ਕੁਲਗਾਮ ’ਚ ਅੱਤਵਾਦੀਆਂ ਨੇ ਕੀਤੀ ਟਾਰਗੇਟ ਕਿਲਿੰਗ, ਸਾਬਕਾ ਫੌਜੀ ਜਵਾਨ ਦੀ ਮੌਤ

ਜੰਮੂ/ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ਵਿਚ ਅੱਤਵਾਦੀਆਂ ਨੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੰਦੇ ਹੋਏ ਟੈਰੀਟੋਰੀਅਲ ਆਰਮੀ ਦੇ ਇਕ ਸੇਵਾਮੁਕਤ ਕਰਮਚਾਰੀ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿਚ ਜ਼ਖਮੀ ਸੇਵਾਮੁਕਤ ਟੀ. ਏ. ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਅਤੇ ਧੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਅੱਤਵਾਦੀਆਂ ਨੇ ਕਸ਼ਮੀਰ ਵਿਚ ਇਕ ਸਾਲ ਪਹਿਲਾਂ ਅਜਿਹੀ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਪਹਿਲਾਂ ਅਕਤੂਬਰ, 2024 ਵਿਚ ਗਾਂਦਰਬਲ ਜ਼ਿਲ੍ਹੇ ਦੇ ਗਗਨਗੀਰ ਵਿਚ ਅੱਤਵਾਦੀਆਂ ਨੇ ਸੁਰੰਗ ਉਸਾਰੀ ਵਾਲੀ ਥਾਂ ’ਤੇ ਹਮਲਾ ਕਰ ਕੇ 7 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਕੁਲਗਾਮ ਜ਼ਿਲ੍ਹੇ ਦੇ ਬੇਹੀਬਾਗ ਖੇਤਰ ਵਿਚ ਟੈਰੀਟੋਰੀਅਲ ਫੌਜ ਦੇ ਸੇਵਾਮੁਕਤ ਕਰਮਚਾਰੀ ਮਨਜ਼ੂਰ ਅਹਿਮਦ ਵਾਗੇ ਆਪਣੇ ਘਰ ਨੇੜੇ ਆਪਣੇ ਪਰਿਵਾਰ ਨਾਲ ਬੈਠੇ ਹੋਏ ਸਨ ਜਦੋਂ ਅਣਪਛਾਤੇ ਬੰਦੂਕਧਾਰੀਆਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਸੂਤਰਾਂ ਮੁਤਾਬਕ ਸਾਬਕਾ ਫੌਜੀ ਜਵਾਨ ਦੇ ਪੇਟ ਵਿਚ ਗੋਲੀ ਲੱਗੀ, ਜਦੋਂ ਕਿ ਉਨ੍ਹਾਂ ਦੀ ਪਤਨੀ ਅਤੇ ਧੀ ਦੀ ਲੱਤ ਵਿਚ ਗੋਲੀ ਲੱਗੀ।