ਸਵੀਟ ਡਿਸ਼ ਨੂੰ ਲੈ ਕੇ ਹਰ ਵਿਅਕਤੀ ਦੀ ਆਪਣੀ ਪਸੰਦ ਹੁੰਦੀ ਹੈ, ਅਤੇ ਹਰ ਮੌਕੇ ‘ਤੇ ਕੁੱਝ ਨਾ ਕੁੱਝ ਮਿੱਠਾ ਖਾਧਾ ਹੀ ਜਾਂਦਾ ਹੈ। ਇਸ ਲਈ ਇਸ ਹਫ਼ਤੇ ਅਸੀਂ ਤੁਹਾਨੂੰ ਘਰ ‘ਚ ਹੀ ਗ਼ੁਲਾਬ ਜਾਮਨ ਬਣਾਉਣੇ ਦੱਸ ਰਹੇ ਹਾਂ।
ਗ਼ੁਲਾਬ ਜਾਮਨ ਲਈ ਸਮੱਗਰੀ
100 ਗ੍ਰਾਮ ਮਾਵਾ (ਖੋਇਆ)
ਇੱਕ ਵੱਡਾ ਚਮਚ ਮੈਦਾ
ਇੱਕ ਚੌਥਾਈ ਬੇਕਿੰਗ ਸੋਡਾ
ਘਿਓ ਤਲਣ ਲਈ
ਚਾਸ਼ਨੀ ਲਈ ਸਮੱਗਰੀ
ਦੋ ਕੱਪ ਚੀਨੀ
ਦੋ ਵੱਡੇ ਚਮਚ ਦੁੱਧ (ਥੋੜ੍ਹਾ ਪਾਣੀ ਮਿਲਿਆ ਹੋਇਆ)
ਚਾਰ ਹਰੀਆਂ ਇਲਾਇਚੀਆਂ (ਪੀਸੀਆਂ ਹੋਈਆਂ)
ਦੋ ਕੱਪ ਪਾਣੀ
ਗ਼ੁਲਾਬ ਜਾਮਨ ਬਣਾਉਣ ਦੀ ਵਿਧੀ
ਇੱਕ ਬਰਤਨ ‘ਚ ਮਾਵਾ ਲਓ। ਹੁਣ ਇਸ ‘ਚ ਬੇਕਿੰਗ ਸੋਡਾ ਅਤੇ ਮੈਦਾ ਮਿਲਾ ਕੇ ਗੁੰਨ੍ਹੋ। ਧਿਆਨ ਰਹੇ ਕਿ ਮੈਦਾ ਸੁੱਕਾ ਨਹੀਂ ਰਹਿਣਾ ਚਾਹੀਦਾ। ਜੇ ਮੈਦਾ ਸੁੱਕਾ ਲੱਗ ਰਿਹਾ ਹੋਵੇ ਤਾਂ ਹੱਥਾਂ ਨੂੰ ਪਾਣੀ ਨਾਲ ਗਿੱਲਾ ਕਰ ਕੇ ਫ਼ਿਰ ਗੁੰਨ੍ਹੋ।
ਇਸ ਦੇ ਬਰਾਬਰ ਆਕਾਰ ਦੇ ਪੇੜੇ ਬਣਾ ਲਓ। ਹੁਣ ਗੈਸ ‘ਤੇ ਇੱਕ ਕੜਾਹੀ ‘ਚ ਘਿਓ ਗਰਮ ਕਰੋ। ਘਿਓ ਗਰਮ ਹੋਣ ‘ਤੇ ਗੈਸ ਹੌਲੀ ਕਰ ਕੇ ਇੱਕ-ਇੱਕ ਕਰ ਕੇ ਪੇੜੇ ਇਸ ‘ਚ ਪਾਓ। ਇਨ੍ਹਾਂ ਪੇੜਿਆਂ ਨੂੰ ਗੋਲਡਨ ਬ੍ਰਾਊਨ ਹੋਣ ਤਕ ਭੁੰਨੋ। ਹੁਣ ਇਨ੍ਹਾਂ ਨੂੰ ਇੱਕ ਪਲੇਟ ‘ਚ ਕੱਢ ਲਓ।
ਚਾਸ਼ਨੀ ਬਣਾਉਣ ਦੀ ਵਿਧੀ
ਚਾਸ਼ਨੀ ਲਈ ਇੱਕ ਬਰਤਨ ‘ਚ ਚੀਨੀ ਅਤੇ ਪਾਣੀ ਪਾ ਕੇ ਹੌਲੀ ਗੈਸ ‘ਤੇ ਰੱਖੋ। ਚੀਨੀ ਘੁਲਣ ਤਕ ਇਸ ਨੂੰ ਪਕਾਓ। ਜਦੋਂ ਚੀਨੀ ਘੁੱਲ ਜਾਵੇ ਤਾਂ ਗੈਸ ਤੇਜ਼ ਕਰ ਕੇ ਚਾਸ਼ਨੀ ਉਬਾਲੋ। ਇਸ ਨੂੰ ਥੋੜ੍ਹਾ ਗਾੜ੍ਹਾ ਹੋਣ ਤਕ ਪਕਾਓ। ਹੁਣ ਗੈਸ ਬੰਦ ਕਰ ਦਿਓ, ਅਤੇ ਇਸ ‘ਚ ਪਿਸੀ ਹੋਈ ਇਲਾਇਚੀ ਮਿਲਾਓ ਅਤੇ ਨਾਲ ਹੀ ਗ਼ੁਲਾਬ ਜਾਮਨ ਪਾ ਦਿਓ। ਇਨ੍ਹਾਂ ਨੂੰ ਅੱਧਾ ਘੰਟਾ ਚਾਸ਼ਨੀ ‘ਚ ਡੁੱਬੇ ਰਹਿਣ ਦਿਓ। ਗਰਮਾ-ਗਰਮ ਗੁਲਾਬ ਜਾਮਨ ਤਿਆਰ ਹਨ।