”ਮੈਂ ਵੀ ਅਖਬਾਰ ਵਿਚ ਲਿਖਣਾ ਚਾਹੁੰਦਾ ਹਾਂ, ਮੇਰੇ ਮਨ ਵਿਚ ਬਹੁਤ ਕੁਝ ਹੈ ਪਰ ਪਤਾ ਨਹੀਂ ਲੱਗ ਰਿਹਾ ਕਿਵੇਂ ਲਿਖਾਂ?”
”ਦਿਲ ਤਾਂ ਮੇਰਾ ਵੀ ਕਰਦਾ ਹੈ ਕਿ ਮੇਰਾ ਨਾਮ ਵੀ ਅਖਬਾਰ ਵਿਚ ਛਪੇ ਪਰ ਮੈਂ ਲਿਖਾਂ ਤਾਂ ਕੀ ਲਿਖਾਂ। ਕੁਝ ਵੀ ਸਮਝ ਨਹੀਂ ਆਉਂਦਾ”
”ਬਹੁਤ ਸੋਚਣ ਦੇ ਬਾਵਜੂਦ ਮੇਰੇ ਕੋਲ ਲਿਖਣ ਲਈ ਨਾ ਤਾਂ ਕੋਈ ਵਿਸ਼ਾ ਹੁੰਦਾ ਹੈ ਅਤੇ ਨਾ ਹੀ ਮਸਾਲਾ ਪਰ ਮੇਰੀ ਚਾਹਤ ਲੇਖਕ ਬਣਨ ਦੀ ਹੈ।”
ਉਕਤ ਕਿਸਮ ਦੇ ਸਵਾਲ ਅਕਸਰ ਮੈਨੂੰ ਪੁੱਛੇ ਜਾਂਦੇ ਹਨ। ਇਹ ਸਵਾਲ ਕਰਨ ਵਾਲੇ ਵਿਦਿਆਰਥੀ ਵੀ ਹੁੰਦੇ ਹਨ ਅਤੇ ਆਮ ਪਾਠਕ ਵੀ। ਅਸਲ ਵਿਚ ਫ਼ੀਚਰ ਲਿਖਣ ਦੀ ਕਲਾ ਬਾਰੇ ਇਹ ਲੇਖ ਲਿਖਣ ਦਾ ਅਸਲੀ ਕਾਰਨ ਅਜਿਹੇ ਸਵਾਲਾਂ ਦਾ ਜਵਾਬ ਦੇਣਾ ਹੈ। ਫ਼ੀਚਰ ਲਿਖਣ ਦੇ ਚਾਹਵਾਨ ਵਿਅਕਤੀਆਂ ਲਈ ਇਕ ਮਹੱਤਵਪੂਰਨ ਨੁਕਤਾ ਵਿਸ਼ੇ ਦੀ ਚੋਣ ਹੁੰਦਾ ਹੈ।
ਫ਼ੀਚਰ ਵਿਚ ਵਿਸ਼ੇ ਦੀ ਚੋਣ ਬਹੁਤ ਅਹਿਮੀਅਤ ਰੱਖਦੀ ਹੈ। ਪੱਤਰਕਾਰੀ ਵਿਚ ਫ਼ੀਚਰ ਇਕ ਅਜਿਹੀ ਵਿਧਾ ਹੈ ਜੋ ਇਸ ਬ੍ਰਹਿਮੰਡ ਦੇ ਕਿਸੇ ਵੀ ਵਿਸ਼ੇ ਉਪਰ ਲਿਖਿਆ ਜਾ ਸਕਦਾ ਹੈ। ਫ਼ੀਚਰ ਲੇਖਕ ਨੂੰ ਕਿਸੇ ਵੀ ਚੋਣ ਵਿਚ ਪੂਰਨ ਸੁਤੰਤਰਤਾ ਪ੍ਰਾਪਤ ਹੁੰਦੀ ਹੈ। ਉਹ ਸੂਈ ਤੋਂ ਲੈ ਕੇ ਜਹਾਜ਼ ਤੱਕ, ਆਕਾਸ਼ ਦੀਆਂ ਉਚਾਈਆਂ ਤੋਂ ਲੈ ਕੇ ਸਮੁੰਦਰ ਦੀਆਂ ਗਹਿਰਾਈਆਂ ਤੱਕ, ਸਰੀਰ ਦੀ ਸੁੰਦਰਤਾ ਤੋਂ ਲੈ ਕੇ ਮਨ ਮਸਤਕ ਵਿਚ ਚੱਲ ਰਹੇ ਵਿਚਾਰ ਪ੍ਰਵਾਹ ਤੱਕ ਅਤੇ ਪੰਛੀਆਂ, ਜਾਨਵਰਾਂ, ਜੰਗਲਾਂ ਅਤੇ ਸਮੁੱਚੀ ਵਨਸਪਤੀ ਤੱਕ ਕਿਸੇ ਨੂੰ ਵੀ ਆਪਣਾ ਵਿਸ਼ਾ ਬਣਾ ਸਕਦਾ ਹੈ। ਫ਼ੀਚਰ ਲੇਖਕ ਵਿਸ਼ੇ ਦੀ ਚੋਣ ਵਿਚ ਜਿੰਨੀ ਖੁੱਲ੍ਹ ਮਾਣ ਸਕਦਾ ਹੈ, ਉਨੀ ਨਾ ਤਾਂ ਰਿਪੋਰਟਰ ਅਤੇ ਨਾ ਹੀ ਆਰਟੀਕਲ ਲੇਖਕ ਮਾਣ ਸਕਦਾ ਹੈ। ਵਿਸ਼ੇ ਦੀ ਚੋਣ ਕਰਨ ਸਮੇਂ ਫ਼ੀਚਰ ਲੇਖਕ ਨੂੰ ਵਿਸ਼ੇ ਵਿਚ ਉਸਦੀ ਦਿਲਚਸਪੀ, ਵਿਸ਼ੇ ਦੀ ਸਾਰਥਕਤਾ ਅਤੇ ਸਮੇਂ ਦੀ ਜ਼ਰੂਰਤ ਨੂੰ ਜ਼ਰੂਰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਵਿਸ਼ਾ ਚੁਣਨ ਸਮੇਂ ਫ਼ੀਚਰ ਲੇਖਕ ਇਹ ਜ਼ਰੂਰ ਵਿਚਾਰ ਲਵੇ ਕਿ ਫ਼ੀਚਰ ਰਾਹੀਂ ਦਿੱਤੀ ਜਾ ਰਹੀ ਜਾਣਕਾਰੀ ਪਾਠਕ ਨੂੰ ਕੀ ਦੇ ਰਹੀ ਹੈ। ਫ਼ੀਚਰ ਪਾਠਕ ਨੂੰ ਬਹੁ-ਮੁੱਲੀ ਜਾਣਕਾਰੀ ਦੇਵੇ, ਹਸਾਵੇ, ਰੁਆਵੇ, ਕੋਈ ਸੁਨੇਹਾ ਦੇਵੇ, ਕੋਈ ਜਜ਼ਬਾ ਪੈਦਾ ਕਰੇ, ਮਤਲਬ ਕੁਝ ਨਾ ਕੁਝ ਜ਼ਰੂਰ ਦੇਵੇ।
ਕਿਵੇਂ ਕਰੀਏ ਵਿਸ਼ੇ ਦੀ ਚੋਣ?
ਰੋਜ਼ਾਨਾ ਅਖਬਾਰ ਪੜ੍ਹੋ, ਇਕ ਤੋਂ ਵੱਧ ਅਖਬਾਰ ਪੜ੍ਹੋ। ਰਸਾਲੇ ਪੜ੍ਹੋ, ਖਬਰਾਂ ਪੜ੍ਹੋ, ਟੀ. ਵੀ. ਉਤੇ ਚਲੰਤ ਮਾਮਲਿਆਂ ਬਾਰੇ ਪ੍ਰੋਗਰਾਮ ਦੇਖੋ। ਜਦੋਂ ਤੁਸੀਂ ਗੰਭੀਰਤਾ ਨਾਲ ਨੀਝ ਲਾ ਕੇ ਅਖਬਾਰ ਪੜ੍ਹਦੇ ਹੋ ਤਾਂ ਤੁਹਾਡੀਆਂ ਨਜ਼ਰਾਂ ਹੇਠ ਅਨੇਕਾਂ ਅਜਿਹੀਆਂ ਖਬਰਾਂ ਆ ਜਾਂਦੀਆਂ ਹਨ, ਜਿਹਨਾਂ ਵਿਚ ਫ਼ੀਚਰ ਦਾ ਮਸਲਾ ਪਿਆ ਹੁੰਦਾ ਹੈ। ਨਿਊਜ਼ ਫ਼ੀਚਰ ਲਿਖਣ ਦੇ ਇਛੁੱਕ ਫ਼ੀਚਰ ਲੇਖਕ ਇਸੇ ਵਿਧੀ ਨਾਲ ਆਪਣੇ ਵਿਸ਼ੇ ਚੁਣਦੇ ਹਨ। ਹਰ ਰੋਜ਼ ਅਜਿਹੀਆਂ ਖਬਰਾਂ ਛਪਦੀਆਂ ਹਨ ਜੋ ਵਿਆਖਿਆ ਦੀ ਮੰਗ ਕਰਦੀਆਂ ਹਨ, ਜੋ ਖੋਜ ਦੀ ਮੰਗ ਕਰਦੀਆਂ ਹਨ, ਜਿਹਨਾਂ ਨੂੰ ਪਾਠਕ ਸਮਝਣਾ ਚਾਹੁੰਦੇ ਹਨ। ਫ਼ਰਜ਼ ਕਰੋ ਲੋਕ ਸਭਾ ਵਿਚ ਆਨੰਦ ਮੈਰਿਜ ਐਕਟ ‘ਤੇ ਬਹਿਸ ਹੋਈ ਤਾਂ ਪਾਠਕ ਚਾਹੇਗਾ ਕਿ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮਿਲੇ। ਇਸਦੇ ਪਾਸ ਹੋਣ ਤੋਂ ਬਾਅਦ ਸਿੱਖ ਕੌਮ ਨੂੰ ਕੀ ਫ਼ਾਇਦਾ ਹੋਵੇਗਾ। ਕੀ ਕਾਰਨ ਹੈ ਕਿ ਆਜ਼ਾਦੀ ਤੋਂ ਬਾਅਦ ਅਜੇ ਤੱਕ ਇਹ ਲਾਗੂ ਨਹੀਂ ਕੀਤਾ ਗਿਆ। ਪਾਠਕ ਦੇ ਮਨ ਵਿਚ ਉੱਠੇ ਅਨੇਕਾਂ ਸਵਾਲਾਂ ਦਾ ਜਵਾਬ ਇਹ ਫ਼ੀਚਰ ਦੇਵੇਗਾ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਵਿਚ ਐਸ. ਵਾਈ. ਐਲ. ਨਹਿਰ ਸਬੰਧੀ ਡੀਨੋਟੀਫ਼ਿਕੇਸ਼ਨ ਵਾਲੇ ਮਤੇ ਬਾਰੇ ਵੀ ਖਬਰ ਦਾ ਵਿਸ਼ਲੇਸ਼ਣ ਕਰਦਾ ਹੋਇਆ ਫ਼ੀਚਰ ਲਿਖਿਆ ਜਾ ਸਕਦਾ ਹੈ। ਬਹੁਤ ਸਾਰੇ ਸਮਾਜਿਕ ਮੁੱਦੇ ਵੀ ਫ਼ੀਚਰ ਦਾ ਵਿਸ਼ਾ ਬਣਦੇ ਹਨ। ਮਿਸਾਲ ਦੇ ਤੌਰ ‘ਤੇ ਅਖਬਾਰ ਵਿਚ ਛਾਪੀ ਇਸ ਖਬਰ ਉਤੇ ਕਿ ਇਕ ਪਿਓ ਨੇ ਆਪਣੀ 16 ਵਰ੍ਹਿਆਂ ਦੀ ਧੀ ਨੂੰ ਇਸ ਕਰਕੇ ਦਾਤੀ ਨਾਲ ਵੱਢ ਦਿੱਤਾ ਕਿਉਂਕਿ ਉਹ ਸਕੂਲੋਂ ਦੇਰ ਨਾਲ ਘਰ ਪਹੁੰਚੀ ਸੀ। ਇਕ ਫ਼ੀਚਰ ਲਿਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਨਵਜੰਮੀ ਬੱਚੀ ਨੂੰ ਰੂੜੀ ਉਤੇ ਸੁੱਟਣ ਵਾਲੀ ਖਬਰ ਉਤੇ ਇਕ ਵਧੀਆ ਸਮਾਜਿਕ ਫ਼ੀਚਰ ਬਣ ਸਕਦਾ ਹੈ। ਵਿਸ਼ਵ ਵਿਚ ਕੁਦਰਤੀ ਆਫ਼ਤਾਂ ਦੌਰਾਨ ਸਿੱਖਾਂ ਵੱਲੋਂ ਲਾਏ ਜਾਂਦੇ ਲੰਗਰ ਉਤੇ ਵੀ ਖੂਬਸੂਰਤ ਫ਼ੀਚਰ ਬਣਾਇਆ ਜਾ ਸਕਦਾ ਹੈ। ਕੈਨੇਡਾ ਵਿਚ ਬਣੇ ਸਿੱਖ ਮੰਤਰੀਆਂ ਦੇ ਹਵਾਲੇ ਨਾਲ ‘ਸਿੱਖਾਂ ਦੀ ਚੜ੍ਹਤ’ ਉਤੇ ਫ਼ੀਚਰ ਲਿਖਿਆ ਜਾ ਸਕਦਾ ਹੈ। ਬਿਨਾਂ ਹੱਥਾਂ ਵਾਲੀ ਇਕ ਪੇਂਡੂ ਕੁੜੀ ਦੇ ਜੱਜ ਬਣਨ ਵਾਲੀ ਖਬਰ ਇਕ ਪ੍ਰੇਰਨਾਤਮਕ ਫ਼ੀਚਰ ਨੂੰ ਜਨਮ ਦੇ ਦਿੰਦੀ ਹੈ। ਨੁਕਤਾ ਹੈ ਇਹ ਕਿ ਅਖਬਾਰਾਂ ਦੀਆਂ ਖਬਰਾਂ ਵਿਚੋਂ ਅਨੇਕਾਂ ਫ਼ੀਚਰ ਲੱਭੇ ਜਾ ਸਕਦੇ ਹਨ।
ਫ਼ਿਲਮਾਂ ਵੀ ਫ਼ੀਚਰ ਦਾ ਵਿਸ਼ਾ
ਆਮ ਪਾਠਕ ਫ਼ਿਲਮਾਂ ਬਾਰੇ ਜਾਣਕਾਰੀ ਹਾਸਲ ਕਰਨ ਵਿਚ ਖਾਸੀ ਦਿਲਚਸਪੀ ਰੱਖਦਾ ਹੈ। ਫ਼ਿਲਮਾਂ ਦੀ ਗਲੈਮਰ ਭਰੀ ਦੁਨੀਆਂ ਪਾਠਕਾਂ ਨੂੰ ਖਿੱਚ ਪਾਉਂਦੀ ਹੈ। ਨਵੀਆਂ ਰਿਲੀਜ਼ ਹੋਈਆਂ ਫ਼ਿਲਮਾਂ ਬਾਰੇ ਪਾਠਕਾਂ ਦੀ ਵਿਸ਼ੇਸ਼ ਰੁਚੀ ਹੁੰਦੀ ਹੈ। ਦਿਲਚਸਪ ਢੰਗ ਨਾਲ ਕੀਤੀ ਫ਼ਿਲਮ ਸਮੀਖਿਆ ਵੱਡੀ ਗਿਣਤੀ ਵਿਚ ਪੜ੍ਹੀ ਜਾਂਦੀ ਹੈ। ਫ਼ਿਲਮੀ ਹੀਰੋ ਅਤੇ ਹੀਰੋਇਨਾਂ ਦੀ ਜ਼ਿੰਦਗੀ ਬਾਰੇ ਵੀ ਪਾਠਕ ਖਿੱਚ ਰੱਖਦੇ ਹਨ। ਸੋ ਪਾਠਕਾਂ ਦੀ ਇਸ ਰੁਚੀ ਨੂੰ ਮੁੱਖ ਰੱਖ ਕੇ ਫ਼ਿਲਮਾਂ ਬਾਰੇ ਫ਼ੀਚਰ ਲਿਖਿਆ ਜਾ ਸਕਦਾ ਹੈ। ਜਦੋਂ ਵੀ ਤੁਸੀਂ ਫ਼ਿਲਮ ਦੇਖੋ ਤਾਂ ਉਸਦੀ ਕਹਾਣੀ, ਥੀਮ, ਡਾਇਰੈਕਸ਼ਨ, ਐਕਟਿੰਗ ਅਤੇ ਸੰਗੀਤ ਆਦਿ ਨੂੰ ਚੰਗੀ ਤਰ੍ਹਾਂ ਵਾਚੋ। ਫ਼ਿਲਮ ਨੂੰ ਆਮ ਪਾਠਕ ਦੀ ਤਰ੍ਹਾਂ ਨਾ ਵੇਖੋ ਸਗੋਂ ਇਕ ਸਮੀਖਿਅਕ ਦੀ ਤਰ੍ਹਾਂ ਵੇਖੋ। ਫ਼ਰਜ਼ ਕਰੋ ਤੁਸੀਂ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ‘ਲਵ ਪੰਜਾਬ’ ਵੇਖੀ ਹੈ ਤਾਂ ਤੁਸੀਂ ਇਕ ਵਧੀਆ ਫ਼ੀਚਰ ਲਿਖ ਸਕਦੇ ਹੋ। ਤੁਸੀਂ ਕਹਿ ਸਕਦੇ ਹੋ ਅੰਗਰੇਜ਼ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਅਮਰਿੰਦਰ ਗਿੱਲ ‘ਲਵ ਪੰਜਾਬ’ ਵਿਚ ਵੀ ਸਫ਼ਲਤਾ ਦੇ ਝੰਡੇ ਗੱਡਣ ਵਿਚ ਕਾਮਯਾਬ ਰਿਹਾ। ਫ਼ਿਲਮ ਦੀ ਨਾਇਕਾ ਸਰਗੁਣ ਮਹਿਤਾ ਵੀ ਠੀਕ ਰਹੀ। ਫ਼ਿਲਮ ਨੇ ਕੈਨੇਡਾ ਵਿਚ ਪੱਕੇ ਹੋਣ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਪੇਸ਼ ਕਰਦੇ ਹੋਏ ਕੈਨੇਡਾ ਵਿਚ ਵੱਧ ਰਹੇ ਤਲਾਕ ਦੇ ਕੇਸਾਂ ਨੂੰ ਪੇਸ਼ ਕੀਤਾ ਹੈ। ਇਉਂ ਤੁਸੀਂ ਆਪਣੇ ਫ਼ੀਚਰ ਵਿਚ ਦੱਸ ਸਕਦੇ ਹੋ ਕਿ ਫ਼ਿਲਮ ਚੰਗੀ ਹੈ, ਮੰਦੀ ਹੈ, ਬਾਕਸ ਆਫ਼ਿਸ ‘ਤੇ ਕਿੰਨੀ ਕਮਾਈ ਕਰ ਰਹੀ ਹੈ। ਗਾਣੇ ਅਤੇ ਸੰਗੀਤ ਕਿਹੋ ਜਿਹਾ ਲੱਗਿਆ। ਕਿਹੜਾ ਅਦਾਕਾਰ ਸਫ਼ਲ ਹੈ ਅਤੇ ਕਿਹੜਾ ਅਸਫ਼ਲ। ਅਜਿਹੇ ਅਨੇਕਾਂ ਸਵਾਲਾਂ ਦੇ ਜਵਾਬ ਤੁਹਾਡਾ ਫ਼ੀਚਰ ਦੇ ਸਕਦਾ ਹੈ।
ਯਾਤਰਾ ਬਿਰਤਾਂਤ
ਆਧੁਨਿਕ ਸਮੇਂ ਵਿਚ ਆਵਾਜਾਈ ਦੇ ਸਾਧਨਾਂ ਦੇ ਵਿਕਾਸ ਕਾਰਨ ਮਨੁੱਖ ਵਧੇਰੇ ਗਤੀਸ਼ੀਲ ਹੋ ਗਿਆ ਹੈ ਅਤੇ ਉਸ ਵਿਚ ਵੱਖ-ਵੱਖ ਥਾਵਾਂ ਨੂੰ ਜਾਨਣ ਦੀ ਇੱਛਾ ਵੱਧ ਗਈ ਹੈ। ਇਸ ਕਾਰਨ ਕਈ ਅਖਬਾਰਾਂ ਵਿਚ ਯਾਤਰਾ ਬਿਰਤਾਂਤ ਇਕ ਸਥਾਈ ਫ਼ੀਚਰ ਦੇ ਤੌਰ ‘ਤੇ ਛਪ ਰਹੇ ਹਨ। ਇਸ ਤਰ੍ਹਾਂ ਦੇ ਫ਼ੀਚਰਾਂ ਵਿਚ ਜਿੱਥੇ ਯਾਤਰਾ ਦੇ ਬਿਰਤਾਂਤ ਨੂੰ ਦਿਲਚਸਪ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਉਥੇ ਇਤਿਹਾਸਕ ਸਥਾਨਾਂ, ਸ਼ਹਿਰਾਂ ਅਤੇ ਥਾਵਾਂ ਬਾਰੇ ਜਾਣਕਾਰੀ ਪਾਠਕਾਂ ਨੂੰ ਪ੍ਰਾਪਤ ਹੁੰਦੀ ਹੈ। ਉਦਾਹਰਣ ਵਜੋਂ ਮੈਂ ਵਿਕਟੋਰੀਆ ਬਾਰੇ ਲਿਖਿਆ ਸੀ ”ਸੈਰ ਸ਼ਹਿਰ ਵਿਕਟੋਰੀਆ ਦੀ”। ਇਸ ਵਿਚ ਮੈਂ ਲਿਖਿਆ ਵਿਕਟੋਰੀਆ ਵਿਚ ਬੜਾ ਕੁਝ ਵੇਖਣ ਵਾਲਾ ਹੈ। ਬੁਚਾਰਟ ਗਾਰਡਨ ਹੈ, ਪਾਰਲੀਮੈਂਟ ਹਾਊਸ ਹੈ, ਮਿਊਜ਼ੀਅਮ ਹੈ, ਸਮੁੰਦਰ ਦੇ ਹੇਠਾਂ ਬਣਿਆ ਮਿਊਜ਼ੀਅਮ, ਵੈਕਸ ਮਿਊਜ਼ੀਅਮ ਵਿਚ ਬਣੇ ਮੋਮ ਦੇ ਬੁੱਤ ਵੀ ਵੇਖਣ ਵਾਲੇ ਹਨ। ਤੁਸੀਂ ਦੱਸੋ ਪਹਿਲਾਂ ਕਿੱਧਰ ਚੱਲੀਏ।” ਦਰਸ਼ਨ ਗਿੱਲ ਕਾਰ ਵਿਚ ਬੈਠਣ ਸਾਰ ਪੁੱਛਣ ਲੱਗਾ।
”ਗੁਰਦੁਆਰਾ ਸਾਹਿਬ ਚੱਲੋ, ਪਹਿਲਾਂ ਤਾਂ” ਮੇਰੀ ਦਿਲਚਸਪੀ ਇਸ ਖੂਬਸੂਰਤ ਸ਼ਹਿਰ ਵਿਚ ਬਣੇ ਗੁਰੂ ਘਰ ਦੇ ਦਰਸ਼ਨ ਕਰਨ ਦੀ ਸੀ। ਪਹਿਲਾਂ ਗੱਲਾਂ ਗੱਲਾਂ ਵਿਚ ਦਰਸ਼ਨ ਗਿੱਲ ਦੱਸ ਚੁੱਕਾ ਸੀ ਕਿ ਉਹ ਵੀ ਗੁਰਦੁਆਰਾ ਕਮੇਟੀ ਦਾ ਮੈਂਬਰ ਰਹਿ ਚੁੱਕਾ ਸੀ।
ਦਰਸ਼ਨ ਨੇ ਕਾਰ ਗੁਰਦੁਆਰਾ ਸਾਹਿਬ ਵੱਲ ਨੂੰ ਮੋੜ ਲਈ ਅਤੇ ਨਾਲ ਨਾਲ ਗੁਰੂ ਘਰ ਦੇ ਇਤਿਹਾਸ ਬਾਰੇ ਦੱਸਣ ਲੱਗਾ। ਮੈਨੂੰ ਹੈਰਾਨੀ ਹੋਈ ਕਿ ਕਿਸੇ ਸਮੇਂ ਇੱਥੇ ਨੰਗੇ ਸਿਰ ਜਾਣ ਦੀ ਆਗਿਆ ਸੀ। ਵਿਕਟੋਰੀਆ ਵਰਗੇ ਸ਼ਹਿਰ ਵਿਚ ਇੰਨਾ ਖੂਬਸੂਰਤ ਗੁਰੂ ਘਰ ਵੇਖ ਕੇ ਮੇਰਾ ਮਨ ਪ੍ਰਸੰਨਤਾ ਦੇ ਨਾਲ ਨਾਲ ਸਿੱਖੀ ਚੜ੍ਹਤ ਵੇਖ ਕੇ ਗਦ ਗਦ ਹੋ ਗਿਆ।
”ਚਲੋ, ਹੁਣ ਤੁਹਾਨੂੰ ਜ਼ੀਰੋ ਆਇਲਜ਼ ਦਾ ਪੱਥਰ ਦਿਖਾਉਂਦੇ ਹਾਂ” ਦਰਸ਼ਨ ਨੇ ਕਾਰ ਸਟਾਰਟ ਕਰਦੇ ਹੋਏ ਕਿਹਾ। ਉਂਝ ਤੁਹਾਡੇ ਕਲ ਟਾਈਮ ਘੱਟ ਹੈ, ਇੱਥੇ ਦੇਖਣ ਨੂੰ ਬਹੁਤ ਕੁਝ ਹੈ। ਇਹ ਸ਼ਹਿਰ ਦੁਨੀਆਂ ਦਾ ਪ੍ਰਸਿੱਧ ਟੂਰਿਸਟ ਸੈਂਟਰ ਹੈ। ਇਹ ਛੋਟਾ ਜਿਹਾ ਸ਼ਹਿਰ ਸਿਰਫ਼ 20 ਵਰਗ ਕਿਲੋਮੀਟਰ ਵਿਚ ਵੱਸਿਆ ਹੋਇਆ ਹੈ। ਇੱਥੇ ਹਰ ਵਰ੍ਹੇ ਤਕਰੀਬਨ 37 ਲੱਖ ਟੂਰਿਸਟ ਆਉਂਦੇ ਹਨ। ਵਿਕਟੋਰੀਆ ਦੀ ਆਮਦਨ ਦਾ ਮੁੱਖ ਸਰੋਤ ਟੂਰਿਜ਼ਮ ਹੈ। ਵਿਕਟੋਰੀਆ ਗਰੂਇਜ਼ਸ਼ਿਪ ਪੋਸਟ ਹੈ। ਇੱਥੇ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਥੀਏਟਰ, ਰੈਸਟੋਰੈਂਟ, ਪੱਬ ਅਤੇ ਨਾਈਟ ਕਲੱਬਾਂ ਹਨ। ਇੱਥੇ ਹਰ ਦਿਨ ਕੋਈ ਨਾ ਕੋਈ ਸਮਾਰੋਹ ਹੁੰਦੇ ਰਹਿੰਦੇ ਹਨ। ਕੈਨੇਡਾ ਦੀ ਆਤਿਸ਼ਬਾਜ਼ੀ ਵੇਖਣਯੋਗ ਹੁੰਦੀ ਹੈ। 1994 ਦੀਆਂ ਕਾਮਨਵੈਲਥ ਗੇਮਜ਼ ਇੱਥੇ ਹੀ ਹੋਈਆਂ ਸਨ। ਸਾਈਕਲ ਰੇਸ ਵੀ ਹਰ ਵਰ੍ਹੇ ਹੁੰਦੀ ਹੈ।
ਇਉਂ ਯਾਤਰਾ ਬਿਰਤਾਂਤ ਵਿਕਟੋਰੀਆ ਸੈਰ ਬਾਰੇ ਨਿੱਗਰ ਜਾਣਕਾਰੀ ਦੇ ਰਿਹਾ ਹੈ। ਇਸ ਤਰ੍ਹਾਂ ਫ਼ੀਚਰਾਂ ਵਿਚ ਉਹੀ ਫ਼ੀਚਰ ਵਧੀਆ ਤੇ ਸਫ਼ਲ ਫ਼ੀਚਰ ਮੰਨਿਆ ਜਾਂਦਾ ਹੈ ਜੋ ਜਾਣਕਾਰੀ ਨੂੰ ਅਜਿਹੇ ਦਿਲਚਸਪ ਢੰਗ ਨਾਲ ਪੇਸ਼ ਕਰਦਾ ਹੈ ਕਿ ਪਾਠਕ ਉਸਨੂੰ ਮੁੱਢ ਤੋਂ ਅੰਤ ਤੱਕ ਪੜ੍ਹ ਕੇ ਹੀ ਦਮ ਲੈਂਦਾ ਹੈ। ਇੱਥੇ ਵੀ ਨੂਕਤਾ ਸਪਸ਼ਟ ਹੈ ਕਿ ਦੁਨੀਆਂ ਦੇ ਕਿਸੇ ਸ਼ਹਿਰ ਦੀ ਯਾਤਰਾ ਕਰਨ ਸਮੇਂ ਉਥੋਂ ਦੇ ਇਤਿਹਾਸ, ਜੋਗਰਾਫ਼ੀਏ, ਪ੍ਰਸਿੱਧ ਥਾਵਾਂ ਅਤੇ ਸਭਿਆਚਾਰ ਆਦਿ ਬਾਰੇ ਵੱਧ ਤੋਂ ਵੱਧ ਜਾਣਕਾਰੀ ਲਵੋ। ਇਸ ਕੰਮ ਵਿਚ ਗੂਗਲ ਵੀ ਤੁਹਾਡੀ ਸਹਾਇਤਾ ਕਰ ਸਕਦਾ ਹੈ। ਇਉਂ ਤੁਸੀਂ ਇਕ ਚੰਗਾ ਬਿਰਤਾਂਤ ਫ਼ੀਚਰ ਲਿਖਣ ਵਿਚ ਕਾਮਯਾਬ ਹੋ ਸਕਦੇ ਹੋ।
ਇਸੇ ਤਰ੍ਹਾਂ ਰੇਖਾ-ਚਿੱਤਰ, ਮਾਨਵੀ ਦਿਲਚਸਪੀ ਫ਼ੀਚਰ, ਇਤਿਹਾਸਕ ਫ਼ੀਚਰ ਅਤੇ ਵਿਗਿਆਨਕ ਫ਼ੀਚਰ ਆਦਿ ਲਿਖੇ ਜਾ ਸਕਦੇ ਹਨ।
ਫ਼ੀਚਰ ਲਿਖਣ ਸਮੇਂ ਕੲ. ਵਾਰ ਲੇਖਕ ਆਪਣੇ ਤਜਰਬੇ ਪਾਠਕਾਂ ਨਾਲ ਸਾਂਝੇ ਕਰਦਾ ਹੈ। ਲੇਖਕ ਆਪਣੇ ਅਨੁਭਵ ਦੇ ਆਧਾਰ ‘ਤੇ ਲਿਖੇ ਗਏ ਫ਼ੀਚਰ ਮਿਡਲ ਅਖਵਾਉਂਦੇ ਹਨ। ਮਿਡਲ ਫ਼ੀਚਰਾਂ ਵਿਚ ਲੇਖਕਾਂ ਦੀ ਅਨੁਭੂਤੀ ਅਤੇ ਨਿਜੀ ਤਜਰਬਿਆਂ ਦਾ ਵਰਣਨ ਕੀਤਾ ਹੁੰਦਾ ਹੈ। ਇਸੇ ਤਰ੍ਹਾਂ ਵਿਚਾਰ ਟੋਟੇ (ਥਿੰਕ ਪੀਸ) ਵੀ ਲਿਖੇ ਜਾ ਸਕਦੇ ਹਨ। ਇਸ ਲੇਖ ਦਾ ਮੰਤਵ ਪਾਠਕਾਂ ਨੂੰ ਫ਼ੀਚਰ ਲਿਖਣ ਸਬੰਧੀ ਕੁਝ ਨੁਕਤੇ ਪੇਸ਼ ਕਰਨਾ ਸੀ। ਆਸ ਹੈ ਕਿ ਤੁਸੀਂ ਉਕਤ ਨੁਕਤਿਆਂ ਨੂੰ ਸਮਝਦੇ ਹੋਏ ਵਧੀਆ ਫ਼ੀਚਰ ਲਿਖਣ ਦੇ ਕਾਬਲ ਬਣੋਗੇ। ਫ਼ੀਚਰ ਲਿਖਣ ਸਬੰਧੀ ਕੁਝ ਹੋਰ ਜਾਣਕਾਰੀ ਫ਼ਿਰ ਕਦੇ ਦੇਵਾਂਗਾ।