ਨਵੀਂ ਦਿੱਲੀ: ਕ੍ਰਿਕਟ ਵਿਚ ਆਪਣੀਆਂ ਸਟੀਕ ਭਵਿੱਖਬਾਣੀਆਂ ਲਈ ਮਸ਼ਹੂਰ ਜੋਤਿਸ਼ੀ ਨਰਿੰਦਰ ਬੁੰਦੇ ਨੇ ਕਿਹਾ ਹੈ ਕਿ ਭਾਰਤੀ ਟੀਮ ਦਾ ਕਪਤਾਨ ਵਿਰਾਟ ਕੋਹਲੀ ਇਸ ਸਾਲ ਵੀ ਕੌਮਾਂਤਰੀ ਕ੍ਰਿਕਟ ਵਿਚ ਨਵੇਂ ਰਿਕਾਰਡ ਬਣਾਉਣੇ ਜਾਰੀ ਰੱਖੇਗਾ ਤੇ ਉਹ ਅਜਿਹਾ ਇਸ਼ਤਿਹਾਰੀ ਕਰਾਰ ਕਰਨ ਵਾਲਾ ਹੈ, ਜਿਸ ਨੂੰ ਭਾਰਤੀ ਖੇਡ ਤੇ ਕੌਮਾਂਤਰੀ ਕ੍ਰਿਕਟ ‘ਚ ਸੁਣਿਆ ਵੀ ਨਹੀਂ ਗਿਆ ਹੋਵੇਗਾ।
ਪਿਛਲੇ ਸਾਲ ਲੋਕ ਸੀਮਤ ਓਵਰਾਂ ‘ਚ ਮਹਿੰਦਰ ਸਿੰਘ ਧੋਨੀ ਦੇ ਸਥਾਨ ‘ਤੇ ਸਵਾਲ ਉਠਾ ਰਹੇ ਸਨ,ਉਦੋਂ ਨਾਗਪੁਰ ਦੇ ਇਸ ਜੋਤਿਸ਼ੀ ਨੇ ਕਿਹਾ ਸੀ ਕਿ 36 ਸਾਲਾ ਧੋਨੀ ਇੰਗਲੈਂਡ ‘ਚ 2019 ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਖੇਡੇਗਾ।
ਉਸ ਦੀ ਤਾਜ਼ਾ ਭਵਿੱਖਬਾਣੀ ਇਹ ਹੈ ਕਿ ਕੋਹਲੀ 2025 ਤਕ ਟੀ-20 ਵਿਸ਼ਵ ਕੱਪ ਤੇ ਇੱਕ ਦਿਨਾ ਵਿਸ਼ਵ ਕੱਪ ਦਾ ਜੇਤੂ ਬਣਨ ਦੇ ਨਾਲ-ਨਾਲ ਸਚਿਨ ਤੇਂਦੁਲਕਰ ਦੇ 100 ਸੈਂਕੜਿਆਂ ਦੇ ਰਿਕਾਰਡ ਨੂੰ ਤੋੜ ਦੇਵੇਗਾ। ਜੋਤਿਸ਼ੀ ਨਰਿੰਦਰ ਨੇ ਇਸ ਤੋਂ ਇਲਾਵਾ ਧਾਕੜ ਸਚਿਨ ਤੇਂਦਲਕਰ ਦੀ ਸੱਟ ਤੋਂ ਵਾਪਸੀ, ਭਾਰਤ ਰਤਨ ਸਨਮਾਨ, ਸਾਬਕਾ ਕਪਤਾਨ ਸੌਰਭ ਗਾਂਗੁਲੀ ਦੀ ਵਾਪਸੀ ਤੇ 2011 ਵਿਸ਼ਵ ਕੱਪ ਦੀ ਵੀ ਸਹੀ ਭਵਿੱਖਬਾਣੀ ਕੀਤੀ ਸੀ।
ਰਾਸ਼ਟਰਮੰਡਲ ਖੇਡਾਂ ‘ਚ ਮਨਪ੍ਰੀਤ ਸਿੰਘ ਨੂੰ ਸੌਂਪੀ ਭਾਰਤੀ ਹਾਕੀ ਦੀ ਸਰਦਾਰੀ
ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ ਲਈ ਐਲਾਨੀ 18 ਮੈਂਬਰੀ ਭਾਰਤੀ ਹਾਕੀ ਟੀਮ ਵਿੱਚੋਂ ਅੱਜ ਸਾਬਕਾ ਕਪਤਾਨ ਅਤੇ ਅਨੁਭਵੀ ਖਿਡਾਰੀ ਸਰਦਾਰ ਸਿੰਘ ਨੂੰ ਬਾਹਰ ਕਰ ਦਿੱਤਾ ਹੈ, ਜਦੋਂਕਿ ਚਾਰ ਤੋਂ 14 ਅਪਰੈਲ ਤਕ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਟੀਮ ਦੀ ਕਮਾਨ ਮਿਡਫ਼ੀਲਡਰ ਮਨਪ੍ਰੀਤ ਸਿੰਘ ਹੱਥ ਹੋਵੇਗੀ। ਅਜ਼ਲਾਨ ਸ਼ਾਹ ਕੱਪ ਵਿੱਚ ਖ਼ਰਾਬ ਪ੍ਰਦਰਸ਼ਨ ਮਗਰੋਂ ਸਰਦਾਰ ਸਿੰਘ ਦਾ ਟੀਮ ਵਿੱਚੋਂ ਬਾਹਰ ਹੋਣਾ ਤੈਅ ਸੀ। ਹਾਕੀ ਇੰਡੀਆ ਨੇ (ਐਚਆਈ) ਨੇ ਫ਼ਾਰਵਰਡ ਰਮਨਦੀਪ ਸਿੰਘ ਨੂੰ ਵੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ। ਹਾਲਾਂਕਿ ਗੋਲਕੀਪਰ ਪੀਆਰ ਸ੍ਰੀਜੇਸ਼ ਦੀ ਵਾਪਸੀ ਹੋਈ ਪਰ ਸੂਰਜ ਕਰਕਰਾ ਨੂੰ ਟੀਮ ਵਿੱਚ ਬਦਲਵੇਂ ਗੋਲਕੀਪਰ ਵਜੋਂ ਰੱਖਿਆ ਹੈ।
ਮਨਪ੍ਰੀਤ ਰਾਸ਼ਟਰਮੰਡਲ ਖੇਡਾਂ 2018 ਵਿੱਚ ਟੀਮ ਦੀ ਕਪਤਾਨੀ ਕਰੇਗਾ ਜਦਕਿ ਚਿੰਗਲੇਨਸਾਨਾ ਸਿੰਘ ਕੰਗੁਜ਼ਮ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤ ਨੂੰ ਖੇਡਾਂ ਵਿੱਚ ਗਰੁੱਪ ਬੀ ਵਿੱਚ ਪਾਕਿਸਤਾਨ, ਮਲੇਸ਼ੀਆ, ਵੇਲਜ਼ ਅਤੇ ਇੰਗਲੈਂਡ ਨਾਲ ਰੱਖਿਆ ਗਿਆ ਹੈ ਜਦਕਿ ਸੱਤ ਅਪਰੈਲ ਨੂੰ ਉਸ ਦੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਖ਼ਿਲਾਫ਼ ਹੋਵੇਗੀ। ਭਾਰਤੀ ਟੀਮ ਵਿੱਚ ਛੇ ਡਿਫ਼ੈਂਡਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਅਨੁਭਵੀ ਰੁਪਿੰਦਰ ਪਾਲ ਸਿੰਘ ਦੀ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ ਕੋਠਾਜੀਤ ਸਿੰਘ, ਗੁਰਿੰਦਰ ਸਿੰਘ ਅਤੇ ਅਮਿਤ ਰੋਹਿਦਾਸ ਹਨ। ਫ਼ਾਰਵਰਡ ਲਾਈਨ ਵਿੱਚ ਆਕਾਸ਼ਦੀਪ ਸਿੰਘ, ਐਸਵੀ ਸੁਨੀਲ, ਜੂਨੀਅਰ ਵਿਸ਼ਵ ਕੱਪ ਜੇਤੂ ਗੁਰਜੰਟ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਇ ਅਤੇ ਦਿਲਪ੍ਰੀਤ ਸਿੰਘ ‘ਤੇ ਜ਼ਿੰਮੇਵਾਰੀ ਰਹੇਗੀ। ਚਿੰਗਲੇਨਸਾਨਾ ਨੂੰ ਮਿਡਫ਼ੀਲਡਰ ਰੱਖਿਆ ਗਿਆ ਹੈ। ਸੁਮਿਤ ਅਤੇ ਵਿਵੇਕ ਸਾਗਰ ਪ੍ਰਸਾਦ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਮਨਪ੍ਰੀਤ ਦੀ ਅਗਵਾਈ ਵਿੱਚ ਹੀ ਏਸ਼ੀਆ ਕੱਪ 2017 ਦਾ ਖ਼ਿਤਾਬ ਆਪਣੇ ਨਾਮ ਕੀਤਾ ਸੀ ਅਤੇ ਉਸ ਮਗਰੋਂ ਭੁਵਨੇਸ਼ਵਰ ਵਿਸ਼ਵ ਲੀਗ ਫ਼ਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਹਾਕੀ ਟੀਮ ਦੇ ਕੌਮੀ ਕੋਚ ਸ਼ੋਰਡ ਮਾਰਿਨ ਨੇ ਕਿਹਾ, ”ਏਸ਼ੀਆ ਕੱਪ 2017 ਮਗਰੋਂ ਹੀ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖ ਕੇ ਇਸ ਟੀਮ ਨੂੰ ਤਿਆਰ ਕੀਤਾ ਗਿਆ ਹੈ। ਅਸੀਂ ਪਿਛਲੇ ਟੂਰਨਾਮੈਂਟਾਂ ਵਿੱਚ ਵੀ ਰਲਵੇਂ-ਮਿਲਵੇਂ ਖਿਡਾਰੀਆਂ ਨੂੰ ਉਤਾਰਿਆ ਹੈ ਅਤੇ ਸਾਨੂੰ ਯਕੀਨ ਹੈ ਕਿ ਰਾਸ਼ਟਰਮੰਡਲ ਖੇਡਾਂ 2018 ਵਿੱਚ ਵੀ ਇਹ ਤਰੀਕਾ ਕੰਮ ਆਵੇਗਾ।” ਹਾਲੈਂਡ ਦੇ 43 ਸਾਲਾ ਮਾਰਿਨ ਨੇ ਕਿਹਾ ਕਿ ਟੀਮ ਵਿੱਚ ਜਿੱਤਣ ਦਾ ਜਜ਼ਬਾ ਹੈ ਅਤੇ ਉਹ ਟੂਰਨਾਮੈਂਟ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਉਤਰੇਗੀ।ੂ