ਨਵੀਂ ਦਿੱਲੀ : ਨਵੀਂ ਦਿੱਲੀ ਤੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਰਵਿੰਦ ਕੇਜਰੀਵਾਲ ਵਿਰੁੱਧ ਪੁਲਸ ਅਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੌਰਾਨ ਉਹਨਾਂ ਨੇ ਕੇਜਰੀਵਾਲ ‘ਤੇ ਦੋਸ਼ ਲਾਇਆ ਗਿਆ ਹੈ ਕਿ ਕੇਜਰੀਵਾਲ ਨੇ 5 ਫਰਵਰੀ ਦੀਆਂ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ ਲਈ ਪਾਰਟੀ ਵਰਕਰਾਂ ਰਾਹੀਂ ਵੱਖ-ਵੱਖ ਸਥਾਨਕ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ (ਆਰ. ਡਬਲਿਊ. ਏ.) ਨੂੰ ਕੁਰਸੀਆਂ ਵੰਡੀ ਹਨ।
ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ, ‘‘ਇਹ ਕੋਡ ਆਫ ਜਸਟਿਸ (ਬੀ. ਐੱਨ. ਐੱਸ.) ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੇ ਤਹਿਤ ਇਕ ਸੰਗੀਨ ਅਪਰਾਧ ਹੈ ਅਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਵੀ ਹੈ ਕਿਉਂਕਿ ਕੇਜਰੀਵਾਲ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸ਼ਰੇਆਮ ਰਿਸ਼ਵਤ ਦਿੱਤੀ ਹੈ।’’ ਸ਼ਿਕਾਇਤਕਰਤਾ ਨੇ ਇਕ ਵੀਡੀਓ ਕਲਿੱਪ ਵੀ ਦਿੱਤੀ, ਜਿਸ ਵਿਚ ਇਕ ਵਿਅਕਤੀ ਟਰਾਲੀ ਵਿਚ ਕੁਝ ਕੁਰਸੀਆਂ ਲਿਜਾਂਦਾ ਦਿਖਾਈ ਦੇ ਰਿਹਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਵਿਅਕਤੀ ਨੇ ਮੰਨਿਆ ਕਿ ਉਸ ਨੂੰ ਕੇਜਰੀਵਾਲ ਨੇ ਭੇਜਿਆ ਸੀ। ਦੂਜੇ ਪਾਸੇ ‘ਆਪ’ ਅਤੇ ਕੇਜਰੀਵਾਲ ਨੇ ਵਰਮਾ ਵਿਰੁੱਧ ਚੋਣ ਅਧਿਕਾਰੀਆਂ ਕੋਲ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ’ਤੇ ਨਵੀਂ ਦਿੱਲੀ ਹਲਕੇ ਦੇ ਵੋਟਰਾਂ ਵਿਚ ਪੈਸੇ, ਸਾੜੀਆਂ, ਜੁੱਤੀਆਂ ਅਤੇ ਹੋਰ ਚੀਜ਼ਾਂ ਵੰਡਣ ਦਾ ਦੋਸ਼ ਲਾਇਆ ਗਿਆ ਹੈ।