ਕੀ ਤੁਹਾਡਾ ਹਰ ਮਹਿਫ਼ਲ ਵਿੱਚ ਸਵਾਗਤ ਹੁੰਦਾ ਹੈ

walia bigਕੁਝ ਲੋਕ ਅਜਿਹੇ ਹੁੰਦੇ ਹਨ, ਜਿਹਨਾਂ ਦੀ ਹਰ ਮਹਿਫਲ ਵਿੱਚ ਇੰਤਜ਼ਾਰ ਹੁੰਦੀ ਹੈ, ਜਿਹਨਾਂ ਦਾ ਹਰ ਮਹਿਫਲ ਵਿੱਚ ਸਵਾਗਤ ਹੁੰਦਾ ਹੈ, ਜਿਹਨਾਂ ਦੀ ਹਰ ਮਹਿਫਲ ਵਿੱਚ ਪ੍ਰਸ਼ੰਸਾ ਹੁੰਦੀ ਹੈ। ਜੋ ਹਰ ਮਹਿਫਲ ਦਾ ਸ਼ਿੰਗਾਰ ਹੁੰਦੇ ਹਨ। ਅਜਿਹੇ ਲੋਕ ਜਿੱਥੇ ਵੀ ਜਾਂਦੇ ਹਨ, ਉਥੇ ਹਾਸਿਆਂ ਦੀ ਪਟਾਰੀ ਖੁੱਲ੍ਹ ਜਾਂਦੀ ਹੈ, ਉਥੇ ਠਹਾਕੇ ਲੱਗਦੇ ਹਨ। ਹਰ ਮਨੁੱਖ ਦਿਲ ਹੀ ਦਿਲ ਅਜਿਹੇ ਸਨਮਾਨਦੀ ਲਾਲਸਾ ਰੱਖਦਾ ਹੈ। ਇਸ ਦੁਨੀਆਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਦੂਜਿਆਂ ਤੋਂ ਸਨਮਾਨ ਪ੍ਰਾਪਤ ਕਰਨਾ ਨਹੀਂ ਚਾਹੇਗਾ। ਹਰ ਮਨੁੱਖ ਹਰਮਨ ਪਿਆਰੀ ਸ਼ਖਸੀਅਤ ਬਣਨਾ ਚਾਹੁੰਦਾ ਹੈ। ਹਰ ਮਨ ਦੇ ਵਿੱਚ ਪਿਆਰ ਜਗਾਉਣ ਲਈ ਕੀਸਿਰਫ ਬਾਹਰੀ ਸੁੰਦਰਤਾ ਦੀ ਹੀ ਜ਼ਰੂਰਤ ਹੁੰਦੀ ਹੈ। ਕੀ ਮਹਿੰਗੇ ਬਸਤਰਾਂ ਅਤੇ ਮਹਿੰਗੇ ਗਹਿਣਿਆਂ ਨਾਲ ਹੀ ਦਿਲਾਂ ਨੂੰ ਜਿੱਤਿਆ ਜਾ ਸਕਦਾ ਹੈ। ਅਕਸਰ ਬਾਹਰੀ ਸੁੰਦਰਤਾ ਨੂੰ ਚੰਗੀ ਸ਼ਖਸੀਅਤ ਅਤੇ ਚੰਗੇ ਵਿਅਕਤਿਤਵ ਦਾ ਮਾਪਦੰਡ ਸਮਝ ਲਿਆ ਜਾਂਦਾ ਹੈ ਪਰ ਪ੍ਰਭਾਵਸ਼ਾਲੀ ਵਿਅਕਤੀ ਸਿਰਫ ਸਰੀਰ ਦਾ ਹੀ ਨਹੀਂ ਸਗੋਂ ਮਨ ਦਾ ਵੀ ਸੁੰਦਰ ਹੁੰਦਾ ਹੈ। ਸਿਰਫ ਸੂਰਤ ਹੀ ਨਹੀਂ ਸਗੋਂ ਸੀਰਤ ਵੀ ਜ਼ਰੂਰੀ ਹੁੰਦੀ ਹੈ ਅੱਛੀ ਸ਼ਖਸੀਅਤ ਸਿਰਜਣ ਲਈ। ਵੇਖਣ ਵਿੱਚ ਆਇਆ ਹੈ ਕਿ ਚੰਗੀ ਸੂਰਤ ਅਤੇ ਚੰਗੀ ਸੀਰਤ ਵਾਲੇ ਇਨਸਾਨ ਹੀ ਮਨਾਂ ‘ਤੇ ਵੱਡਾ ਪ੍ਰਭਾਵ ਛੱਡਦੇ ਹਨ। ਮੁੱਖ ਉਤੇ ਮਿੱਠੀ ਮੁਸਕਾਨ, ਵਿਵਹਾਰ ਵਿੱਚ ਸਿਸ਼ਟਾਚਾਰ ਅਤੇ ਗੱਲਬਾਤ ਕਰਨ ਦਾ ਸਲੀਕਾ ਸਾਡੀ ਸ਼ਖਸੀਅਤ ਦੀ ਪਹਿਚਾਣ ਬਣਦੇ ਹਨ। ਇਹਨਾਂ ਮੁਢਲੇ ਗੁਣਾਂ ਤੋਂ ਬਿਨਾਂ ਹੋਰ ਅਨੇਕਾਂ ਅਜਿਹੇ ਗੁਣ ਤੁਹਾਡੀ ਸ਼ਖਸੀਅਤ ਦਾ ਹਿੱਸਾ ਹੋਣੇ ਚਾਹੀਦੇ ਹਨ ਮਗਰ ਤੁਸੀਂ ਲੋਕ ਮਨਾਂ ਵਿੱਚ ਆਪਣੀ ਥਾਂ ਬਣਾਉਣੀ ਹੈ। ਇਹਨਾਂ ਵਿੱਚੋਂ ਕੁਝ ਹੇਠ ਲਿਖੇ ਹਨ:
(1) ਸਕਾਰਤਮਕ ਸੋਚ- ਸੋਚ ਹਮੇਸ਼ਾ ਹਾਂ-ਪੱਖੀ ਹੋਣੀ ਚਾਹੀਦੀ ਹੈ। ਸਕਾਰਾਤਮਕ ਸੋਚ ਦੇ ਧਾਰਨੀ ਲੋਕਾਂ ਦੀ ਸ਼ਖਸੀਅਤ ਇਕ ਖਾਸ ਕਿਸਮ ਦੀ ਖਿੱਚ ਰੱਖਦੀ ਹੈ। ਅਜਿਹੀ ਸੋਚ ਦੇ ਮਾਲਕ ਹਮੇਸ਼ਾ ਹਰ ਘਟਨਾ ਨੂੰ ਹਾਂ-ਪੱਖੀ ਨਜ਼ਰੀਏ ਤੋਂ ਵੇਖਦੇ ਹਨ। ਇਸ ਤੋਂ ਉਲਟ ਨਾਂਹ-ਪੱਖੀ ਸੋਚ ਰੱਖਣ ਵਾਲੇ ਲੋਕਾਂ ਨੂੰ ਹਰ ਚੀਜ਼, ਹਰ ਘਟਨਾ ਅਤੇ ਹਰ ਮਨੁੱਖ ਵਿੱਚੋਂ ਘਾਟਾਂ ਹੀ ਨਜ਼ਰ ਆਉਂਦੀਆਂ ਹਨ। ਨਿਰਾਸ਼ਾਵਾਦੀ ਲੋਕਾਂ ਤੋਂ ਲੋਕ ਕੰਨੀ ਕਤਰਾਉਣ ਲੱਗ ਪੈਂਦੇ ਹਨ। ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਲੋਕਾਂ ਨੂੰ ਮਿਲੇ ਤਾਂ ਹਾਂ-ਪੱਖੀ ਗੱਲਾਂ ਕਰੋ। ਸਕਾਰਾਤਮਕ ਸੋਚ ਦੇ ਧਾਰਨੀ ਲੋਕਾਂ ਦੇ ਚਿਹਰੇ ਵੀ ਪ੍ਰਭਾਵਸ਼ਾਲੀ ਬਣ ਜਾਂਦੇ ਹਨ।
(2) ਆਲੋਚਨਾ ਕਰਨ ਦੀ ਆਦਤ: ਲੋਕਾਂ ਦੀ ਆਲੋਚਨਾ ਕਰਨਾ, ਦੂਜਿਆਂ ਨੂੰ ਬੁਰਾ ਕਹਿਣਾ, ਦੂਜਿਆਂ ਦਾ ਮਜ਼ਾਕ ਉਡਾਉਣਾ, ਦੂਜਿਆਂ ਨੂੰ ਨੀਚਾ ਦਿਖਾਉਣਾ ਅਤੇ ਦੂਜਿਆਂ ਦੀ ਨਿੰਦਾ ਚੁਗਲੀ ਕਰਨਾ ਬੁਰੀ ਆਦਤ ਹੈ। ਆਮ ਤੌਰ ‘ਤੇ ਵੇਖਣ ਵਿੱਚ ਆਇਆ ਹੈ ਕਿ ਹਰ ਕਿਸੇ ਦੀ ਆਲੋਚਨਾ ਕਰਨ ਵਾਲੇ ਲੋਕ ਮਹਿਸਾਸ-ਏ-ਕਮਤਰੀ ਦਾ ਸ਼ਿਕਾਰ ਹੁੰਦੇ ਹਨ। ਆਲੋਚਨਾ ਕਰਨ ਦੇ ਆਦੀ ਲੋਕ ਅਕਸਰ ਨਿਰਾਸ਼ਾਵਾਦੀ ਬਣ ਜਾਂਦੇ ਹਨ। ਆਲੋਚਨਾ ਕਰਨ ਵਾਲੇ ਲੋਕਾਂ ਦਾ ਗਲਤ ਕਿਸਮ ਦਾ ਪ੍ਰਭਾਵ ਦੂਜਿਆਂ ਉਪਰ ਪੈਂਦਾ ਹੈ। ਅਜਿਹੇ ਲੋਕ ਭਲਾ ਦੂਜਿਆਂ ਦੇ ਸਨਮਾਨ ਦੇ ਪਾਤਰ ਕਿਸ ਤਰ੍ਹਾਂ ਬਣ ਸਕਦੇ ਹਨ।
(3) ਈਰਖਾ- ਈਰਖਾ ਇਕ ਅਜਿਹੀ ਅੱਗ ਹੈ ਜਿਸ ਵਿੱਚ ਜਲਣ ਵਾਲੇ ਮਨੁੱਖ ਮਾਨਸਿਕ ਤੌਰ ‘ਤੇ ਵਿਕਲਾਂਗ ਹੋ ਜਾਂਦੇ ਹਨ। ਈਰਖਾ, ਨਿੰਦਾ ਚੁਗਲੀ ਅਤੇ ਆਲੋਚਨਾ ਆਦਿ ਸਕੀਆਂ ਭੈਣਾਂ ਹੀ ਹਨ। ਜ਼ਿੰਦਗੀ ਵਿੱਚ ਅਸਫਲ ਰਹਿਣ ਵਾਲੇ ਲੋਕ ਅਕਸਰ ਈਰਖਾ ਦਾ ਸ਼ਿਕਾਰ ਹੋ ਜਾਂਦੇ ਹਨ। ਆਮ ਤੌਰ ‘ਤੇ ਘਰਾਂ ਅਤੇ ਦਫਤਰਾਂ ਵਿੱਚ ਈਰਖਾ ਦੀ ਅੱਗ ਵਿੱਚ ਸੜਨ ਵਾਲੇ ਲੋਕ ਮਿਲ ਜਾਂਦੇ ਹਨ। ਦੂਜੇ ਦੀ ਤਰੱਕੀ ਨੂੰ ਵੇਖ ਕੇ ਜਲਣ ਵਾਲੇ ਲੋਕ ਜਿੱਥੇ ਆਪ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦੇ ਹਨ, ਉਥੇ ਉਹਨਾਂ ਦਾ ਵਿਅਕਤਿਤਵ ਵੀ ਨਕਾਰਾਤਮਕ ਹੋ ਜਾਂਦਾ ਹੈ। ਨਤੀਜੇ ਵਜੋਂ ਉਨ੍ਹਾਂ ਨੂੰ ਦੂਜਿਆਂ ਵੱਲੋਂ ਸਨਮਾਨ ਅਤੇ ਸਤਿਕਾਰ ਨਹੀਂ ਮਿਲਦਾ। ਦੂਜਿਆਂ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਸਿੱਖਣਾ ਚਾਹੀਦਾ ਹੈ। ਦੂਜਿਆਂ ਦੀ ਕਾਮਯਾਬੀ ‘ਤੇ ਰਸਕ ਤਾਂ ਹੋਵੇ ਪਰ ਈਰਖਾ ਨਹੀਂ। ਅਜਿਹੀ ਸ਼ਖਸੀਅਤ ਦੇ ਧਾਰਨੀ ਲੋਕ ਹੀ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਮਾਲਕ ਬਣ ਸਕਦੇ ਹਨ।
(4) ਬਹਿਸ ਤੋਂ ਬਚਣ ਦੀ ਲੋੜ-
ਬਹਿਸ ਤੋਂਬਚਣ ਦਾ ਇਕੋ ਇਕ ਤਰੀਕਾ ਹੈ ਕਿ ਬਹਿਸ ਨਾ ਕੀਤੀ ਜਾਵੇ। ਬਹਿਸ ਵਿੱਚ ਹਮੇਸ਼ਾ ਹਾਰ ਹੀ ਹੁੰਦੀ ਹੈ। ਤਰਕ ਅਤੇ ਦਲੀਲ ਨਾਲ ਜਿੱਤ ਕੇ ਵੀ ਤੁਸੀਂ ਹਾਰ ਜਾਂਦੇ ਹੋ। ਤਰਕ ਨਾਲ ਤੁਸੀਂਜਿੱਤ ਕੇ ਦੂਜੇ ਵਿਅਕਤੀ ਦੀ ਹਉਮੈ ਨੂੰ ਜ਼ਖਮੀ ਕਰ ਦਿੰਦੇ ਹੋ। ਇਸ ਤਰ੍ਹਾਂ ਭਾਵੇਂ ਉਹ ਦਲੀਲ ਨਾਲ ਤੁਹਾਡੇ ਨੁਕਤੇ ਨਾ ਕੱਟ ਸਕੇ ਪਰ ਤੁਸੀਂ ਉਸਦੇ ਦਿਲ ਨੂੰ ਨਹੀਂ ਜਿੱਤ ਸਕਦੇ। ਦਲੀਲ ਨਾਲ ਜਿੱਤ ਕੇ ਬੰਦੇ ਨੂੰ ਗੁਆ ਲੈਣਾ ਕਿੱਧਰ ਦੀ ਜਿੱਤ ਹੁੰਦੀ ਹੈ। ਆਪਣੇ ਆਪ ਨੂੰ ਸਹੀ ਸਿੱਧ ਕਰਨ ਦਾ ਮਤਲਬ ਦੂਜੇ ਨੂੰ ਗਲਤ ਸਿੱਧ ਕਰਨਾ ਹੁੰਦਾ ਹੈ। ਜਿਸਨੂੰ ਗਲਤ ਸਿੱਧ ਕਰੋਗੇ ਤਾਂ ਉਹ ਤੁਹਾਡਾ ਮਿੱਤਰ ਕਿਵੇਂ ਬਣ ਸਕੇਗਾ। ਤੁਹਾਨੂੰ ਪ੍ਰੇਮ ਕਿਸ ਤਰ੍ਹਾਂ ਕਰ ਸਕੇਗਾ। ਤੁਹਾਡੀ ਪ੍ਰਸੰਸਾ ਦਾ ਪਾਤਰ ਕਿਵੇਂ ਬਣ ਸਕੇਗਾ। ਤੁਹਾਨੂੰ ਸਨਮਾਨ ਕਿਸ ਤਰ੍ਹਾਂ ਦੇਵੇਗਾ। ਸੋ ਜੇ ਪ੍ਰੇਮ ਚਾਹੁੰਦੇ ਹੋ, ਪ੍ਰਸੰਸਾ ਚਾਹੁੰਦੇ ਅਤੇ ਸਤਿਕਾਰ ਚਾਹੁੰਦੇ ਹੋ ਤਾਂ ਬੇਕਾਰ ਅਤੇ ਬੇਲੋੜੀ ਬਹਿਸ ਤੋਂ ਬਚੋ। ਤੁਹਾਨੂੰ ਆਪਣੀ ਸ਼ਖਸੀਅਤ ਵਿੱਚ ਅਜਿਹੀ ਕਲਾ ਦਾ ਵਿਕਾਸ ਕਰਨਾ ਚਾਹੀਦਾ ਹੈ, ਜਿਹੜੀ ਸਹਿਮਤੀ ਅਤੇ ਅਸਹਿਮਤੀ ਨੂੰ ਸੁਭਾਵਿਕ ਅਤੇ ਪ੍ਰੇਮ ਪੂਰਵਕ ਤਰੀਕੇ ਨਾਲ ਪ੍ਰਗਟ ਕਰ ਸਕੇ।
(5) ਚੰਗੇ ਸਰੋਤਾ ਬਣੋ- ਲੋਕਾਂ ਦੇ ਦਿਲਾਂ ਨੂੰ ਜਿੱਤਣ ਦੀ ਚਾਹਤ ਰੱਖਣ ਵਾਲੇ ਲੋਕ ਸੁਣਨ ਦੀ ਕਲਾ ਵਿੱਚ ਮਾਹਿਰ ਹੁੰਦੇ ਹਨ। ਸਭ ਤੋਂ ਔਖਾ ਅਤੇ ਜ਼ਰੂਰੀ ਗੁਣ ਸੁਣਨ ਦਾ ਗੁਣ ਹੁੰਦਾ ਹੈ। ਬਾਬਾ ਨਾਨਕ ਨੇ ਵੀ ਜਪੁਜੀ ਸਾਹਿਬ ਵਿੱਚ ਸੁਣਨ ਦੀ ਮਹਿਮਾ ਦਾ ਬਖਿਆਨ ਕੀਤਾ ਹੈ। ਬਿਨਾਂ ਸੋਚੇ ਸਮਝੇ ਬੋਲੀ ਜਾਣ ਵਾਲੇ ਲੋਕ ਚੰਗੇ ਸਰੋਤੇ ਨਹੀਂ ਹੁੰਦੇ। ਚੰਗੇ ਸਰੋਤੇ ਬੋਲਣ ਦੀ ਕਲਾ ਵਿੱਚ ਮਾਹਿਰ ਬਣ ਜਾਂਦੇ ਹਨ। ਹਮੇਸ਼ਾ ਦੂਜਿਆਂ ਨੂੰ ਬੋਲਣ ਦਾ ਮੌਕਾ ਦਿਓ। ਚੰਗੇ ਸਰੋਤਾ ਬਣੋ। ਠੀਕ ਹੁੰਗਾਰਾ ਭਰਨਾ ਸਿੱਖੋ। ਸਿਰਫ ਵਿਖਾਵੇ ਲਈ ਸਰੋਤੇ ਨਾ ਬਣੋ ਸਗੋਂ ਦਿਲੋਂ ਹੁੰਗਾਰਾ ਭਰੋ। ਇੰਝ ਕਰਨ ਨਾਲ ਦੂਜਿਆਂ ਦੇ ਦਿਲਾਂ ਦੇ ਤਾਲਿਆਂ ਦੀ ਚਾਬੀ ਤੁਹਾਡੇ ਹੱਥ ਲੱਗ ਜਾਵੇਗੀ। ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਲੋਕ ਬਿਨਾਂ ਸਾਹਮਣੇ ਵਾਲੇ ਦੀ ਪ੍ਰਤੀਕਿਰਿਆ ਜਾਣੇ ਆਪਣੀ ਗੱਲ ਜਾਰੀ ਰੱਖਦੇ ਹਨ ਅਤੇ ਕਈ ਵਾਰੀ ਤਾਂ ਬੜਬੋਲੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਉਹ ਕੀ ਬੋਲ ਰਹੇ ਹਨ। ਇਕ ਚੰਗੀ ਸ਼ਖਸੀਅਤ ਦਾ ਮਾਲਕ ਇਨਸਾਨ ਬੋਲਣ ਅਤੇ ਸੁਣਨ ਵਿੱਚ ਸੰਜਮ ਵਰਤਦਾ ਹੈ। ਚੰਗੇ ਸਰੋਤੇ ਹਮੇਸ਼ਾ ਚੰਗੇ ਦੋਸਤ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ।
(7) ਕਥਨੀ ਅਤੇ ਕਰਨੀ- ਲੋਕਾਂ ਵੱਲੋਂ ਸਤਿਕਾਰ ਅਤੇ ਸਨਮਾਨ ਪ੍ਰਾਪਤ ਕਰਨ ਵਾਲੇ ਲੋਕਾਂ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਨਹੀਂ ਹੁੰਦੀ। ਜੀਵਨ ਵਿੱਚ ਸਤਿਕਾਰ ਦੇ ਅਧਿਕਾਰੀ ਉਹ ਲੋਕ ਹੁੰਦੇ ਹਨ ਜੋ ਮਨ, ਬਾਣੀ ਅਤੇ ਕਰਮ ਤੋਂ ਇਕ ਹੁੰਦੇ ਹਨ। ਅਜਿਹੇ ਲੋਕ ਜੋ ਸੋਚਦੇ ਹਨ, ਉਹੀ ਕਹਿੰਦੇ ਹਨ ਅਤੇ ਜੋ ਕਹਿੰਦੇ ਹਨ ਉਹੀ ਕਰਦੇ ਹਨ। ਅਜਿਹੇ ਲੋਕ ਹੀ ਸਮਾਜ ਦੇ ਵਿਸ਼ਵਾਸ ਦੇ ਪਾਤਰ ਹੁੰਦੇ ਹਨ। ਇਹੀ ਕਾਰਨ ਹੈ ਕਿ ਅੱਜ ਸਾਡੇ ਸਮਾਜ ਵਿੱਚ ਸਿਆਸੀ ਲੋਕਾਂ ਦੇ ਕਿਰਦਾਰ ‘ਤੇ ਸ਼ੱਕ ਕੀਤਾ ਜਾਂਦਾ ਹੈ। ਜ਼ਿਆਦਾਤਰ ਸਿਆਸੀ ਨੇਤਾ ਕਹਿੰਦੇ ਕੁਝ ਹੋਰ ਹਨ ਅਤੇ ਕਰਦੇ ਕੁਝ ਹੋਰ ਹਨ। ਨਤੀਜੇ ਵਜੋਂ ਲੋਕਾਂ ਵੱਲੋਂ ਸਨਮਾਨ ਦੀ ਥਾਂ ਅਪਮਾਨ ਮਿਲਦਾ ਹੈ।
(8) ਨਿਮਰਤਾ- ਨਿਮਰ ਮਨੁੱਖ ਧਰਤੀ ਵਰਗਾ ਹੁੰਦਾ ਹੈ, ਜਿਹੜੀ ਰਾਜੇ ਤੇ ਭਿਖਾਰੀ ਦੋਹਾਂ ਦੇ ਪੈਰ ਚੁੰਮਦੀ ਹੈ। ਕੋਰੀਆ ਦਾ ਅਖਾਣ ਹੈ ਕਿ ਆਪਣੇ ਪੇਸ਼ੇ ਅੰਦਰ ਉਚੇ ਨਿਸ਼ਾਨ ਰੱਖੋਪਰ ਆਪਣੇ ਦਿਲ ਅੰਦਰ ਨਿਮਰਤਾ ਬਣਾਈ ਰੱਖੋ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫ਼ੁਰਮਾਇਆ ਹੈ:
ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ
ਬਾਬਾ ਫਰੀਦ ਜੀ ਕਹਿੰਦੇ ਹਨ:
ਫਰੀਦਾ ਜੋ ਤੈ ਮਾਰਿਨ ਮੁੱਕੀਆ ਤਿਨਾ ਨਾ ਮਾਰੇ ਘੁੰਮਿ
ਆਪਨੜੇ ਘਰਿ ਜਾਇਐ ਪੈਰ ਤਿਨਾ ਦੇ ਚੁੰਮਿ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਅਤੇ ਭਗਤਾਂ ਨੇ ਆਪਣੀ ਬਾਣੀ ਵਿੱਚ ਨਿਮਰਤਾ ਦੇ ਗੁਣ ਨੂੰ ਬਹੁਤ ਵਡਿਆਇਆ ਹੈ। ਕਿਸੇ ਸ਼ਖਸੀਅਤ ਵਿੱਚ ਨਿਮਰਤਾ ਦਾ ਗੁਣ ਉਸਨੂੰ ਬਹੁਤ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ। ਨਿਮਰ ਮਨੁੱਖ ਦਾ ਹਰ ਥਾਂ ਸਵਾਗਤ ਹੁੰਦਾ ਹੈ।
ਨਿਮਰਤਾ ਬਾਜ਼ਾਰ ‘ਚ ਮੁੱਲ ਨਹੀਂ ਵਿਕਦੀ, ਇਸਨੂੰ ਆਪਣੇ ਵਿਅਕਤਿਤਵ ਦਾ ਹਿੱਸਾ ਬਣਾਉਣ ਲਈ ਮਨੁੱਖ ਨੂੰ ਆਪਣੀ ਸੋਚ ਬਦਲਣੀ ਪੈਂਦੀ ਹੈ ਅਤੇ ਸੋਚ ਨੂੰ ਬਦਲਣਾ ਸੌਖਾ ਕੰਮ ਨਹੀਂ ਹੁੰਦਾ। ਇਹ ਵੀ ਕਿਹਾ ਜਾਂਦਾ ਹੈ ਕਿ ਇਕ ਤਰਫਾ ਨਿਮਰਤਾ ਬਹੁਤੀ ਦੇਰ ਕਾਇਮ ਨਹੀਂ ਰਹਿ ਸਕਦੀ। ਭਾਵੇਂ ਕੁਝਵੀ ਹੋਵੇ ਹਰ ਮਹਿਫਲ ਵਿੱਚ ਸਨਮਾਨ ਦੇ ਚਾਹਤ ਵਾਲੀਆਂ ਸ਼ਖਸੀਅਤਾਂ ਨਿਮਰਤਾ ਦੇ ਗੁਣ ਨੂੰ ਅਪਣਾ ਹੀ ਲੈਂਦੀਆਂ ਹਨ। ਨਿਮਰ ਮਨੁੱਖ ਹਉਮੈ ਤੋਂ ਬਚਿਆ ਰਹਿੰਦਾ ਹੈ ਅਤੇ ਉਸਨੂੰ ਹਮੇਸ਼ਾ ਯਾਦ ਰਹਿੰਦਾ ਹੈ ‘ਹੰਕਾਰਿਆ ਸੋ ਮਾਰਿਆ’।
(9) ਦੂਜੇ ਮਨੁੱਖ ਦੀ ਲਾਜ ਰੱਖਣਾ- ਚੰਗੀ ਸ਼ਖਸੀਅਤ ਦੇ ਮਾਲਕ ਲੋਕ ਦੂਜੇ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦੇ ਹਨ। ਅਗਰ ਕੋਈ ਦੂਜਾ ਮਨੁੱਖ ਜਾਣੇ ਅਣਜਾਣੇ ਗਲਤੀ ਕਰ ਬੈਠਦਾ ਹੈ ਤਾਂ ਉਸਨੂੰ ਨਿਕਲਣ ਦਾ ਰਾਹ ਦਿੰਦੇ ਹਨ। ਉਸਦੀ ਲਾਜ ਬਚਾਉਣ ਦੀ ਕੋਸ਼ਿਸ਼ ਕਰਦੇ ਹਨ। ਦੂਜੇ ਮਨੁੱਖ ਦਾ ਮਜ਼ਾਕ ਉਡਾਉਣਾ, ਉਸਨੂੰ ਹਾਸੇ ਦਾ ਮੌਜੂ ਬਣਾਉਣਾ ਅਤੇ ਉਸਨੂੰ ਨਮੋਸ਼ੀ ਵਾਲੀ ਸਥਿਤੀ ਵਿੱਚ ਲੈ ਕੇ ਜਾਣਾ ਲੋਕ ਕਦੇ ਵੀ ਦੂਜਿਆਂ ਦੀ ਪ੍ਰਸੰਸਾ ਦੇ ਪਾਤਰ ਨਹੀਂ ਬਣ ਸਕਦੇ। ਦੂਜਿਆਂ ਨੂੰ ਨਮੋਸ਼ੀ ਤੋਂ ਬਚਾਉਣ ਵਾਲੇ ਲੋਕ ਹਮੇਸ਼ਾ ਪ੍ਰਸੰਸਾ ਦੇ ਪਾਤਰ ਬਣਦੇ ਹਨ।
(9) ਹੋਰਾਂ ਦੇ ਵਿਚਾਰਾਂ ਦੀ ਕਦਰ- ਹਮੇਸ਼ਾ ਦੂਜਿਆਂ ਦੇ ਵਿਚਾਰਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ। ਸਹਿਮਤ ਹੋਣਾ ਜ਼ਰੂਰੀ ਨਹੀਂ ਹੁੰਦਾ ਪਰ ਕਦੇ ਵੀ ਆਪਣੇ ਵਿਚਾਰ ਹੋਰਾਂ ਉਪਰ ਨਹੀਂ ਠੋਸਣੇ ਚਾਹੀਦੇ। ਬਹੁਤ ਸਾਰੇ ਲੋਕਾਂ ਸਿਰ ਆਪਣਾ ਹੀ ਗੋਗਾ ਗਾਉਣ ਨੂੰ ਤਰਜੀਹ ਦਿੰਦੇ ਹਨ ਜੋ ਕਿ ਚੰਗੀ ਗੱਲ ਨਹੀਂ ਹੁੰਦੀ। ਨਾ ਤਾਂ ਆਪਣੇ ਵਿਚਾਰਾਂ ਨੂੰ ਦੂਜਿਆਂ ਉਪਰ ਠੋਸੋ ਅਤੇ ਨਾ ਹੀ ਆਪਣੇ ਦੁੱਖਾਂ ਦਾ ਰੌਲਾ ਪਾਓ ਅਤੇ ਵਿਖਾਵਾ ਕਰਦੇ ਰਹੋ।
(10) ਵਿਖਾਵੇ ਤੋਂ ਬਚੋ- ਵਿਖਾਵਾ ਪਸੰਦ ਲੋਕ ਵੀ ਦੂਜਿਆਂ ਨੂੰ ਜ਼ਿਆਦਾ ਸਮੇਂ ਲਈ ਜ਼ਿਆਦਾ ਪ੍ਰਭਾਵਿਤ ਨਹੀਂ ਕਰ ਸਕਦੇ। ਸੋ ਵਿਖਾਵੇ ਵਾਲੀ ਬਿਰਤੀ ਤੋਂ ਬਚਣਾ ਚਾਹੀਦਾ ਹੈ।
(11) ਵਫਾਦਾਰੀ ਅਤੇ ਇਮਾਨਦਾਰੀ- ਇਹ ਦੋ ਗੁਣ ਅਜਿਹੇ ਹਨ ਜੋ ਕਿਸੇ ਵੀ ਸ਼ਖਸੀਅਤ ਦੇ ਆਲੇ ਦੁਆਲੇ ਇਮਾਨਦਾਰ ਅਤੇ ਵਫਾਦਾਰ ਦੋਸਤਾਂ ਦੀ ਮੰਡਲੀ ਖੜ੍ਹੀ ਕਰ ਸਕਦੇ ਹਨ। ਹਰ ਮਨੁੱਖ ਆਪਣੇ ਦੋਸਤ ਦੇ ਵਿੱਚ ਇਹ ਗੁਣ ਭਾਲਦਾ ਹੈ ਅਤੇ ਯਾਦ ਰੱਖੋ ਜੋ ਤੁਸੀਂ ਦੂਸਰਿਆਂ ਵਿੱਚ ਲੱਭ ਰਹੇ ਹੋ, ਉਹੀ ਦੂਸਰੇ ਤੁਹਾਡੇ ਵਿੱਚ ਲੱਭ ਰਹੇ ਹੁੰਦੇ ਹਨ।
ਇਉਂ ਉਕਤ ਕੁਝ ਗੁਣਾਂ ਨੂੰ ਧਾਰਨ ਕਰਕੇ ਕੋਈ ਵੀ ਮਨੁੱਖ ਆਪਣੀ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਅਤੇ ਮਿਕਨਾਤੀਸ਼ੀ ਬਣਾ ਸਕਦਾ ਹੈ। ਅਜਿਹੇ ਗੁਣਾਂ ਵਾਲੇ ਵਿਅਕਤੀ ਦਾ ਹਰ ਮਹਿਫਲ ਵਿੱਚ ਸਵਾਗਤ ਹੋਣਾ ਸੁਭਾਵਿਕ ਹੁੰਦਾ ਹੈ। ਮੈਨੂੰ ਪੂਰਨ ਆਸ ਹੈ ਕਿ ਤੁਸੀਂ ਵੀ ਅਜਿਹੇ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਜਿਹਨਾਂ ਦਾ ਇੰਤਜ਼ਾਰ ਹਰ ਮਹਿਫਲ ਵਿੱਚ ਹੁੰਦਾ ਹੈ।

LEAVE A REPLY