ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਹੱਕ ਵਿੱਚ ਕੀਤੇ ਫ਼ੈਸਲੇ ਨੂੰ ਵਾਪਸ ਲੈ ਲਿਆ ਗਿਆ ਅਤੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਸਿੱਖਾਂ ਖ਼ਿਲਾਫ਼ ਮੁਕੱਦਮੇ ਵੀ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ ਜਿਨ੍ਹਾਂ ਉੱਤੇ ਹਾਲ ਹੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਵਿਰੋਧ ਕਰਨ ਸਮੇਂ ਪੁਲਿਸ ਨਾਲ ਟੱਕਰ ਲੈਣ ਦਾ ਦੋਸ਼ ਸੀ। ਕਹਿਣ ਨੂੰ ਤਾਂ ਇਹ ਕ੍ਰਮਵਾਰ ਧਾਰਮਿਕ ਅਤੇ ਪ੍ਰਸ਼ਾਸਨਿਕ ਫ਼ੈਸਲੇ ਲੱਗਦੇ ਹਨ ਪਰ ਅਸਲੀਅਤ ਵਿੱਚ ਇਨ੍ਹਾਂ ਪਿਛੇ ਸਿਆਸਤ ਲੁਕੀ ਹੋਈ ਹੈ। ਉੱਪਰੋਂ ਅਕਾਲੀ ਦਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਵਿਰੋਧ ਵਿੱਚ ਪੰਜਾਬ ਬੰਦ ਨੂੰ ਮਿਲੇ ਹੁੰਗਾਰੇ ਦਾ ਵੀ ਡਰ ਸਤਾਉਣ ਲੱਗ ਪਿਆ ਹੈ। ਅਸਲ ਵਿੱਚ ਅਕਾਲੀ ਦਲ ‘ਤੇ ਇਹ ਦੋਸ਼ ਲੱਗ ਰਿਹਾ ਹੈ ਕਿ ਉਸ ਦੇ ਲੀਡਰ ਭਾਜਪਾ ਦੇ ਪ੍ਰਭਾਵ ਕਾਰਨ ਸਿੱਖ ਮੁੱਦਿਆਂ ਨੂੰ ਵਿਸਾਰੀ ਜਾ ਰਹੇ ਹਨ। ਇਸ ਕਾਰਨ ਅਕਾਲੀ ਦਲ ਦਾ ਹੁਣ ਲਗਾਤਾਰ ਵਿਰੋਧ ਹੋ ਰਿਹਾ ਹੈ। ਇਹ ਵਿਰੋਧ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਵਿਦੇਸ਼ਾਂ ਵਿੱਚ ਤਾਂ ਬਹੁਤੀ ਥਾਈਂ ਅਕਾਲੀ ਲੀਡਰਾਂ ਨੂੰ ਸਟੇਜਾਂ ‘ਤੇ ਬੋਲਣ ਤਕ ਨਹੀਂ ਦਿੱਤਾ ਗਿਆ। ਓਦੋਂ ਹੀ ਅਕਾਲੀ ਲੀਡਰਸ਼ਿਪ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਸੀ ਕਿ ਇਸ ਦਾ ਅਸਰ ਪੰਜਾਬ ਵਿੱਚ ਵੀ ਹੋ ਸਕਦਾ ਹੈ, ਪਰ ਅਕਾਲੀ ਦਲ ਨੇ ਸਿੱਖ ਭਾਵਨਾਵਾਂ ਦੀ ਪਰਵਾਹ ਨਹੀਂ ਕੀਤੀ ਬਲਕਿ ਇਸ ਤੋਂ ਉਲਟ ਜਾਂਦਿਆਂ ਹੋਇਆਂ ਸੱਚਾ ਸੌਦਾ ਡੇਰਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਦੁਆ ਦਿੱਤੀ। ਭਾਵੇਂ ਪੰਜਾਬ ਵਿੱਚ ਇਸ ਮੁਆਫੀ ਦਾ ਤਿੱਖਾ ਵਿਰੋਧ ਤਾਂ ਕੱਟੜਪੰਥੀ ਸਿੱਖਾਂ ਨੇ ਹੀ ਕੀਤਾ ਪਰ ਜੇਕਰ ਆਮ ਸਿੱਖ ਨਾਲ ਗੱਲ ਕੀਤੀ ਜਾਂਦੀ ਸੀ ਤਾਂ ਉਹ ਇਹੀ ਗੱਲ ਕਹਿੰਦਾ ਸੀ ਕਿ ਹੁਣ ਜਦੋਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਅਕਾਲੀ ਦਲ ਨੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਇਹ ਫ਼ੈਸਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਤੋਂ ਕਰਵਾ ਦਿੱਤਾ ਹੈ। ਇਸ ਫ਼ੈਸਲੇ ਦਾ ਹਿੰਸਕ ਵਿਰੋਧ ਓਦੋਂ ਸਾਹਮਣੇ ਆਇਆ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮਲ ਸਿੰਘ ਜੀ ਉੱਤੇ ਇਕ ਸਿੰਘ ਨੇ ਹਮਲਾ ਕਰ ਦਿੱਤਾ। ਉਸ ਸਿੱਖ ਨੌਜਵਾਨ ਨੂੰ ਗ਼੍ਰਿਫ਼ਤਾਰ ਵੀ ਕਰ ਲਿਆ ਗਿਆ ਅਤੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਇਆਂ ਗਿਆਨੀ ਜੀ ਨੇ ਉਸ ਨੌਜਵਾਨ ਨੂੰ ਮੁਆਫ਼ ਵੀ ਕਰ ਦਿੱਤਾ। ਉੱਪਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ ਹੈ। ਕਈ ਕਮੇਟੀ ਮੈਂਬਰ ਤਾਂ ਅਸਤੀਫ਼ਾ ਵੀ ਦੇ ਗਏ ਹਨ। ਹਾਲੇ ਇਨ੍ਹਾਂ ਘਟਨਾਵਾਂ ਕਾਰਨ ਗਰਮ ਹੋਇਆ ਮਾਹੌਲ ਸ਼ਾਂਤ ਨਹੀਂ ਹੋਇਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਸਾਹਮਣੇ ਆ ਗਈ। ਸਿੱਖਾਂ ਦਾ ਵਿਰੋਧ ਐਨਾ ਪ੍ਰਚੰਡ ਹੋ ਗਿਆ ਕਿ ਪੰਜਾਬ ਪੁਲਿਸ ਨੇ ਵਿਖਾਵਾਕਾਰੀਆਂ ‘ਤੇ ਗੋਲੀ ਚਲਾਉਣ ਦੀ ਵੱਡੀ ਭੁੱਲ ਕਰ ਦਿੱਤੀ ਜਿਸ ਕਾਰਨ ਦੋ ਸਿੰਘ ਸ਼ਹੀਦ ਹੋ ਗਏ। ਇਨ੍ਹਾਂ ਘਟਨਾਵਾਂ ਨੇ 80 ਤੇ 90 ਦੇ ਦਹਾਕੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਦੋਂ ਸਿੱਖਾਂ ਨੂੰ ਪੁਲਿਸ ਆਪਣਾ ਨਿਸ਼ਾਨਾ ਬਣਾਉਂਦੀ ਸੀ। ਇਸ ਘਟਨਾ ਦੇ ਵਿਰੋਧ ਵਿੱਚ ਪੰਜਾਬ ਬੰਦ ਹੋਇਆ। ਇਸ ਬੰਦ ਨੂੰ ਹੁੰਗਾਰਾ ਨਰਮ ਖ਼ਿਆਲੀ ਸਿੱਖਾਂ ਨੇ ਵੀ ਦਿੱਤਾ। ਇਸ ਤੋਂ ਪਹਿਲਾਂ ਕਿ ਪੰਜਾਬ ਦੇ ਹਾਲਾਤ ਹੋਰ ਖ਼ਰਾਬ ਹੁੰਦੇ ਅਤੇ ਮਾਹੌਲ ਅਕਾਲੀ ਲੀਡਰਸ਼ਿਪ ਦੇ ਹੋਰ ਜ਼ਿਆਦਾ ਖ਼ਿਲਾਫ਼ ਹੋ ਜਾਂਦਾ, ਧੜਾ-ਧੜ ਦੋ ਫ਼ੈਸਲੇ ਲੋਕਾਂ ਦੇ ਸਾਹਮਣੇ ਆ ਗਏ ਹਨ। ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਦੋ ਨੌਜਵਾਨਾਂ ਦੀ ਮੌਤ ਦੀ ਜਾਂਚ ਇਕ ਸਾਬਕਾ ਜੱਜ ਦੇ ਹਵਾਲੇ ਕਰ ਦਿੱਤੀ ਗਈ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਨ੍ਹਾਂ ਫ਼ੈਸਲਿਆਂ ਨਾਲ ਪੰਜਾਬ ਦੇ ਲੋਕਾਂ, ਖ਼ਾਸ ਕਰ ਕੇ ਸਿੱਖਾਂ, ਦੀਆਂ ਭਾਵਨਾਵਾਂ ਸ਼ਾਂਤ ਹੋ ਜਾਣਗੀਆਂ। ਫ਼ੌਰੀ ਤੌਰ ‘ਤੇ ਇਹੀ ਕਿਹਾ ਜਾ ਸਕਦਾ ਹੈ ਕਿ ਆਮ ਲੋਕਾਂ ਨੂੰ ਤਾਂ ਅਜਿਹਾ ਹੀ ਲੱਗੇਗਾ ਕਿ ਸਿੱਖ ਲੀਡਰਸ਼ਿਪ ਨੇ ਸਹੀ ਦਿਸ਼ਾ ਵਿੱਚ ਇੱਕ ਸਹੀ ਕਦਮ ਉਠਾਇਆ ਹੈ, ਪਰ ਜੇਕਰ ਬਾਰੀਕੀ ਨਾਲ ਘੋਖ ਕੀਤੀ ਜਾਵੇ ਤਾਂ ਅਜਿਹਾ ਹੀ ਜਾਪਦਾ ਹੈ ਕਿ ਸਿੱਖ ਸਿਆਸਤਦਾਨਾਂ ਅਤੇ ਸਿੱਖ ਧਾਰਮਿਕ ਲੀਡਰਾਂ ਨੂੰ ਛੇਤੀ ਹੀ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ। ਉਨ੍ਹਾਂ ਨੂੰ ਇਹ ਪਤਾ ਲਗ ਗਿਆ ਹੈ ਕਿ ਡੇਰਾ ਮੁਖੀ ਨਾਲ ਆਪਣੀ ਭਾਈਵਾਲ ਪਾਰਟੀ ਭਾਜਪਾ ਜਾਂ ਸੰਘ ਪਰਿਵਾਰ ਦੇ ਦਬਾਅ ਹੇਠ ਆ ਕੇ ਜੋ ਕੁਝ ਵੀ ਕੀਤਾ ਉਹ ਸਿੱਖ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਵਲੂੰਧਰ ਗਿਆ। ਜੇਕਰ ਅਜਿਹਾ ਫ਼ੈਸਲਾ ਹੀ ਕਰਨਾ ਸੀ ਤਾਂ ਇਹ ਉਦੋਂ ਹੀ ਕਰ ਲੈਣਾ ਚਾਹੀਦਾ ਸੀ ਜਦੋਂ ਡੇਰਾ ਮੁਖੀ ਨੇ ਸਿਧਾਂਤਾਂ ਨਾਲ ਖਿਲਵਾੜ ਕੀਤਾ ਸੀ। ਉਦੋਂ ਤਾਂ ਡੇਰਾ ਮੁਖੀ ਅਤੇ ਡੇਰਾ ਪ੍ਰੇਮੀਆਂ ਨੂੰ ਅਜਿਹਾ ਵੀ ਲੱਗ ਰਿਹਾ ਸੀ ਕਿ ਸੱਚਮੁੱਚ ਹੀ ਉਨ੍ਹਾਂ ਤੋਂ ਇਕ ਬਹੁਤ ਵੱਡੀ ਗ਼ਲਤੀ ਹੋਈ ਹੈ। ਸਮੇਂ ਦੀ ਨਬਜ਼ ਪਹਿਚਾਨਣ ਵਾਲੇ ਅਤੇ ਨਿਰਪੱਖ ਲੋਕਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪਿਛੇ ਕੋਈ ਬਹੁਤ ਵੱਡੀ ਸਾਜਿਸ਼ ਹੈ। ਮੌਜੂਦਾ ਅਕਾਲੀ ਸਰਕਾਰ ਤਾਂ ਇਹ ਨਹੀਂ ਚਾਹੇਗੀ ਕਿ ਸੂਬੇ ਅੰਦਰ ਅਮਨ ਅਤੇ ਕਾਨੂੰਨ ਦੀ ਵਿਵਸਥਾ ਖ਼ਰਾਬ ਹੋਵੇ ਕਿਉਂਕਿ ਇਸ ਨਾਲ ਜਿਥੇ ਸਰਕਾਰ ਦਾ ਅਕਸ ਖ਼ਰਾਬ ਹੁੰਦਾ ਹੈ, ਉਥੇ ਹੀ ਸਿੱਖਾਂ ਵਿੱਚ ਵੀ ਅਕਾਲੀ ਦਲ ਦੀ ਬਦਨਾਮੀ ਹੋ ਰਹੀ ਹੈ। ਨਿਸ਼ਚਿਤ ਹੀ ਕੁਝ ਅਜਿਹੇ ਲੋਕ ਹਨ ਜੋ ਜਾਂ ਤਾਂ ਸੂਬੇ ਅੰਦਰ ਦੁਬਾਰਾ ਤੋਂ ਹਿੰਸਕ ਮਾਹੌਲ ਬਣਾਉਣਾ ਚਾਹ ਰਹੇ ਹਨ ਜਾਂ ਫ਼ਿਰ ਉਹ ਲੋਕ ਹਨ ਜਿਹੜੇ 2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਬਦਨਾਮ ਕਰ ਕੇ ਸਿਆਸੀ ਲਾਭ ਉਠਾਉਣਾ ਚਾਹ ਰਹੇ ਹਨ। ਜਿਹੜੇ ਲੋਕ ਸਾਜ਼ਿਸ਼ ਕਰ ਰਹੇ ਹਨ ਉਨ੍ਹਾਂ ਦੀ ਗੱਲ ਕਰ ਕੇ ਅਜਿਹਾ ਨਹੀਂ ਹੈ ਕਿ ਅਕਾਲੀ ਲੀਡਰਸ਼ਿਪ ਦੇ ਪਾਪ ਧੋਤੇ ਗਏ ਹਨ। ਅਸਲ ਵਿੱਚ ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਸਿੱਖਾਂ ਦੀਆਂ ਸਰਵਉੱਚ ਸੰਸਥਾਵਾਂ ਦੇ ਮੁਖੀਆਂ ਨੂੰ ਆਪਣਾ ਦਾਸ ਬਣਾ ਹੋਇਆ ਹੈ। ਅਕਾਲੀ ਲੀਡਰਸ਼ਿਪ ਜਦੋਂ ਚਾਹੁੰਦੀ ਹੈ ਉਹ ਇਨ੍ਹਾਂ ਸੰਸਥਾਵਾਂ ਦੇ ਮੁਖੀਆਂ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਵਰਤ ਲੈਂਦੀ ਹੈ। ਇਹ ਜੋ ਪਿਰਤ ਚਲੀ ਆ ਰਹੀ ਹੈ, ਉਸ ਨੇ ਸਿੱਖਾਂ ਦੇ ਸ਼ਾਨਦਾਰ ਇਤਿਹਾਸ ਨੂੰ ਕਲੰਕਿਤ ਕੀਤਾ ਹੈ। ਅੱਜ ਇਸ ਗੱਲ ਦੀ ਜ਼ਰੂਰਤ ਹੈ ਕਿ ਸਿੱਖ ਸਿਆਸੀ ਅਤੇ ਧਾਰਮਿਕ ਲੀਡਰ ਇਤਿਹਾਸ ਦੇ ਸੰਦਰਭ ਵਿੱਚ ਮੌਜੂਦਾ ਪ੍ਰਸਥਿਤੀਆਂ ਦੀ ਪੜਚੋਲ ਕਰਨ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗੇ ਕਿ ਸਿਰਫ਼ ਕੁਰਸੀਆਂ ਤੇ ਅਹੁਦਿਆਂ ਦੀ ਖ਼ਾਤਰ ਉਹ ਕਿਸ ਤਰ੍ਹਾਂ ਦਾ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰ ਰਹੇ ਹਨ। ਇਸ ਖਿਲਵਾੜ ਨਾਲ ਅਸੀਂ ਨਿਸ਼ਚਿਤ ਰੂਪ ‘ਚ ਇਤਿਹਾਸ ਦੀ ਪਿੱਠ ਵਿੱਚ ਵੀ ਛੁਰਾ ਮਾਰ ਰਹੇ ਹਾਂ ਅਤੇ ਭਵਿੱਖ ਨੂੰ ਵੀ ਧੁੰਦਲਾ ਕਰ ਰਹੇ ਹਾਂ। ਜਦੋਂ ਸਾਡੀ ਅੱਜ ਦੀ ਨਵੀਂ ਪੀੜ੍ਹੀ ਸਾਡੇ ਸਿਆਸੀ ਤੇ ਧਾਰਮਿਕ ਲੀਡਰਾਂ ਦੇ ਕਿਰਦਾਰ ਨੂੰ ਦੇਖੇਗੀ ਤਾਂ ਉਹ ਵੀ ਇਸੇ ਪਾਸੇ ਚੱਲੇਗੀ ਅਤੇ ਉਸ ਲਈ ਵੀ ਨਿੱਜੀ ਅਤੇ ਪਰਿਵਾਰਕ ਮੁਫ਼ਾਦ ਹੀ ਸਰਵਉੱਚ ਹੋਣਗੇ ਨਾ ਕਿ ਸਿੱਖ ਸਿਧਾਂਤ।