ਕੈਂਸਰ ਪੀੜਤ ਬੱਚਿਆਂ ਦੀ ਮਦਦ ਲਈ ਅੱਗੇ ਆਈ ਅਦਾਕਾਰਾ ਪੂਜਾ ਹੇਗੜੇ

ਮੋਹਿੰਜੋਦੜੋ ਅਤੇ ਹਾਊਸਫ਼ੁੱਲ 4 ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਪੂਜਾ ਹੇਗੜੇ ਨੇ ਕੈਂਸਰ ਨਾਲ ਜੂਝ ਰਹੇ ਦੋ ਬੱਚਿਆਂ ਲਈ 2.50 ਲੱਖ ਰੁਪਏ ਦਾ ਦਾਨ ਕੀਤਾ ਹੈ। ਉਹ ਹਾਲ ਹੀ ਵਿੱਚ ਕਿਓਰ ਫ਼ਾਊਂਡੇਸ਼ਨ ਵਲੋਂ ਆਯੋਜਿਤ ਕੀਤੇ ਗਏ ਇੱਕ ਈਵੈਂਟ ਵਿੱਚ ਪਹੁੰਚੀ ਸੀ। ਇਹ ਆਯੋਜਨ ਛੇਵੇਂ ਦੋ ਸਾਲਾ ਕੈਂਸਰ ਕਰੂਸੇਡਰਜ਼ ਇਨਵੀਟੇਸ਼ਨ ਕਪ ਦੀ ਘੋਸ਼ਣਾ ਲਈ ਰੱਖਿਆ ਗਿਆ ਸੀ ਜੋ ਇੱਕ ਵਿਸ਼ਵ ਪੱਧਰ ਗੋਲਫ਼ ਟੂਰਨਾਮੈਂਟ ਹੈ। ਇਸ ਨੂੰ ਬਾਲ ਕੈਂਸਰ ਰੋਗੀਆਂ ਦੇ ਸਪੋਰਟ ਲਈ ਫ਼ੰਡ ਇੱਕੱਠਾ ਕਰਨ ਅਤੇ ਜਾਗਰੂਕਤਾ ਫ਼ੈਲਾਉਣ ਵਾਲੀ ਪਹਿਲ ਦੇ ਰੂਪ ਵਿੱਚ ਆਯੋਜਿਤ ਕੀਤਾ ਜਾਵੇਗਾ।
ਜਿਨ੍ਹਾਂ ਹੋ ਸਕੇ ਹੋਰਾਂ ਲਈ ਕਰੋ
ਦਾਨ ‘ਤੇ ਪੂਜਾ ਨੇ ਕਿਹਾ, ”ਮੈਨੂੰ ਨਹੀਂ ਲੱਗਦਾ ਕਿ ਇਹ ਅਜਿਹਾ ਕੰਮ ਹੈ ਜੋ ਸਿਰਫ਼ ਅਭਿਨੇਤਾਵਾਂ ਜਾਂ ਮਸ਼ਹੂਰ ਹਸਤੀਆਂ ਨੂੰ ਹੀ ਕਰਨਾ ਚਾਹੀਦਾ ਹੈ। ਇਹ ਤੁਹਾਡੇ ਅੰਦਰ ਤੋਂ ਆਉਣਾ ਚਾਹੀਦਾ ਹੈ। ਜੋ ਸਮਾਜ ਨੇ ਦਿੱਤਾ ਹੈ, ਉਸ ਨੂੰ ਵਾਪਿਸ ਕਰਨ ਦੀ ਆਦਤ ਦੀ ਸੰਸਕ੍ਰਿਤੀ ਬਣਾਉਣਾ ਮਹੱਤਵਪੂਰਣ ਹੈ। ਤੁਸੀਂ ਨਹੀਂ ਜਾਣਦੇ ਕਿ ਅਜਿਹਾ ਕਰ ਕੇ ਤੁਸੀਂ ਕਿੰਨੇ ਲੋਕਾਂ ਨੂੰ ਪ੍ਰੇਰਿਤ ਕਰਦੇ ਹੋ। ਮੇਰੇ ਵਲੋਂ ਇਹ ਇੱਕ ਛੋਟਾ ਜਿਹਾ ਯੋਗਦਾਨ ਸੀ। ਜ਼ਿਆਦਾਤਰ ਕੈਂਸਰ ਪੀੜਤ ਬੱਚਿਆਂ ਦਾ ਇਲਾਜ ਸੰਭਵ ਹੈ। ਪੈਸੇ ਦੀ ਘਾਟ ਕਾਰਨ ਇਹ ਰੁੱਕਣਾ ਨਹੀਂ ਚਾਹੀਦਾ। ਪਿਆਰ ਨਾਲ ਕੀਤਾ ਗਿਆ ਛੋਟਾ ਜਿਹਾ ਕੰਮ ਬਹੁਤ ਅੱਗੇ ਤਕ ਜਾਂਦਾ ਹੈ। ਜਿਨ੍ਹਾਂ ਹੋ ਸਕੇ ਸਾਨੂੰ ਓਨਾ ਹੋਰਾਂ ਲਈ ਕਰਨਾ ਚਾਹੀਦਾ ਹੈ।”
ਅਗਲੀ ਫ਼ਿਲਮ ਤੇਲਗੂ ਵਿੱਚ ਪ੍ਰਭਾਸ ਨਾਲ
ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਬੌਲੀਵੁਡ ਵਿੱਚ ਪੂਜਾ ਦੀ ਆਖਰੀ ਫ਼ਿਲਮ ਹਾਊਸਫ਼ੁੱਲ 4 ਸੁਪਰਹਿੱਟ ਰਹੀ ਸੀ। ਉਸ ਤੋਂ ਬਾਅਦ ਉਹ ਤੇਲਗੂ ਭਾਸ਼ਾ ਵਿੱਚ ਰਿਲੀਜ਼ ਹੋਈ ਅਲਾ ਵੈਕੁੰਠਪੁਰਮਲੂ ਵਿੱਚ ਨਜ਼ਰ ਆਈ ਜੋ ਬੌਕਸ ਆਫ਼ਿਸ ‘ਤੇ ਸਫ਼ਲ ਰਹੀ। ਉਸ ਦੀ ਅਗਲੀ ਤੇਲਗੂ ਫ਼ਿਲਮ ਬਾਹੂਬਲੀ ਫ਼ੇਮ ਪ੍ਰਭਾਸ ਨਾਲ ਹੈ ਜਿਸ ਦੀ ਸ਼ੂਟਿੰਗ ਜਾਰੀ ਹੈ।