ਮੁੰਬਈ- ਵਿਵਾਦਾਂ ਵਿਚ ਘਿਰੇ ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਨੇ ਇਕ ਹੋਰ ਵਿਵਾਦਤਪੂਰਨ ਬਿਆਨ ਦੇ ਕੇ ਫਿਰ ਤੋਂ ਸਨਸਨੀ ਮਚਾ ਦਿੱਤੀ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ’ਤੇ ਵਿਅੰਗ ਕੱਸਣ ਤੋਂ ਬਾਅਦ ਹੁਣ ਕਾਮੇਡੀਅਨ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਨਿਸ਼ਾਨਾ ਬਣਾਇਆ ਹੈ। ਕੁਨਾਲ ਕਾਮਰਾ ਨੇ ਇਕ ਪੈਰੋਡੀ ਗੀਤ ਜਾਰੀ ਕਰ ਕੇ ਨਿਰਮਲਾ ਸੀਤਾਰਾਮਨ ’ਤੇ ਤਿੱਖਾ ਹਮਲਾ ਕੀਤਾ ਹੈ। ਕਾਮਰਾ ਦੇ ਵਾਇਰਲ ਵੀਡੀਓ ਵਿਚ ਉਨ੍ਹਾਂ ਨੇ ਮਹਿੰਗਾਈ ਅਤੇ ਟੈਕਸ ਦਾ ਮੁੱਦਾ ਚੁੱਕ ਕੇ ਵਿੱਤ ਮੰਤਰੀ ਦਾ ਮਜ਼ਾਕ ਉਡਾਇਆ ਹੈ।
ਇਸ ਵੀਡੀਓ ਵਿਚ ਕਾਮਰਾ ਨੇ ਨਿਰਮਲਾ ਸੀਤਾਰਾਮਨ ਨੂੰ ‘ਸਾੜ੍ਹੀ ਵਾਲੀ ਦੀਦੀ’ ਕਿਹਾ ਹੈ, ਜਿਸ ਨਾਲ ਹੁਣ ਹੰਗਾਮਾ ਹੋ ਗਿਆ ਹੈ। ਸੀਤਾਰਾਮਨ ’ਤੇ ਵਿਅੰਗ ਕੱਸਦੇ ਹੋਏ ਕਾਮਰਾ ਨੇ ਆਪਣੇ ਨਵੇਂ ਪੈਰੋਡੀ ਗੀਤ ਦੀ ਸ਼ੁਰੂਆਤ ਵਿਚ ਕਿਹਾ ਕਿ…ਆਪਕਾ ਟੈਕਸ ਕਾ ਪੈਸਾ ਹੋ ਰਹਾ ਹੈ ਹਵਾ ਹਵਾਈ, ਦੇਸ਼ ਮੇਂ ਇਤਨੀ ਮਹਿੰਗਾਈ, ਸਰਕਾਰ ਸਾਥ ਹੈ ਆਈ, ਲੋਗੋਂ ਕੀ ਲੂਟਨੇ ਕਮਾਈ, ਸਾੜ੍ਹੀ ਵਾਲੀ ਦੀਦੀ ਹੈ ਆਈ। ਸੈਲਰੀ ਚੁਰਾਨੇ ਯੇ ਹੈ ਆਈ, ਮਿਡਲ ਕਲਾਸ ਦਬਾਨੇ ਯੇ ਹੈ ਆਈ, ਪੌਪਕਾਰਨ ਖਿਲਾਨੇ ਯੇ ਹੈ ਆਈ, ਕਹਤੇ ਹੈਂ ਇਸਕੋ ਨਿਰਮਲਾ ਤਾਈ…। ਇਸ ਗੀਤ ਰਾਹੀਂ ਕਾਮਰਾ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਆਮ ਲੋਕਾਂ ਦੇ ਟੈਕਸ ਦਾ ਪੈਸਾ ਬਰਬਾਦ ਹੋ ਰਿਹਾ ਹੈ ਅਤੇ ਮੱਧ ਵਰਗ ਦੀਆਂ ਜੇਬਾਂ ਖਾਲੀ ਹੋ ਰਹੀਆਂ ਹਨ।