ਕੇਜਰੀਵਾਲ ਦੇ ਘਰ ਜਾਂਚ ਕਰਨ ਪਹੁੰਚੀ ACB ਟੀਮ, ਭਾਜਪਾ ‘ਤੇ ਲਗਾਏ ਸਨ ਇਹ ਦੋਸ਼

ਨਵੀਂ ਦਿੱਲੀ- ਦਿੱਲੀ ਦੀ ਸਿਆਸਤ ‘ਚ ਵੱਡੀ ਹੱਲਚੱਲ ਦੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ (ਆਪ) ਆਗੂਆਂ ਦੇ ਭਾਜਪਾ ਵਲੋਂ ਫੋਨ ਆਉਣ ਅਤੇ 15 ਕਰੋੜ ਦੇ ਆਫ਼ਰ ਦੇਣ ਦੇ ਦਾਅਵਿਆਂ ‘ਤੇ ਜਾਂਚ ਦੇ ਆਦੇਸ਼ ਹੋ ਗਏ ਹਨ। ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਦੇ ਆਦੇਸ਼ ਤੋਂ ਬਾਅਦ ਆਪ ਆਗੂਆਂ ਅਰਵਿੰਦ ਕੇਜਰੀਵਾਲ, ਸੰਜੇ ਸਿੰਘ ਅਤੇ ਮੁਕੇਸ਼ ਅਹਿਲਾਵਤ ਦੇ ਘਰ ਏਸੀਬੀ (ਐਂਟੀ ਕਰਪਸ਼ਨ ਬਰਾਂਚ) ਦੀ ਟੀਮ ਭੇਜੀ ਗਈ ਹੈ। ਜਾਣਕਾਰੀ ਅਨੁਸਾਰ ਆਪ ਕਨਵੀਨਰ ਕੇਜਰੀਵਾਲ ਦੇ ਘਰ ਏਸੀਬੀ ਟੀਮ ਪਹੁੰਚ ਗਈ ਹੈ। ਕੇਜਰੀਵਾਲ ਦੇ ਸਭ ਤੋਂ ਕਰੀਬੀ ਸੂਤਰਾਂ ਅਨੁਸਾਰ, ਬਿਨਾਂ ਕਿਸੇ ਨੋਟਿਸ ਦੇ ਏਸੀਬੀ ਦੀ ਟੀਮ ਕੇਜਰੀਵਾਲ ਦੇ ਘਰ ਪਹੁੰਚੀ ਹੈ ਅਤੇ ਕੇਜਰੀਵਾਲ ਦੀ ਲੀਗਲ ਟੀਮ ਨਾਲ ਬੈਠੀ ਹੈ। ਉੱਥੇ ਹੀ ਸੰਜੇ ਸਿੰਘ ਦਾ ਬਿਆਨ ਏਸੀਬੀ ਦਫ਼ਤਰ ‘ਚ ਰਿਕਾਰਡ ਹੋ ਰਿਹਾ ਹੈ। ਦੱਸਣਯੋਗ ਹੈ ਕਿ ਏਸੀਬੀ ਨੇ ਕੁੱਲ 3 ਟੀਮਾਂ ਬਣਾਈਆਂ ਹਨ।
‘ਆਪ’ ਲੀਗਲ ਸੈੱਲ ਦੇ ਚੀਫ਼ ਸੰਜੀਵ ਨਸਿਆਰ ਨੇ ਕਿਹਾ,”ਏਸੀਬੀ ਦੀ ਟੀਮ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਹੈ। ਉਹ ਜਦੋਂ ਤੋਂ ਆਏ ਹਨ, ਲਗਾਤਾਰ ਫੋਨ ‘ਤੇ ਕਿਸੇ ਨਾਲ ਗੱਲ ਕਰ ਰਹੇ ਹਨ।” ਉੱਪ ਰਾਜਪਾਲ ਨੇ ਕਿਹਾ ਕਿ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਦੇ ਮਾਧਿਅਣ ਨਾਲ ਡੂੰਘੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਦੇ ਜਨਰਲ ਸਕੱਤਰ ਵਿਸ਼ਨੂੰ ਮਿੱਤਲ ਨੇ ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਹ ਏਸੀਬੀ ਅਤੇ ਕਿਸੇ ਹੋਰ ਜਾਂਚ ਏਜੰਸੀ ਨੂੰ ਨਿਰਦੇਸ਼ ਦੇਣ ਕਿ ਕੇਜਰੀਵਾਲ ਅਤੇ ਸੰਜੇ ਸਿੰਘ ਵਲੋਂ ‘ਆਪ’ ਦੇ ਮੌਜੂਦਾ 7 ਵਿਧਾਇਕਾਂ ਨੂੰ 15 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਦੇ ਦੋਸ਼ਾਂ ਦੇ ਸੰਬੰਧ ‘ਚ ਐੱਫਆਈਆਰ ਦਰਜ ਹੋਵੇ ਅਤੇ ਜਾਂਚ ਕਰੋ।