲ ਦੀ ਲੜਕੀ ਮੀਰਾ ਦੀ ਕਹਾਣੀ ਬਿਆਨਦੀ ਹੈ ਜੋ ਕਿ ਬਾਗ਼ੀ ਸੁਭਾਅ ਦੀ ਹੈ। ਇਸ ਫ਼ਿਲਮ ਵਿੱਚ ਮਲਿਆਲਮ ਅਦਾਕਾਰ ਕਨੀ ਕੁਸਰੁਤੀ, ਜਿਤਿਨ ਗੁਲਾਟੀ ਦੇ ਨਾਲ-ਨਾਲ ਪ੍ਰੀਤੀ ਪਨੀਗ੍ਰਾਹੀ ਅਤੇ ਕੇਸ਼ਵ ਬਿਨੋਏ ਕਿਰਨ ਮੁੱਖ ਭੂਮਿਕਾਵਾਂ ‘ਚ ਹਨ। ਨਿਰਦੇਸ਼ਕ ਸ਼ੁਚੀ ਨੇ ਕਿਹਾ, ”ਮੈਨੂੰ ਖ਼ੁਸ਼ੀ ਹੈ ਕਿ ਮੇਰੀ ਪਹਿਲੀ ਫ਼ਿਲਮ ਸਿਨੇਮਾ ਦੇ ਮੱਕਾ ਸਨਡੈਂਸ ‘ਚ ਚੁਣੀ ਗਈ ਹੈ।”