ਗਦੂਦਾਂ (ਪ੍ਰੋਸਟੇਟ) ਦੇ ਵਧਣ ਦੀਆਂ ਸਮੱਸਿਆਵਾਂ ਅਤੇ ਇਲਾਜ

thudi-sahat-300x150ਵਡੇਰੀ ਉਮਰੇ ਗਦੂਦਾਂ ਦਾ ਵਧ ਜਾਣਾ ਵਾਲ ਚਿੱਟੇ ਹੋਣ ਵਾਂਗ ਹੀ ਕੁਦਰਤੀ ਹੈ। ਬਾਕੀ ਮੁਲਕਾਂ ਦੇ ਵਾਸੀਆਂ ਵਾਂਗ ਭਾਰਤੀਆਂ ਵਿੱਚ ਵੀ ਔਸਤਨ ਉਮਰ ਵਧਣ ਨਾਲ ਗਦੂਦਾਂ ਦਾ ਕੈਂਸਰ-ਰਹਿਤ ਵਾਧਾ ਤੇ ਕੁਝ ਹੱਦ ਤਕ ਕੈਂਸਰ ਵੀ ਵਧੇਰੇ ਮਹੱਤਵਪੂਰਨ ਹੋ ਰਹੇ ਹਨ। ਵਧੇਰੇ ਪੁਰਸ਼ ਗਦੂਦਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਨ ਵੇਲੇ ਸੁਖਾਵਾਂ ਮਹਿਸੂਸ ਨਹੀਂ ਕਰਦੇ ਕਿਉਂਕਿ ਇਸ ਅੰਗ ਦੇ ਨੁਕਸ ਹੋਣ ਨਾਲ ਪਿਸ਼ਾਬ ਅਤੇ ਵਿਆਹੁਤਾ ਜੀਵਨ ਨਾਲ ਸਬੰਧਿਤ ਕਿਰਿਆਵਾਂ ਪ੍ਰਭਾਵਿਤ ਹੁੰਦੀਆਂ ਹਨ। ਜਿਵੇਂ ਕੋਈ ਵੀ ਦੋ ਵਿਅਕਤੀ ਬਿਲਕੁਲ ਇੱਕੋ ਜਿਹੇ ਨਹੀਂ ਹੋ ਸਕਦੇ ਇਸੇ ਤਰ੍ਹਾਂ ਉਨ੍ਹਾਂ ਦੇ ਪ੍ਰੋਸਟੇਟ ਦੀਆਂ ਸਮੱਸਿਆਵਾਂ ਜਾਂ ਕਿਸੇ ਇਲਾਜ ਪ੍ਰਤੀ ਉਨ੍ਹਾਂ ਦੇ ਸਰੀਰ ਦੀ ਪ੍ਰਤੀ ਕਿਰਿਆ, ਇੱਕੋ ਜਿਹੀ ਨਹੀਂ ਹੁੰਦੀ। ਗਦੂਦ ਮਰਦਾਂ ਦਾ ਇੱਕ ਅੰਗ ਹੈ ਜੋ ਵੀਰਜ ਨਿਕਲਣ ਵੇਲੇ, ਉਸ ਵਿੱਚ ਤਰਲ ਤੇ ਹੋਰ ਪਦਾਰਥ ਜੁਟਾਉਂਦਾ ਹੈ ਜਿਸ ਨਾਲ ਸ਼ੁਕਰਾਣੂੰਆਂ ਨੂੰ ਪੋਸ਼ਟਿਕਤਾ ਮਿਲਦੀ ਹੈ। ਇਹ ਮਸਾਨੇ ਦੇ ਹੇਠਾਂ ਗੁਦਾ ਦੇ ਅਗਲੇ ਪਾਸੇ ਤੇ ਮਸਾਨੇ ‘ਚੋਂ ਨਿਕਲਣ (ਅੱਗੇ ਨੂੰ ਆਉਣ) ਵਾਲੀ ਨਾਲੀ ਦੇ ਦੁਆਲੇ ਹੁੰਦਾ ਹੈ ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਪਿਸ਼ਾਬ-ਨਾਲੀ ਪ੍ਰੋਸਟੇਟ ਦੇ ਵਿੱਚੋਂ ਦੀ ਨਿਕਲਦੀ ਹੈ। ਸ਼ੁਕਰਾਣੂੰਆਂ ਵਿੱਚ ਰਲਣ ਵਾਲਾ ਤਰਲ ਗਦੂਦਾਂ ਵਿੱਚੋਂ ਹੀ ਆਉਂਦਾ ਹੈ ਤੇ ਵੀਰਜ ਬਣਦਾ ਹੈ ਇਸ ਨਾਲ ਔਰਤਾਂ ਵਿੱਚ ਉਨ੍ਹਾਂ ਦੇ ਗੁਪਤਅੰਗ ਦਾ ਤੇਜ਼ਾਬੀਪਣ ਘਟਦਾ ਹੈ।
ਗਦੂਦਾਂ ਦੀਆਂ ਆਮ ਸਮੱਸਿਆਵਾਂ: ਆਮ ਕਰਕੇ ਗਦੂਦਾਂ ਦੀਆਂ ਚਾਰ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਇੱਕ ਯੂਰੋਲੋਜਿਸਟ ਦੇ ਨੁਕਤਾ-ਨਿਗਾਹ ਤੋਂ ਤੇ ਇਨ੍ਹਾਂ ਦੀ ਮਹੱਤਤਾ ਦੇ ਹਿਸਾਬ ਨਾਲ ਇਹ ਨਿਮਨਲਿਖਤ ਅਨੁਸਾਰ ਹਨ:
× ਕੈਂਸਰ ਰਹਿਤ-ਗਦੂਦਾਂ ਦਾ ਵਾਧਾ (ਬਿਨਾਇਨ ਪ੍ਰੋਸਟੇਟ ਹਾਇਪਰਪਲੇਜ਼ੀਆ),
× ਗਦੂਦਾਂ ਦਾ ਕੈਂਸਰ
× ਗਦੂਦਾਂ ਦੀ ਇਫ਼ੈਕਸ਼ਨ ਤੇ ਸੋਜ
× ਗਦੂਦਾਂ ਦੀਆਂ ਪਥਰੀਆਂ।
ਲੱਛਣ: ਘੜੀ-ਮੁੜੀ ਪਿਸ਼ਾਬ ਆਉਣ, ਪਿਸ਼ਾਬ ਇੱਕਦਮ ਨਿਕਲਣ ਵਾਂਗ ਮਹਿਸੂਸ ਹੋਣਾ, ਪਿਸ਼ਾਬ ਕਰਨ ਵੇਲੇ ਦਰਦ (ਡਿਸਯੂਰੀਆ), ਠੀਕ ਤਰ੍ਹਾਂ ਧਾਰ ਨਾ ਬੱਝਣਾ, ਰੁਕ ਰੁਕ ਕੇ ਨਿਕਲਣਾ, ਕਰਨ ਤੋਂ ਬਾਅਦ ਤੁਪਕੇ ਡਿਗਦੇ ਰਹਿਣਾ ਜਾਂ ਇਸ ਤਰ੍ਹਾਂ ਮਹਿਸੂਸ ਹੋਣਾ ਕਿ ਅਜੇ ਪਿਸ਼ਾਬ ਪੂਰਾ ਨਹੀਂ ਆਇਆ ਆਦਿ ਇਸ ਦੇ ‘ਲੋਅਰ ਯੂਰੀਨਰੀ ਟ੍ਰੈਕਟ ਲੱਛਣ’ ਹਨ।
ਗਦੂਦ ਵਧਦੇ ਕਿਉਂ ਹਨ: ਇਸ ਦੇ ਅਸਲ ਕਾਰਨਾਂ ਦਾ ਅਜੇ ਤਕ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਪਰ ਇਹ ਯਕੀਨ ਕੀਤਾ ਜਾਂਦਾ ਹੈ ਕਿ ਇਹ ਵਾਧਾ, ਵਧਦੀ ਉਮਰ ਦੀਆਂ ਬਾਕੀ ਤਬਦੀਲੀਆਂ ‘ਚੋਂ ਹੀ ਇੱਕ ਹੈ। ਮਰਦਾਂ ਦਾ ਹਾਰਮੋਨ (ਟੈਸਟੋਸਟੀਰੋਨ) ਪੂਰੀ ਜ਼ਿੰਦਗੀ ਪੈਦਾ ਹੁੰਦਾ ਰਹਿੰਦਾ ਹੈ। ਅਲਪ ਮਾਤਰਾ ਵਿੱਚ ਔਰਤਾਂ ਵਾਲਾ ਹਾਰਮੋਨ ਈਸਟ੍ਰੋਜਨ ਵੀ ਬਣਦਾ ਹੈ। ਵਧਦੀ ਉਮਰ ਨਾਲ   ਟੈਸਟੋਸਟੀਰੋਨ ਘਟ ਜਾਂਦਾ ਹੈ ਤੇ ਮੁਕਾਬਲਤਨ ਈਸਟ੍ਰੋਜਨ ਵਧ ਜਾਂਦਾ ਹੈ। ਇਸ ਲਈ ਹਾਰਮੋਨਾਂ ਦਾ ਇਹ ਅਸੰਤੁਲਣ ਗਦੂਦਾਂ ‘ਤੇ ਅਸਰ ਕਰਦਾ ਹੈ ਤੇ ਇਹ ਵਧ ਜਾਂਦੇ ਹਨ। ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਕਿਸੇ ਖ਼ਾਸ ਤਰ੍ਹਾਂ ਦੇ ਭੋਜਨ, ਹਾਈ ਬਲੱਡ ਪ੍ਰੈਸ਼ਰ, ਸ਼ਰਾਬ ਨਾਲ ਜਾਂ ਕਿਸੇ ਤਰ੍ਹਾਂ ਦੀ ਸ਼ੰਭੋਗ ਸ਼ਕਤੀ ਵਧਣ ਘਟਣ ਨਾਲ ਗਦੂਦ ਵਧਦੇ ਹਨ। ਜੁਕਾਮ ਜਾਂ ਅਲਰਜੀ ਦੀਆਂ ਦਵਾਈਆਂ ਖਾਣ ਨਾਲ ਵੀ ‘ਯਕਦਮ ਵਾਲੀ ਪਿਸ਼ਾਬ ਦੀ ਰੁਕਾਵਟ’ ਹੋ ਸਕਦੀ ਹੈ। ਨੱਕ ਦੇ ਪਾਣੀ ਨੂੰ ਰੋਕਣ ਵਾਲੀਆਂ ਇਹ ਦਵਾਈਆਂ, ਖ਼ੂਨ ਨਾੜੀਆਂ ਨੂੰ ਸੁੰਗਾੜਦੀਆਂ ਹਨ ਜਿਨ੍ਹਾਂ ਨਾਲ ਮਸਾਨੇ ਦਾ ਵਾਲਵ ਵੀ ਸੁੰਗੜ ਜਾਂਦਾ ਹੈ। ਪਿਸ਼ਾਬ ਦੀ ਅਚਾਨਕ ਰੁਕਾਵਟ ਮੋਟੇ ਪੈੱਗ ਲਾਉਣ, ਵਧੇਰੇ ਠੰਢ ਵਿੱਚ ਜਾਂ ਦੇਰ ਤਕ ਲੇਟੇ ਰਹਿਣ ਕਰਕੇ ਵੀ ਹੋ ਜਾਂਦੀ ਹੈ।
ਗਦੂਦਾਂ ਦੀਆਂ ਸਮੱਸਿਆਵਾਂ ਦੀ ਪਰਖ ਦੀਆਂ ਵਿਧੀਆਂ:
× ਗੁਦਾ ਰਸਤੇ ਗਦੂਦਾਂ ਦਾ ਮੁਆਇਨਾ,
× ਪਿਸ਼ਾਬ ਦੇ ਟੈਸਟ ਤੇ ਕਲਚਰ,
× ਖ਼ੂਨ ਦਾ ਟੈਸਟ ਕ੍ਰੀਐਟੀਨੀਨ,
× ਯੂਰੋ-ਫ਼ਲੋਅ-ਮੀਟਰੀ,
× ਪ੍ਰੋਸਟੇਟ ਸਪੈਸਿਫ਼ਿਕ ਐਂਟੀਜਨ ਜਾਂ ਪੀ.ਐਸ.ਏ,
× ਸਿਸਟੋ-ਮੀਟਰੋ-ਗ੍ਰਾਫ਼ੀ, ਸਿਸਟੋਸਕੋਪੀ,
ਅਲਟਰਾ ਸੋਨੋਗ੍ਰਾਫ਼ੀ,
× ਆਈ.ਵੀ.ਪੀ.।
ਜਿਹੜੇ ਬੰਦਿਆਂ ਵਿੱਚ ਪੀ.ਐਸ.ਏ. ਦਾ ਪੱਧਰ 4-10 ਦੀ ਰੇਂਜ ਤੋਂ ਥੋੜ੍ਹਾ ਜਿਹਾ ਹੀ ਜ਼ਿਆਦਾ ਹੋਵੇ ਤਾਂ ਡਾਕਟਰ ਨੂੰ ਸੋਚਣਾ ਪੈਂਦਾ ਹੈ ਕਿ ਪ੍ਰੋਸਟੇਟ ਦਾ ਟੁਕੜਾ (ਬਾਇਓਪਸੀ) ਲੈ ਕੇ ਟੈਸਟ ਕਰਨਾ ਹੈ ਜਾਂ ਨਹੀਂ।
ਪੀ.ਐਸ.ਏ. ਦਾ ਪੱਧਰ ਵਧਣ ਦੇ ਕਾਰਨ: ਪਿਸ਼ਾਬ ਪ੍ਰਣਾਲੀ ਦੀਆਂ ਇਨਫ਼ੈਕਸ਼ਨਾਂ, ਗਦੂਦਾਂ ਵਿੱਚ ਪੱਥਰੀਆਂ, ਮੁਆਇਨੇ ਤੋਂ ਬਾਅਦ, ਪ੍ਰੋਸਟੇਟ ‘ਚੋ ਬਾਇਓਪਸੀ, ਪ੍ਰੋਸਟੇਟ ਦੇ ਅਪ੍ਰੇਸ਼ਨ ਤੋਂ ਬਾਅਦ ਜਾਂ ਹੋਰ ਕੋਈ ਵੀ ਵਿਧੀ ਜਿਸ ਨਾਲ ਪ੍ਰੋਸਟੇਟ ਨੂੰ ਠੇਸ ਪੁੱਜੀ ਹੋਵੇ ਜਾਂ ਗਦੂਦਾਂ ਦੇ ਕੈਂਸਰ-ਰਹਿਤ ਵਾਧੇ (ਬਿਨਾਇਨ ਹਾਇਰਪਲੇਜ਼ੀਆ) ਆਦਿ ਸ਼ਾਮਲ ਹਨ।
ਮਸਨੇ ਦੀ ਦੂਰਬੀਨੀ ਜਾਂਚ ਜਾਂ ਸਿਸਟੋਸਕੋਪੀ: ਇਸ ਵਿੱਚ ਮਰਦ ਦੇ ਪਿਸ਼ਾਬ ਰਸਤੇ ਰਾਹੀਂ ਇੱਕ ਟਿਊਬ ਵਰਗਾ ਔਜ਼ਾਰ ਅੰਦਰ ਭੇਜ ਕੇ ਮਸਾਨੇ ਨੂੰ ਅੰਦਰੋਂ ਵੇਖਿਆ ਜਾਂਦਾ ਹੈ। ਪਿਸ਼ਾਬ-ਨਾਲੀ ਨੂੰ ਦਵਾਈ ਨਾਲ ਸੁੰਨ ਕਰ ਲਿਆ ਜਾਂਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਤਕਲੀਫ਼ ਨਾ ਹੋਵੇ। ਇਸ ਟਿਊਬ ਨੂੰ ਸਿਸਟੋਸਕੋਪ ਕਿਹਾ ਜਾਂਦਾ ਹੈ ਜਿਸ ਦੇ ਅਗਲੇ ਪਾਸੇ ਇੱਕ ਲੈਂਜ਼ ਅਤੇ ਛੋਟਾ ਜਿਹਾ ਬਲਬ ਲੱਗਾ ਹੁੰਦਾ ਹੈ। ਬਾਹਰ ਵਾਲੇ ਪਾਸੇ ਤੋਂ ਡਾਕਟਰ ਅੰਦਰ ਦਾ ਪੂਰਾ ਦ੍ਰਿਸ਼ ਵੇਖ ਸਕਦਾ ਹੈ। ਇਸ ਲਈ ਪਿਸ਼ਾਬ-ਨਾਲੀ (ਯੂਰੇਥਰਾ) ਤੇ ਮਸਾਨੇ ਦਾ ਅੰਦਰੋਂ ਮੁਆਇਨਾ ਹੋ ਸਕਦਾ ਹੈ ਕਿ ਪ?ੋਸਟੇਟ ਦਾ ਆਕਾਰ ਤੇ ਰੁਕਾਵਟ ਕਿਸ ਪੁਜ਼ੀਸ਼ਨ ‘ਤੇ ਹੈ। ਇਸ ਨਾਲ ਮਸਾਨੇ ਦੇ ਕੈਂਸਰ ਦਾ ਵੀ ਪਤਾ ਲੱਗ ਜਾਂਦਾ ਹੈ।
ਗਦੂਦਾਂ ਦਾ ਇਲਾਜ ਕਈ ਤਰੀਕਿਆਂ ਨਾਲ ਸੰਭਵ ਹੈ: ਗਦੂਦਾਂ ਦੇ ਕੈਂਸਰ-ਰਹਿਤ ਵਾਧੇ (ਬਿਨਾਇਨ ਹਾਇਪਰਪਲੇਜ਼ੀਆ) ਦੇ ਇੱਕ ਤਿਹਾਈ ਕੇਸਾਂ ਵਿੱਚ ਕਿਸੇ ਇਲਾਜ ਤੋਂ ਬਿਨਾਂ ਹੀ ਇਸ ਦੇ ਲੱਛਣ ਠੀਕ ਹੋ ਸਕਦੇ ਹਨ। ਅਸਲ ਵਿੱਚ ਮੁੱਢਲੀ ਸਟੇਜ ‘ਤੇ  ਜਦੋਂ ਅਜੇ ਗਦੂਦਾਂ ਥੋੜ੍ਹੀਆਂ ਥੋੜ੍ਹੀਆਂ ਹੀ ਵਧੀਆਂ ਹੋਣ ਅਤੇ ਪਿਸ਼ਾਬ ਦੀ ਕੋਈ ਵਧੇਰੇ ਰੁਕਾਵਟ ਨਾ ਹੋਵੇ ਤਾਂ ਇਲਾਜ ਦੀ ਕੋਈ ਕਾਹਲ ਨਹੀਂ ਹੁੰਦੀ।  ਇਸ ਸਟੇਜ ‘ਤੇ ਸਿਰਫ਼ ਨਿਗਰਾਨੀ ਰੱਖ ਕੇ ਇੰਤਜ਼ਾਰ ਹੀ ਕਰਨਾ ਚਾਹੀਦਾ ਹੈ। ਇਸ ਦਾ ਇਹ ਮਤਲਬ ਨਹੀਂ ਲੈਣਾ ਚਾਹੀਦਾ ਕਿ   ਅਲਾਮਤਾਂ ਨੂੰ ਅਣਗੌਲਿਆਂ ਜਾਂ ਇਲਾਜ ਨੂੰ ਅਗਾਂਹ ਪਾਇਆ ਜਾਵੇ। ਮਰੀਜ਼ ਨੂੰ ਚਾਹੀਦਾ ਹੈ ਕਿ ਸਾਲ ‘ਚ ਦੋ ਵਾਰੀ ਯੂਰੋਲੋਜਿਸਟ ਡਾਕਟਰ ਕੋਲ ਜਾਵੇ। ਜੇ ਅਚਾਨਕ ਕੋਈ ਸਮੱਸਿਆ ਉਤਪੰਨ ਹੋ ਜਾਵੇ ਤਾਂ ਉਸੇ ਵੇਲੇ ਹੀ ਡਾਕਟਰ ਕੋਲ ਜਾਣਾ ਜ਼ਰੂਰੀ ਹੋ ਜਾਂਦਾ ਹੈ।
ਡਾ. ਮਨਜੀਤ ਸਿੰਘ ਬੱਲ
98728-43491

LEAVE A REPLY