ਕੈਂਸਰ ਦੀ ਬੀਮਾਰੀ ਤੋਂ ਸੰਸਾਰ ਵਿੱਚ ਬਹੁਤ ਸਾਰੇ ਲੋਕ ਪੀੜਤ ਹਨ ਅਤੇ ਇਸ ਦੇ ਇਲਾਜ ਲਈ ਵਿਗਿਆਨੀਆਂ ਵਲੋਂ ਨਵੇਂ-ਨਵੇਂ ਤਰੀਕੇ ਲੱਭੇ ਜਾਂਦੇ ਹਨ। ਅਜਿਹਾ ਹੀ ਇਕ ਤਰੀਕਾ ਸਵਿਟਜ਼ਰਲੈਂਡ ਦੇ ਖੋਜੀਆਂ ਨੇ ਕੱਢਿਆ ਹੈ ਜਿਸ ‘ਤੇ ਕੰਮ ਕਰਕੇ ਉਹ ਜਲਦੀ ਹੀ ਕੈਂਸਰ ਨੂੰ ਪਹਿਲੀ ਸਟੇਜ ‘ਤੇ ਹੀ ਖਤਮ ਕਰ ਸਕਣਗੇ।
ਕੁੱਝ ਡਾਕਟਰਾਂ ਦਾ ਕਹਿਣਾ ਹੈ ਕਿ ਪੱਕੇ ਕੇਲੇ ਖਾਣ ਨਾਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਕੇਲੇ ਵਿੱਚ ਮਨੁੱਖੀ ਚਮੜੀ ਦੇ ਕੈਂਸਰ (ਮੇਲਾਨੋਮਾ) ਨੂੰ ਬਹੁਤ ਜਲਦੀ ਪਛਾਨਣ ਦਾ ਗੁਣ ਹੁੰਦਾ ਹੈ। ਪੱਕੇ ਕੇਲੇ ਦੇ ਛਿੱਲੜ ਵਿੱਚ ਕਾਲੇ ਰੰਗ ਦੇ ਧੱਬੇ ਹੁੰਦੇ ਹਨ ਜੋ ਇਕ ਐਂਜ਼ਾਈਮ (ਟਿਰੋਸਿਨੇਸ) ਕਾਰਨ ਬਣਦੇ ਹਨ। ਮਨੁੱਖੀ ਚਮੜੀ ਵਿੱਚ ਵੀ ਇਹੀ ਐਂਜ਼ਾਈਮ ਮੌਜੂਦ ਹਨ।
ਸਵਿਟਜ਼ਰਲੈਂਡ ਦੇ ਖੋਜੀਆਂ ਨੇ ਦੋਹਾਂ ਸਮਾਨਤਾਵਾਂ ਦੇ ਆਧਾਰ ‘ਤੇ ਕੈਂਸਰ ਸਕੈਨਰ ਬਣਾਇਆ। ਪਹਿਲਾਂ ਕੇਲੇ ਦੇ ਧੱਬਿਆਂ ‘ਤੇ ਪ੍ਰਯੋਗ ਕੀਤਾ ਅਤੇ ਫ਼ਿਰ ਉਸਦੇ ਨਤੀਜਿਆਂ ਦੇ ਆਧਾਰ ‘ਤੇ ਇਲਾਜ ਦੀ ਵਿਧੀ ਤਿਆਰ ਕੀਤੀ। ਇਸਦੇ ਨਤੀਜੇ ਹੈਰਾਨੀਜਨਕ ਹਨ। ਇਹ ਧੱਬੇ ਚਮੜੀ ਦੇ ਕੈਂਸਰ ਦੀ ਪਛਾਣ ਬਹੁਤ ਜਲਦੀ ਕਰ ਸਕਦੇ ਹਨ।
‘ਲੈਬਾਰਟਰੀ ਆਫ਼ ਫ਼ਿਜ਼ੀਕਲ ਐਂਡ ਐਨਾਲਿਟਿਕਲ ਲੈਕਟ੍ਰੋਕੈਮਿਸਟਰੀ’ ਦੇ ਵਿਗਿਆਨੀਆਂ ਨੇ ਖੋਜ ਵਿੱਚ ਇਹ ਸਿੱਟਾ ਕੱਢਿਆ ਹੈ ਕਿ ਇਹ ਐਜ਼ਾਈਮ ਮੇਲਾਨੋਮਾ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ। ਪਹਿਲੀ ਸਟੇਜ ਵਿੱਚ ਐਂਜ਼ਾਈਮ ਦਿਖਾਈ ਨਹੀਂ ਦਿੰਦਾ, ਦੂਜੀ ਸਟੇਜ ਵਿੱਚ ਕੈਂਸਰ ਵੱਧ ਜਾਂਦਾ ਹੈ ਅਤੇ ਤੀਸਰੀ ਸਟੇਜ ‘ਤੇ ਇਹ ਸਰੀਰ ਵਿੱਚ ਫ਼ੈਲਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਸ਼ੁਰੂਆਤੀ ਸਟੇਜ ‘ਤੇ ਹੀ ਕੈਂਸਰ ਦੀ ਪਛਾਣ ਕਰ ਲਈ ਜਾਵੇ ਤਾਂ ਸਮੇਂ ਸਿਰ ਇਲਾਜ ਨਾਲ 95 % ਮਰੀਜ਼ਾਂ ਦੀ ਉਮਰ 10 ਸਾਲ ਹੋਰ ਵਧ ਸਕਦੀ ਹੈ।ਖੋਜ ਟੀਮ ਦੀ ਅਗਵਾਈ ਕਰਨ ਵਾਲੇ ਡਾ. ਹੂਬਰਟ ਗਿਰਾਲਟ ਨੇ ਦੱਸਿਆ ਕਿ ਕੈਂਸਰ ਸਕੈਨਰ ਵਿੱਚ ਕੇਲੇ ਦੇ ਧੱਬਿਆਂ ‘ਤੇ ਪ੍ਰਯੋਗ ਕਰਨ ਤੋਂ ਬਾਅਦ ਇਲਾਜ ਵਿਧੀ ਨੂੰ ਵਿਕਸਿਤ ਕੀਤਾ ਗਿਆ ਜਿਸ ਨੂੰ ਕੈਂਸਰ ਦੇ ਸੈਂਪਲ ‘ਤੇ ਵਰਤਿਆ ਜਾ ਸਕਦਾ ਹੈ।