ਖ਼ਾਲਿਸਤਾਨ ਸਮਰਥਕ ਅੱਤਵਾਦੀ ਪਨੂੰ ਨੇ ਰਵਨੀਤ ਬਿੱਟੂ ਤੇ ਹੰਸ ਰਾਜ ਹੰਸ ਨੂੰ ਦਿੱਤੀ ਧਮਕੀ

ਸਿੱਖ ਫਾਰ ਜਸਟਿਸ ਦੇ ਪ੍ਰਮੁੱਖ ਅੱਤਵਾਦੀ ਗੁਰਪਤਵੰਤ ਸਿੰਘ ਪਨੂੰ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਉਕਸਾਏ ਜਾਣ ਦੀ ਵੀਡੀਓ ਅਜੇ ਚੱਲ ਰਹੀ ਹੈ, ਉਥੇ ਦੂਜੇ ਪਾਸੇ ਪਨੂੰ ਵਲੋਂ ਮੁੜ ਤੋਂ ਆਪਣੀ ਨਵੀਂ ਜਾਰੀ ਵੀਡੀਓ ’ਚ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਤੇ ਫਰੀਦਕੋਟ ਤੋਂ ਹੰਸ ਰਾਜ ਹੰਸ ਨੂੰ ਧਮਕੀ ਦਿੱਤੀ ਗਈ ਹੈ ਤੇ ਪਨੂੰ ਵਲੋਂ ਰਵਨੀਤ ਸਿੰਘ ਬਿੱਟੂ ਨੂੰ ਆਪਣੇ ਦਾਦੇ ਨੂੰ ਯਾਦ ਕਰਨ ਲਈ ਕਿਹਾ ਗਿਆ ਹੈ।
ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਖ਼ਾਲਿਸਤਾਨ ਪੱਖੀ ਅੱਤਵਾਦੀ ਪਨੂੰ ਵਲੋਂ ਇਕ ਨਵੀਂ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ’ਚ ਉਸ ਨੇ ਕਿਹਾ ਹੈ ਕਿ ਰਵਨੀਤ ਬਿੱਟੂ ਤੇ ਹੰਸ ਰਾਜ ਹੰਸ ਮੇਰੀ ਗੱਲ ਸੁਣੋ, ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਤੇ ਇਹ ਪੰਜਾਬ ਹੈ, ਇਥੇ ਕਤਲ ਦਾ ਬਦਲਾ ਕਤਲ ਨਾਲ ਹੁੰਦਾ ਹੈ।
ਪਨੂੰ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਯਾਦ ਕਰ ਲਵੇ ਆਪਣੇ ਦਾਦੇ ਬਾਬਾ ਬੇਅੰਤ ਸਿੰਘ ਨੂੰ ਤੇ ਇਹ ਪਨੂੰ ਦਾ ਸੰਦੇਸ਼ ਹੈ ਕਿ ਜੇਕਰ ਪੰਜਾਬ ’ਚ ਇਕ ਵੀ ਕਿਸਾਨ ਦਾ ਕਤਲ ਹੋ ਗਿਆ ਤਾਂ ਇਸ ਕਤਲ ਦਾ ਬਦਲਾ ਕਤਲ ਹੋਵੇਗਾ।