ਪ੍ਰਯਾਗਰਾਜ : ਪ੍ਰਯਾਗਰਾਜ ਦੇ ਯਮੁਨਾ ਨਗਰ ਇਲਾਕੇ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਕਥਿਤ ਤੌਰ ‘ਤੇ ਬਿਜਲੀ ਡਿੱਗਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇੱਕ ਅਧਿਕਾਰੀ ਨੇ ਐਤਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਘਟਨਾ ਦੇ ਸਬੰਧ ਵਿਚ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਦੇਰ ਰਾਤ ਬਾਰਾ ਤਹਿਸੀਲ ਦੇ ਸੋਨਵਰਸ਼ਾ ਹਾਲਾਬੋਰ ਪਿੰਡ ਵਿੱਚ ਉਸ ਸਮੇਂ ਵਾਪਰੀ, ਜਦੋਂ ਵੀਰੇਂਦਰ ਵਨਵਾਸੀ ਆਪਣੇ ਪਰਿਵਾਰ ਨਾਲ ਘਾਹ ਦੀ ਛੱਤ ਹੇਠ ਸੌਂ ਰਿਹਾ ਸੀ।
ਆਰਾਮ ਕਰਦੇ ਸਮੇਂ ਉਹਨਾਂ ਲੋਕਾਂ ‘ਤੇ ਅਚਾਨਕ ਬਿਜਲੀ ਡਿੱਗ ਪਈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਵਿੱਤ ਅਤੇ ਮਾਲੀਆ) ਵਿਨੀਤਾ ਸਿੰਘ ਨੇ ਕਿਹਾ ਕਿ ਵੀਰੇਂਦਰ, ਉਸਦੀ ਪਤਨੀ ਪਾਰਵਤੀ, ਧੀ ਰਾਧਾ ਅਤੇ ਕਰਿਸ਼ਮਾ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।