ਕਾਂਗਰਸ ਵੱਲੋਂ ਚੋਣ ਪ੍ਰਚਾਰ ਕਮੇਟੀ ਦਾ ਗਠਨ, ਰਾਣਾ ਕੇ. ਪੀ. ਸਿੰਘ ਬਣੇ ਚੇਅਰਮੈਨ

ਚੰਡੀਗੜ੍ਹ : ਪੰਜਾਬ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਪ੍ਰਚਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦਾ ਚੇਅਰਮੈਨ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਲਾਇਆ ਗਿਆ ਹੈ। ਕਮੇਟੀ ’ਚ 35 ਮੈਂਬਰਾਂ ਨੂੰ ਥਾਂ ਦਿੱਤੀ ਗਈ ਹੈ। ਸੁਖਵਿੰਦਰ ਸਿੰਘ ਡੈਨੀ ਨੂੰ ਕੋ-ਚੇਅਰਮੈਨ, ਹਰਦਿਆਲ ਕੰਬੋਜ ਨੂੰ ਕੋ-ਚੇਅਰਮੈਨ, ਪਵਨ ਆਦੀਆ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਖਡੂਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੂੰ ਕਨਵੀਨਰ ਬਣਾਇਆ ਗਿਆ ਹੈ। ਕਮੇਟੀ ਦੇ ਮੈਂਬਰਾਂ ’ਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜੀਆਂ, ਰਾਣਾ ਗੁਰਜੀਤ ਸਿੰਘ, ਸੁਖਵਿੰਦਰ ਸਿੰਘ ਸਰਕਾਰੀਆ, ਸਾਬਕਾ ਉਪ ਮੁੱਖ ਮੰਤਰੀ ਓ.ਪੀ.ਸੋਨੀ, ਅਰੁਣਾ ਚੌਧਰੀ, ਮਨਜੀਤ ਸਿੰਘ ਸਮੇਤ ਸਾਬਕਾ ਪੀ.ਸੀ.ਸੀ.ਸੀ. ਪ੍ਰਧਾਨ ਕਮੇਟੀ ਦੇ ਮੈਂਬਰ ਬਣਾਏ ਗਏ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂਆਂ, ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੂੰ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ।
ਪਾਰਟੀ ਨੇ ਪੰਜਾਬ ਕਾਂਗਰਸ ਦੇ ਸਾਰੇ ਸਾਬਕਾ ਪ੍ਰਧਾਨਾਂ, ਸੀ.ਡਬਲਯੂ.ਸੀ. ਦੇ ਸਾਰੇ ਸਾਬਕਾ ਮੈਂਬਰਾਂ, ਸਥਾਈ ਤੇ ਵਿਸ਼ੇਸ਼ ਮੈਂਬਰਾਂ ਨੂੰ ਵੀ ਪ੍ਰਚਾਰ ਕਮੇਟੀ ’ਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ, ਸੀ.ਐੱਲ.ਪੀ. ਆਗੂ, ਕਾਰਜਕਾਰੀ ਪ੍ਰਦੇਸ਼ ਕਾਂਗਰਸ ਪ੍ਰਧਾਨ, ਪ੍ਰਦੇਸ਼ ਕਾਂਗਰਸ ਫਰੰਟ ਸੰਗਠਨਾਂ ਦੇ ਮੁਖੀ, ਚੇਅਰਮੈਨ ਪੀ.ਸੀ.ਸੀ.ਸੀ .ਓ.ਬੀ.ਸੀ ਵਿੰਗ ਨੂੰ ਵੀ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।