ਕੈਂਸਰ ਨਾਲ ਜੁੜੇ ਵਹਿਮ-ਭਰਮ

ਡਾ. ਐੱਚ ਐੱਸ ਡਾਰਲਿੰਗ
ਸਵਾਲ: ਕੀ ਕੈਂਸਰ ਛੂਤ ਦੀ ਬਿਮਾਰੀ ਹੈ?
ਜਵਾਬ: ਨਹੀਂ। ਕੈਂਸਰ ਦੇ ਕੁੱਝ ਮਰੀਜ਼ ਦੇਖਭਾਲ ਪੱਖੋਂ ਇਸੇ ਕਰ ਕੇ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਸਕੇ-ਸਬੰਧੀ ਮਰੀਜ਼ ਦੇ ਜ਼ਿਆਦਾ ਨੇੜੇ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਉਨ੍ਹਾਂ ਨੂੰ ਵੀ ਇਹ ਰੋਗ ਨਾ ਹੋ ਜਾਵੇ। ਕੈਂਸਰ ਵਾਲੇ ਮਰੀਜ਼ ਨਾਲ ਰਹਿਣ, ਉਸ ਦੀ ਸੇਵਾ ਕਰਨ ਜਾਂ ਉਸ ਨੂੰ ਛੂਹਣ ਨਾਲ ਕੈਂਸਰ ਨਹੀਂ ਫ਼ੈਲਦਾ। ਇਸ ਦੇ ਉਲਟ, ਕੈਂਸਰ ਵਾਲੇ ਮਰੀਜ਼ ਨੂੰ ਇਲਾਜ ਦੌਰਾਨ ਦੂਜਿਆਂ ਤੋਂ ਲਾਗ ਹੋਣ ਦਾ ਖ਼ਤਰਾ ਜ਼ਰੂਰ ਹੁੰਦਾ ਹੈ ਜਿਸ ਕਰ ਕੇ ਉਸ ਦੀ ਸੇਵਾ ਕਰਦਿਆਂ ਸਾਫ਼-ਸਫ਼ਾਈ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।
ਸਵਾਲ: ਕੀ ਕੈਂਸਰ ਮਾੜੇ ਕਰਮਾਂ ਦੀ ਸਜ਼ਾ ਹੈ?
ਜਵਾਬ: ਕੈਂਸਰ ਦੇ ਮਰੀਜ਼ ਨੂੰ ਇਹ ਕਹਿ ਦੁਰਕਾਰਨਾ ਕਿ ਇਹ ਉਸ ਦੇ ਮਾੜੇ ਕਰਮਾਂ ਦੀ ਸਜ਼ਾ ਹੈ ਬਿਲਕੁਲ ਬੇਬੁਨਿਆਦੀ, ਅਣਮਨੁੱਖੀ ਅਤੇ ਗ਼ੈਰਜ਼ਿੰਮੇਵਾਰਾਨਾ ਵਿਹਾਰ ਹੈ। ਕੈਂਸਰ ਕਿਸੇ ਨੂੰ ਵੀ ਹੋ ਸਕਦਾ ਹੈ, ਪਰ ਤੰਬਾਕੂਨੋਸ਼ੀ, ਵਧੇਰੇ ਸ਼ਰਾਬ ਅਤੇ ਅਸੁਰੱਖਿਅਤ ਸ਼ਰੀਰਕ ਸਬੰਧ ਇਸ ਦੀ ਸੰਭਾਵਨਾ ਵਧਾ ਦਿੰਦੇ ਹਨ।
ਸਵਾਲ: ਕੁੱਝ ਲੋਕ ਸ਼ਰਾਬ ਜਾਂ ਤੰਬਾਕੂ ਦਾ ਇੰਨਾ ਜ਼ਿਆਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਕੈਂਸਰ ਦੀ ਕੋਈ ਸ਼ਿਕਾਇਤ ਨਹੀਂ ਹੁੰਦੀ; ਕਈ ਨਸ਼ਿਆਂ ਤੋਂ ਕੋਹਾਂ ਦੂਰ ਰਹਿਣ ਵਾਲੇ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਕਿਉਂ?
ਜਵਾਬ: ਤਤਕਾਲੀ ਖੋਜਾਂ ਮੁਤਾਬਿਕ, ਕੈਂਸਰ ਅਨੁਵੰਸ਼ਿਕ ਬਿਮਾਰੀ ਹੈ। ਜੀਨਾਂ ‘ਤੇ ਮਾੜਾ ਅਸਰ ਜਮਾਂਦਰੂ ਵੀ ਹੋ ਸਕਦਾ ਹੈ ਅਤੇ ਵਾਤਾਵਰਣ ਰਾਹੀਂ ਵੀ। ਜੀਨ ਜਿੰਨੇ ਜ਼ਿਆਦਾ ਨੁਕਸਦਾਰ ਹੋਣਗੇ, ਕੈਂਸਰ ਦਾ ਖ਼ਤਰਾ ਵਧਦਾ ਜਾਵੇਗਾ। ਸਿੱਟੇ ਵਜੋਂ ਕੈਂਸਰ ਦੀ ਪੈਦਾਇਸ਼ ਬਹੁਕਾਰਕੀ ਪ੍ਰਕਿਰਿਆ ਹੈ। ਸਪੱਸ਼ਟ ਹੈ ਕਿ ਕੁੱਝ ਲੋਕ ਕਾਫ਼ੀ ਦੇਰ ਨਸ਼ੇ ਕਰਨ ਦੇ ਬਾਵਜੂਦ ਕੈਂਸਰ ਤੋਂ ਬਚੇ ਰਹਿੰਦੇ ਹਨ।
ਸਵਾਲ: ਕੈਂਸਰ ਦੇ ਮਰੀਜ਼ ਨੂੰ ਕੈਂਸਰ ਬਾਰੇ ਖੁੱਲ੍ਹ ਕੇ ਦੱਸਿਆ ਜਾਵੇ ਜਾਂ ਨਹੀਂ?
ਜਵਾਬ: ਇਸ ਪ੍ਰਸ਼ਨ ਦੇ ਬਹੁਤ ਸਾਰੇ ਸਮਾਜਿਕ, ਪਰਿਵਾਰਕ, ਮਾਨਸਿਕ, ਵਿੱਤੀ, ਨਿਜੀ, ਧਾਰਮਿਕ ਅਤੇ ਵਿਹਾਰਕ ਪਹਿਲੂ ਹਨ। ਭਾਰਤ ਵਿੱਚ ਡਾਕਟਰਾਂ ਵਲੋਂ ਇਨਸਾਨੀ ਕਦਰਾਂ-ਕੀਮਤਾਂ ਅਤੇ ਭਾਵਨਾਵਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਮਰੀਜ਼ ਦੇ ਪਰਿਵਾਰ ਉੱਤੇ ਛੱਡ ਦਿੱਤਾ ਜਾਂਦਾ ਹੈ। ਚੰਗਾ ਤਾਂ ਇਹੋ ਹੋਵੇਗਾ ਕਿ ਮਰੀਜ਼ ਨੂੰ ਅਸਿੱਧੇ ਰੂਪ ਵਿੱਚ ਪਤਾ ਲੱਗਣ ਦੀ ਬਜਾਏ ਸਿੱਧੇ ਰੂਪ ਵਿੱਚ ਪਰਿਵਾਰ ਕੋਲੋਂ ਜਾਂ ਆਪਣੇ ਡਾਕਟਰ ਤੋਂ ਪਤਾ ਲੱਗੇ। ਕੈਂਸਰ ਦਾ ਇਲਾਜ ਲੰਬਾ ਹੁੰਦਾ ਹੈ, ਮਰੀਜ਼ ਨੂੰ ਕਾਫ਼ੀ ਵਾਰ ਹਸਪਤਾਲ ਜਾਣਾ ਪੈਂਦਾ ਹੈ। ਅਜਿਹੇ ਹਾਲਾਤ ਵਿੱਚ ਮਰੀਜ਼ ਤੋਂ ਇਹ ਲਕੋ ਕੇ ਰੱਖਣਾ ਤਕਰੀਬਨ ਕਬੂਤਰ ਵਲੋਂ ਬਿੱਲੀ ਨੂੰ ਦੇਖ ਕੇ ਅੱਖਾਂ ਮੀਟਣ ਵਾਲੀ ਗੱਲ ਹੈ।
ਸਵਾਲ: ਆਮ ਧਾਰਨਾ ਹੈ ਕਿ ਇੱਕ ਵਾਰ ਕੈਂਸਰ ਹੋ ਗਿਆ ਤਾਂ ਕਦੇ ਖ਼ਤਮ ਨਹੀਂ ਹੋ ਸਕਦਾ। ਕੀ ਇਹ ਸੱਚ ਹੈ?
ਜਵਾਬ: ਨਹੀਂ। ਤੀਜੇ ਪੜਾਅ ਤਕ ਦੇ ਤਕਰੀਬਨ ਸਾਰੇ ਕੈਂਸਰ ਅਤੇ ਕੁੱਝ ਚੌਥੇ ਪੜਾਅ ਦੇ ਕੈਂਸਰ ਜੜ੍ਹੋਂ ਖ਼ਤਮ ਕੀਤੇ ਜਾ ਸਕਦੇ ਹਨ। ਹਾਂ, ਜਿੰਨਾ ਅਗਲੇਰਾ ਪੜਾਅ ਹੋਵੇਗਾ, ਕੈਂਸਰ ਵਾਪਿਸ ਆਉਣ ਦੇ ਆਸਾਰ ਓਨੇ ਹੀ ਜ਼ਿਆਦਾ ਹੋਣਗੇ। ਇਸ ਲਈ ਇਲਾਜ ਖ਼ਤਮ ਹੋਣ ਤੋਂ ਬਾਅਦ ਵੀ ਕੈਂਸਰ ਮਾਹਿਰ ਨੂੰ ਦਿਖਾਉਂਦੇ ਰਹਿਣਾ ਜ਼ਰੂਰੀ ਹੁੰਦਾ ਹੈ।
ਸਵਾਲ: ਕੁੱਝ ਅਖੌਤੀ ਵੈਦ-ਹਕੀਮ ਜਾਂ ਸਾਧ-ਸੰਤ ਦਾਅਵਾ ਕਰਦੇ ਹਨ ਕਿ ਉਹ ਕਿਸੇ ਵੀ ਪੜਾਅ ਦੇ ਕਿਸੇ ਵੀ ਕੈਂਸਰ ਨੂੰ ਬਿਨਾਂ ਦਵਾਈ ਖ਼ਤਮ ਕਰ ਸਕਦੇ ਹਨ। ਇਹ ਕਿਵੇਂ?
ਜਵਾਬ: ਜੇ ਅਜਿਹਾ ਸੰਭਵ ਹੋ ਜਾਵੇ ਤਾਂ ਹਰ ਸਾਲ ਦੁਨੀਆਂ ਭਰ ਵਿੱਚ ਹੋਣ ਵਾਲੇ ਕੈਂਸਰ ਸੰਮੇਲਨਾਂ ਵਿੱਚ ਇਹ ਅੰਕੜੇ ਪੇਸ਼ ਕੀਤੇ ਜਾਣ। ਇਸ ਨਾਲ ਖੋਜੀ ਦੇ ਨਾਲ ਨਾਲ ਭਾਰਤ ਨੂੰ ਸੰਸਾਰ ਭਰ ਵਿੱਚ ਨਾਮਣਾ, ਪ੍ਰਸਿੱਧੀ ਅਤੇ ਤਰੱਕੀ ਮਿਲੇਗੀ ਅਤੇ ਦੁਨੀਆਂ ਦੀ ਸਿਹਤ ਦਾ ਭਲਾ ਵੀ ਹੋਵੇਗਾ। ਅਜਿਹਾ ਕੋਈ ਅੰਕੜਾ ਕਦੀ ਸਾਹਮਣੇ ਨਹੀਂ ਆਇਆ। ਇਸ ਦਾ ਮਤਲਬ ਫ਼ਿਰ ਸਪੱਸ਼ਟ ਹੀ ਹੈ।
ਸਵਾਲ: ਕਹਿੰਦੇ ਨੇ, ਕੈਂਸਰ ਦਾ ਇਲਾਜ ਕਰਵਾਉਣ ਨਾਲ ਮਰੀਜ਼ ਦੀ ਹਾਲਤ ਹੋਰ ਵਿਗੜ ਜਾਂਦੀ ਹੈ?
ਜਵਾਬ: ਜਦੋਂ ਅਸੀਂ ਸਾਈਕਲ ਚਲਾਉਣਾ ਸਿੱਖਦੇ ਹਾਂ, ਸਾਨੂੰ ਪਤਾ ਹੁੰਦਾ ਹੈ ਕਿ ਦੋ-ਚਾਰ ਵਾਰ ਡਿੱਗਣਾ ਤੈਅ ਹੈ, ਫ਼ਿਰ ਵੀ ਅਸੀਂ ਡਿੱਗਦੇ ਹਾਂ ਅਤੇ ਸਫ਼ਲਤਾਪੂਰਵਕ ਸਿੱਖਦੇ ਵੀ ਜ਼ਰੂਰ ਹਾਂ। ਕੈਂਸਰ ਦੇ ਇਲਾਜ ਵਿੱਚ ਸ਼ਰੀਰ ਦੀਆਂ ਮਾੜੀਆਂ ਅਤੇ ਅਣ-ਉਪਯੋਗੀ ਕੋਸ਼ਿਕਾਵਾਂ ਨੂੰ ਮਾਰਿਆ ਜਾਂਦਾ ਹੈ। ਇਸ ਸੌਦੇਬਾਜ਼ੀ ਵਿੱਚ ਕੁਝ ਚੰਗੀਆਂ ਅਤੇ ਉਪਯੋਗੀ ਕੋਸ਼ਿਕਾਵਾਂ ਵੀ ਪ੍ਰਭਾਵਿਤ ਹੁੰਦੀਆਂ ਹਨ, ਪਰ ਇਹ ਅਸਥਾਈ ਨੁਕਸਾਨ ਬਹੁਤ ਜਲਦੀ ਪੂਰਾ ਹੋ ਜਾਂਦਾ ਹੈ।
ਸਵਾਲ: ਕੀ ਕੀਮੋਥੈਰੇਪੀ ਬਹੁਤ ਡਰਾਵਣਾ ਇਲਾਜ ਹੈ?
ਜਵਾਬ: ਕੀਮੋਥੈਰੇਪੀ ਬਿਨਾਂ ਵਜ੍ਹਾ ਆਮ ਲੋਕਾਂ ਲਈ ਹਊਆ ਬਣਿਆ ਹੋਇਆ ਹੈ। ਕੀਮੋਥੈਰੇਪੀ ਹੋਰ ਦਵਾਈਆਂ ਵਾਂਗ ਸ਼ੀਸ਼ੀਆਂ ਵਿੱਚ ਬੰਦ ਦਵਾਈਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਗਲੂਕੋਜ਼ ਜਾਂ ਨਮਕੀਨ ਪਾਣੀ ਦੇ ਘੋਲ ਵਿੱਚ ਮਿਲਾ ਕੇ ਨਸਾਂ ਰਾਹੀਂ ਚੜ੍ਹਾਇਆ ਜਾਂਦਾ ਹੈ। ਜੇ ਮਰੀਜ਼ ਨੂੰ ਦੱਸਿਆ ਨਾ ਜਾਵੇ ਤਾਂ ਪਤਾ ਵੀ ਨਹੀਂ ਲੱਗੇਗਾ ਕਿ ਉਸ ਨੂੰ ਕੀਮੋਥੈਰੇਪੀ ਲਗ ਰਹੀ ਹੈ। ਕੁੱਝ ਦਹਾਕੇ ਪਹਿਲਾਂ ਤਕ ਕੀਮੋਥੈਰੇਪੀ ਦੇ ਦੁਰਪ੍ਰਭਾਵਾਂ ਲਈ ਸਾਡੇ ਕੋਲ ਢੁੱਕਵੀਂ ਜਾਣਕਾਰੀ ਜਾਂ ਢੰਗ-ਤਰੀਕੇ ਨਹੀਂ ਸਨ। ਹੁਣ ਕਾਫ਼ੀ ਨਵੀਆਂ ਦਵਾਈਆਂ ਅਤੇ ਉਪਰਾਲੇ ਮੁਹੱਈਆ ਹਨ ਅਤੇ ਉਨ੍ਹਾਂ ਦੀ ਵਰਤੋਂ ਨਾਲ ਜ਼ਿਆਦਾਤਰ ਮਰੀਜ਼ ਬਿਨਾਂ ਕੁੱਝ ਖ਼ਾਸ ਕਸ਼ਟ ਹੰਢਾਏ ਕੀਮੋਥੈਰੇਪੀ ਪੂਰੀ ਕਰ ਲੈਂਦੇ ਹਨ।
ਸਵਾਲ: ਖ਼ੂਨ ਦਾ ਕੈਂਸਰ ਕਦੇ ਜੜ੍ਹੋਂ ਮੁਕਾਇਆ ਨਹੀਂ ਜਾ ਸਕਦਾ?
ਜਵਾਬ: ਖ਼ੂਨ ਦਾ ਕੈਂਸਰ ਬੇਸ਼ੱਕ ਖ਼ਤਰਨਾਕ ਹੁੰਦਾ ਹੈ। ਅੱਜ ਦੀਆਂ ਤਕਨੀਕਾਂ, ਦਵਾਈਆਂ ਅਤੇ ਸਾਧਨਾਂ ਨਾਲ ਕਈ ਪ੍ਰਕਾਰ ਦੇ ਖ਼ੂਨ ਦੇ ਕੈਂਸਰਾਂ ਨੂੰ ਜੜ੍ਹੋਂ ਮੁਕਾਇਆ ਜਾ ਸਕਦਾ ਹੈ। ਇਲਾਜ ਜਟਿਲ ਅਤੇ ਲੰਬਾ ਜ਼ਰੂਰ ਚਲਦਾ ਹੈ, ਪਰ ਨਿਯਮਿਤ ਜਾਂਚ, ਇਲਾਜ ਅਤੇ ਸਾਵਧਾਨੀਆਂ ਨਾਲ ਘੱਟੋਘੱਟ 50 ਫ਼ੀਸਦ ਮਰੀਜ਼ ਲੰਬਾ ਅਤੇ ਤੰਦਰੁਸਤ ਜੀਵਨ ਜੀਅ ਸਕਦੇ ਹਨ।
ਸਵਾਲ: ਕੀਮੋਥੈਰੇਪੀ ਨਾਲ ਸਾਰੇ ਵਾਲ ਝੜ ਜਾਂਦੇ ਹਨ?
ਜਵਾਬ: ਹਰ ਕੀਮੋਥੈਰੇਪੀ ਨਾਲ ਵਾਲ ਨਹੀਂ ਝੜਦੇ ਪਰ ਸਿਰਫ਼ ਕੁੱਝ ਦਵਾਈਆਂ ਨਾਲ ਹੀ ਝੜਦੇ ਹਨ। ਮਰੀਜ਼ ਨੂੰ ਇਸ ਬਾਰੇ ਅਗਾਊਂ ਚੇਤਨ ਕੀਤਾ ਜਾਂਦਾ ਹੈ, ਅਤੇ ਇਹ ਬਦਲ ਦਿੱਤਾ ਜਾਂਦਾ ਹੈ ਕਿ ਜੇ ਉਹ ਚਾਹੇ ਤਾਂ ਆਪਣੇ ਅਸਲੀ ਵਾਲਾਂ ਦਾ ਵਿੱਗ ਬਣਵਾ ਸਕਦਾ ਹੈ। ਵਾਲ ਕੀਮੋਥੈਰੇਪੀ ਸ਼ੁਰੂ ਹੋਣ ਤੋਂ ਇੱਕ ਮਹੀਨੇ ਬਾਅਦ ਗਿਰਦੇ ਹਨ ਅਤੇ ਖ਼ਤਮ ਹੋਣ ਤੋਂ 6 ਮਹੀਨੇ ਬਾਅਦ ਵਾਪਿਸ ਆ ਜਾਂਦੇ ਹਨ।