ਕੇਜਰੀਵਾਲ ਨੂੰ ਜ਼ਮਾਨਤ ਮਿਲਣਾ ਸੰਵਿਧਾਨ ਦੀ ਜਿੱਤ: ਅਖਿਲੇਸ਼ ਯਾਦਵ

ਲਖਨਊ- ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਘਪਲੇ ਮਾਮਲੇ ‘ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਨੂੰ ਸੰਵਿਧਾਨ ਦੀ ਜਿੱਤ ਦੱਸਿਆ ਹੈ। ਯਾਦਵ ਨੇ ‘ਐਕਸ’ ‘ਤੇ ਲਿਖਿਆ ਕਿ ਦਿੱਲੀ ਦੇ ਹਰਮਨ ਪਿਆਰੇ ਅਤੇ ਲੋਕ ਭਲਾਈ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ‘ਸੰਵਿਧਾਨ ਦੀ ਜਿੱਤ’ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿਰੋਧੀ ਹੀ ਸੰਵਿਧਾਨ ਦੀ ਦੁਰਵਰਤੋਂ ਕਰਦੇ ਹਨ ਅਤੇ ਨਿਆਂ ਦੇ ਦਰਵਾਜ਼ੇ ‘ਤੇ ਦਿੱਤੀ ਗਈ ਦਸਤਕ ਹਮੇਸ਼ਾ ਸੁਣੀ ਜਾਂਦੀ ਹੈ। ਯਾਦਵ ਨੇ ਕਿਹਾ ਕਿ ਦੁਨੀਆ ਹੁਣ ਤੱਕ ਇਸੇ ਪਰੰਪਰਾ ‘ਤੇ ਅੱਗੇ ਵਧੀ ਹੈ ਅਤੇ ਭਵਿੱਖ ‘ਚ ਵੀ ਅੱਗੇ ਵਧਦੀ ਰਹੇਗੀ।
ਏ ਕਿ ਸ਼ਰਾਬ ਨੀਤੀ ਘਪਲੇ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵਲੋਂ ਵੱਡੀ ਰਾਹਤ ਮਿਲੀ ਹੈ। ਸ਼ਰਾਬ ਘਪਲੇ ਮਾਮਲੇ ‘ਚ ਕੇਜਰੀਵਾਲ ਨੂੰ ਸੀ. ਬੀ. ਆਈ. ਕੇਸ ‘ਚ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਹੁਣ ਕੇਜਰੀਵਾਲ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਰਾਹ ਸਾਫ਼ ਹੋ ਗਿਆ ਹੈ। ਸੁਪਰੀਮ ਕੋਰਟ ਦੀ ਬੈਂਚ ਨੇ ਕੇਜਰੀਵਾਲ ਨੂੰ 10 ਲੱਖ ਰੁਪਏ ਦੇ ਮੁਚਲਕੇ ਅਤੇ ਦੋ ਜ਼ਮਾਨਤ ਰਾਸ਼ੀਆਂ ‘ਤੇ ਜ਼ਮਾਨਤ ਦਿੱਤੀ ਹੈ। ਤਿਹਾੜ ਜੇਲ੍ਹ ਵਿਚ ਬੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ 156 ਦਿਨਾਂ ਬਾਅਦ ਜ਼ਮਾਨਤ ਦਿੱਤੀ ਹੈ।