ਕੁਲਵਿੰਦਰ ਕੌਰ ਵਲੋਂ ਕੰਗਨਾ ਰਣੌਤ ਨੂੰ ਥੱਪੜ ਮਾਰੇ ਜਾਣ ਦੀ ਘਟਨਾ ‘ਤੇ CM ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ : ਸੀ. ਆਈ. ਐੱਸ. ਐੱਫ. ਜਵਾਨ ਕੁਲਵਿੰਦਰ ਕੌਰ ਵਲੋਂ ਚੰਡੀਗੜ੍ਹ ਏਅਰਪੋਰਟ ‘ਤੇ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਦੇ ਥੱਪੜ ਮਾਰੇ ਜਾਣ ਦੀ ਘਟਨਾ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਕੰਗਨਾ ਰਣੌਤ ਵਲੋਂ ਪਹਿਲਾਂ ਦਿੱਤੇ ਗਏ ਬਿਆਨਾਂ ਦੇ ਚੱਲਦੇ ਉਸ ਕੁੜੀ ਦੇ ਦਿਲ ਵਿਚ ਗੁੱਸਾ ਸੀ, ਜਿਸ ਦੇ ਚੱਲਦੇ ਉਸ ਨੇ ਇਹ ਕਦਮ ਚੁੱਕਿਆ। ਹਾਲਾਂਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ।
ਅੱਗੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਕ ਪਬਲਿਕ ਫਿਗਰ ਹੋਣ ਦੇ ਚੱਲਦੇ ਇਸ ਘਟਨਾ ਦੇ ਜਵਾਬ ਵਿਚ ਸਾਰੇ ਪੰਜਾਬ ਨੂੰ ਅੱਤਵਾਦੀ ਕਹਿਣਾ ਗਲਤ ਹੈ। ਇਹ ਉਹ ਪੰਜਾਬ ਹੈ ਜਿਸ ਨੇ ਸਾਰੇ ਦੇਸ਼ ਦਾ ਢਿੱਡ ਭਰਿਆ ਹੈ। ਪੰਜਾਬ ਅੱਜ ਵੀ ਸਾਰੇ ਮੁਲਕ ਨੂੰ ਕਣਕ ਅਤੇ ਚੌਲ ਦੇ ਰਿਹਾ ਹੈ। ਸਾਡੇ ਨੌਜਵਾਨ ਅੱਜ ਵੀ ਕੁਰਬਾਨੀਆਂ ਦੇ ਰਹੇ ਹਨ। ਪੰਜਾਬ ਦੇ ਨੌਜਵਾਨ ਮਾਈਨਸ 50 ਡਿਗਰੀ ਵਿਚ ਡਿਊਟੀ ਦੇ ਰਹੇ ਹਨ। ਅਸੀਂ ਦੇਸ਼ ਦੀ ਰੱਖਿਆ ਕਰਨ ਵਾਲੇ ਅਤੇ ਦੇਸ਼ ਨੂੰ ਆਜ਼ਾਦੀਆਂ ਦਿਵਾਉਣ ਵਾਲੇ ਹਾਂ। ਮਾਨ ਨੇ ਕਿਹਾ ਕਿ ਜੇ ਕਿਸਾਨ ਧਰਨੇ ‘ਤੇ ਬੈਠ ਜਾਂਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦੀ ਜਾਂ ਵੱਖਵਾਦੀ ਆਖ ਦਿੱਤਾ ਜਾਂਦਾ ਹੈ ਜੋ ਪੂਰੀ ਤਰ੍ਹਾਂ ਗ਼ਲਤ ਹੈ।