ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਸਾਰੇ ਸਫਾਈ ਕਰਮਚਾਰੀਆਂ ਨੂੰ ਪਹਿਲੀ ਵਾਰ ਮਹੀਨੇ ਦੇ ਅੰਤ ਤੋਂ ਪਹਿਲੇ ਹੀ ਤਨਖਾਹਾਂ ਅਤੇ ਦੀਵਾਲੀ ਬੋਨਸ ਮਿਲ ਗਿਆ ਹੈ। ਕੇਜਰੀਵਾਲ ਨੇ ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਦੇ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੀਵਾਲੀ ਬੋਨਸ ਅਤੇ ਤਨਖਾਹਾਂ ਵਜੋਂ 23 ਕਰੋੜ ਰੁਪਏ ਕਰੀਬ 64,000 ਸਫ਼ਾਈ ਕਰਮੀਆਂ ਦੇ ਖਾਤੇ ‘ਚ ਜਮ੍ਹਾ ਕੀਤੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਐੱਮ.ਸੀ.ਡੀ. ‘ਚ ਪਿਛਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੌਰਾਨ ਤਨਖ਼ਾਹ ‘ਚ ਹਮੇਸ਼ਾ 6 ਤੋਂ 8 ਮਹੀਨੇ ਦੀ ਦੇਰੀ ਹੁੰਦੀ ਸੀ ਅਤੇ ਇਸ ਲਈ ਮੁਲਾਜ਼ਮਾਂ ਨੂੰ ਆਏ ਦਿਨ ਵਿਰੋਧ ਪ੍ਰਦਰਸ਼ਨ ਕਰਨਾ ਪੈਂਦਾ ਸੀ।
ਕੇਜਰੀਵਾਲ ਨੇ ਦਾਅਵਾ ਕੀਤਾ, ”ਭਾਜਪਾ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਆਪਣੇ ਸਿਖਰ ‘ਤੇ ਸੀ ਅਤੇ ਮੁਲਾਜ਼ਮਾਂ ਨੂੰ ਆਪਣੇ ਬਕਾਏ ਲਈ ਸੰਘਰਸ਼ ਕਰਨਾ ਪੈਂਦਾ ਸੀ। ਉੱਥੇ ਹੀ ‘ਆਪ’ ਦੇ ਸ਼ਾਸਨ ਦੌਰਾਨ ਪਿਛਲੇ 2 ਸਾਲਾਂ ‘ਚ ਹਰ ਮਹੀਨੇ ਦੇ ਪਹਿਲੇ ਹਫ਼ਤੇ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ ਅਤੇ ਕਿਸੇ ਵੀ ਸਫਾਈ ਕਰਮਚਾਰੀ ਨੂੰ ਰੋਸ ਪ੍ਰਦਰਸ਼ਨ ਨਹੀਂ ਕਰਨਾ ਪਿਆ।” ਉਨ੍ਹਾਂ ਕਿਹਾ, “ਦੀਵਾਲੀ ਦੇ ਤਿਉਹਾਰ ਨੂੰ ਧਿਆਨ ‘ਚ ਰੱਖਦੇ ਹੋਏ, ਸਾਰੇ 64,000 ਸਫਾਈ ਕਰਮਚਾਰੀਆਂ ਨੂੰ ਮਹੀਨਾ ਖਤਮ ਹੋਣ ਤੋਂ ਪਹਿਲਾਂ ਉਨ੍ਹਾਂ ਦੀਆਂ ਤਨਖਾਹਾਂ ਮਿਲ ਗਈਆਂ ਹਨ ਤਾਂ ਜੋ ਉਹ ਆਪਣੇ ਪਰਿਵਾਰਾਂ ਨਾਲ ਦੀਵਾਲੀ ਦਾ ਤਿਉਹਾਰ ਮਨਾ ਸਕਣ। ਇਸ ਦੇ ਨਾਲ ਹੀ 23 ਕਰੋੜ ਰੁਪਏ ਦਾ ਦੀਵਾਲੀ ਬੋਨਸ ਵੀ ਵੰਡਿਆ ਗਿਆ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ, “ਐੱਮਸੀਡੀ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਜਦੋਂ ਕਰਮਚਾਰੀਆਂ ਨੂੰ ਮਹੀਨੇ ਦੇ ਅੰਤ ਤੋਂ ਪਹਿਲਾਂ ਤਨਖਾਹ ਮਿਲੀ ਹੈ।”