ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀਆਂ ਯਾਦਾਂ

main-news-300x150ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਨਾਮ ਬਚਪਨ ਵਿੱਚ ਮਾਪਿਆਂ ਵਲੋ ਲਤੀਫ਼ ਮੁਹੱਮਦ ਰੱਖਿਆ ਗਿਆ ਸੀ। ਉਸ ਦਾ 15 ਨਵੰਬਰ 1949 ਨੂੰ ਪਿਤਾ ਨਿੱਕਾ ਖ਼ਾਨ ਦੇ ਘਰ ਪਿੰਡ ਜਲਾਲ ਨੇੜੇ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਵਿੱਚ ਹੋਇਆ ਜਿੱਥੇ ਉਸ ਨੂੰ ਸੰਗੀਤ ਵਿਰਾਸਤ ਵਿੱਚ ਮਿਲਿਆ। ਉਸ ਦੇ ਵੱਡੇ-ਵਡੇਰੇ ਮਹਾਰਾਜਾ ਨਾਭਾ ਹੀਰਾ ਸਿੰਘ ਦੇ ਦਰਬਾਰ ਵਿੱਚ ਹਜ਼ੂਰੀ ਰਾਗੀ ਸਨ। ਪਿਤਾ ਨਿੱਕਾ ਖ਼ਾਨ ਵੀ ਗਾਇਕ ਸਨ, ਇਸ ਲਈ ਗਾਇਕੀ ਵੱਲ ਮਾਣਕ ਦਾ ਝੁਕਾਅ ਬਚਪਨ ਤੋਂ ਹੀ ਸੀ। ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ ਅਤੇ ਉਨ੍ਹਾਂ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ। ਬੇਟਾ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ ਮਾਣਕ। ਯੁੱਧਵੀਰ ਵੀ ਗਾਇਕ ਹੈ। ਗਾਇਕੀ ਵੱਲ ਮਾਣਕ ਦਾ ਝੁਕਾਅ ਦੇਖ ਕੇ ਅਧਿਆਪਕਾਂ ਨੇ ਵੀ ਉਸ ਨੂੰ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਮਾਣਕ ਨੇ ਉਸਤਾਦ ਖ਼ੁਸ਼ੀ ਮੁਹੱਮਦ ਕੱਵਾਲ (ਫ਼ਿਰੋਜ਼ਪੁਰ) ਦਾ ਸ਼ਾਗਿਰਦ ਬਣ ਕੇ ਸੰਗੀਤ ਦੀ ਤਾਲੀਮ ਹਾਸਲ ਕੀਤੀ।
ਆਪਣੇ ਸੰਗੀਤਕ ਸਫ਼ਰ ਨੂੰ ਅੱਗੇ ਵਧਾਉਣ ਲਈ ਕੁਲਦੀਪ  ਮਾਣਕ ਪਿੰਡ ਛੱਡ ਲੁਧਿਆਣੇ ਆ ਗਿਆ ਅਤੇ ਗਾਇਕ ਹਰਚਰਨ ਗਰੇਵਾਲ ਅਤੇ ਸੀਮਾ ਨਾਲ਼ ਸਟੇਜਾਂ ਕਰਨੀਆਂ ਸ਼ੁਰੂ ਕੀਤੀਆਂ। 1968 ਵਿੱਚ ਦਿੱਲੀ ਵਿੱਚ ਇੱਕ ਮਿਊਜ਼ਿਕ ਕੰਪਨੀ HMV ਨੇ ਉਸ ਨੂੰ ਗਾਇਕਾ ਸੀਮਾ ਨਾਲ਼ ਬਾਬੂ ਸਿੰਘ ਮਾਨ ਮਰਾੜਾਂ ਵਾਲ਼ੇ ਦਾ ਲਿਖਿਆ ਆਪਣਾ ਪਹਿਲਾ ਗੀਤ,  ”ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ” ਰਿਕਾਰਡ ਕੀਤਾ। ਉਸ ਵੇਲੇ  ਦੋਗਾਣਾ ਗਾਇਕੀ ਦਾ ਜ਼ਿਆਦਾ ਜ਼ੋਰ  ਚੱਲ ਰਿਹਾ ਸੀ। ਇਹ ਮਾਣਕ ਦਾ ਪਹਿਲਾ ਰਿਕਾਰਡ ਸੀ। ਇਸ ਰਿਕਾਰਡ ਵਿੱਚ ਇੱਕ ਹੋਰ ਗੀਤ ”ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ”, ਜੋ ਗੀਤਕਾਰ ਗੁਰਦੇਵ ਸਿੰਘ ਮਾਨ ਨੇ ਲਿਖਿਆ ਸੀ, ਵੀ ਸ਼ਾਮਲ ਸੀ। ਲੋਕਾਂ ਵਲੋਂ ਇਸ ਰਿਕਾਰਡ ਨੂੰ ਬਹੁਤ ਪਸੰਦ ਕੀਤਾ ਗਿਆ। ਉਨ੍ਹਾਂ ਦੇ ਸ਼ੁਰੂਆਤੀ ਗੀਤਾਂ ਦਾ ਸੰਗੀਤ ਕੇਸਰ ਸਿੰਘ ਨਰੂਲਾ (ਜਸਪਿੰਦਰ ਨਰੂਲਾ ਦੇ ਪਿਤਾ) ਨੇ  ਦਿੱਤਾ ਸੀ। ਆਪਣੀ ਪਹਿਲੀ ਰਿਕਾਰਡਿੰਗ (ਸੀਮਾ ਨਾਲ਼ ਦੋਗਾਣਾ) ਤੋਂ ਬਾਅਦ ਮਾਣਕ  ਨੇ ਇਕੱਲੇ ਸੋਲੋ ਗਾਉਣਾ ਸ਼ੁਰੂ ਕੀਤਾ। ਗੀਤਕਾਰ ਹਰਦੇਵ ਦਿਲਗੀਰ ਯਾਨਿ ਕਿ ਬਾਪੂ ਦੇਵ ਥਰੀਕੇ ਵਾਲਾ ਨੇ ਮਾਣਕ ਨੂੰ ਕਿਸੇ ਸਟੇਜ ‘ਤੇ ਗਾਉਦਿਆਂ ਸੁਣਿਆ ਅਤੇ ਉਸ ਲਈ ਬਹੁਤ ਲੋਕ ਗਾਥਾਵਾਂ, ਕਲੀਆਂ ਤੇ ਗੀਤ ਲਿਖੇ।
ਮਾਣਕ ਨੂੰ  ‘ਕਲੀਆਂ ਦਾ ਬਾਦਸ਼ਾਹ’ ਦਾ ਦਰਜਾ ਦਵਾਉਣ ਵਾਲ਼ੀ ਕਲੀ  ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’ ਬਾਪੁ ਦੇਵ ਥਰੀਕੇ ਵਾਲ਼ੇ ਦੀ ਹੀ ਲਿਖੀ ਹੋਈ ਐ। ਮਾਣਕ ਦਾ ਪਹਿਲਾ EP ਰਿਕਾਰਡ  ‘ਪੰਜਾਬ ਦੀਆਂ ਲੋਕ ਗਾਥਾਵਾਂ’ HMV ਨੇ ਰਿਲੀਜ਼ ਕੀਤਾ ਸੀ। ਸੰਨ 1976 ‘ਚ ਮਾਣਕ ਦਾ ਆਪਣਾ ਪਹਿਲਾ LP ਰਿਕਾਰਡ  ‘ਇਕ ਤਾਰਾ’ ਰਿਲੀਜ਼ ਹੋਇਆ ਜਿਸ ਵਿੱਚ ‘ਤੇਰੇ ਟਿੱਲੇ ਤੋਂ’ (ਕਲੀ),  ‘ਛੇਤੀ ਕਰ ਸਰਵਣ ਬੱਚਾ’ ਅਤੇ  ‘ਗੜ੍ਹ ਮੁਗ਼ਲਾਣੇ ਦੀਆਂ ਨਾਰਾਂ’ ਗੀਤ ਸ਼ਾਮਲ ਸਨ। ਇਸ ਦਾ ਸੰਗੀਤ ਕੇਸਰ ਸਿੰਘ ਨਰੂਲਾ ਨੇ ਦਿੱਤਾ ਸੀ। ਇਸ ਵਿੱਚ ਇੱਕੋ ਤਾਰ ਵਾਲ਼ੇ ਸਾਜ਼ ‘ਤੂੰਬੀ’ ਦੀ ਵਰਤੋਂ ਕਰਨ ਕਰ ਕੇ ਇਸ ਦਾ ਨਾਮ ‘ਇਕ ਤਾਰਾ’ ਰੱਖਿਆ ਗਿਆ। ਬਾਅਦ ਵਿੱਚ ਮਾਣਕ ਨੇ ਸੰਗੀਤਕਾਰ ਚਰਨਜੀਤ ਅਹੂਜਾ ਨਾਲ਼ ਕੰਮ ਕਰਨਾ ਸ਼ੁਰੂ ਕੀਤਾ ਅਤੇ ਸਾਹਿਬਾਂ ਦਾ ਤਰਲਾ, ਸਾਹਿਬਾਂ ਬਣੀ ਭਰਾਵਾਂ ਦੀ, ਪੰਜੇਬਾਂ ਪਾ ਕੇ ਨੱਚਦੀ, ਇੱਛਰਾਂ ਧਾਹਾਂ ਮਾਰਦੀ, ਯਾਰਾਂ ਦੀ ਕੁੱਲੀ, ਦਿਲ ਮਿਲਿਆਂ ਦੇ ਮੇਲੇ ਤੇ ਜੁਗਨੀ ਯਾਰਾਂ ਦੀ ਕੈਸਿਟਾਂ ਰਿਕਾਰਡ ਕੀਤੀਆਂ। ਪੰਜਾਬੀ ਫ਼ਿਲਮਾਂ ਵਿੱਚ ਵੀ ਮਾਣਕ ਨੇ ਕਾਫ਼ੀ ਗੀਤ ਗਾਏ ਜਿੰਨ੍ਹਾਂ ਵਿੱਚ ਬਲਵੀਰੋ ਭਾਬੀ, ਬਗ਼ਾਵਤ, ਵਿਹੜਾ ਲੰਬੜਾਂ ਦਾ, ਲੰਬੜਦਾਰਨੀ, ਸੈਦਾਂ ਜੋਗਨ, ਜੱਟ ਜੋਧੇ, ਸੱਸੀ ਪੁੰਨੂ ਤੇ ਗੀਤਾਂ ਦਾ ਵਣਜਾਰਾ ਆਦਿਕ ਫ਼ਿਲਮਾਂ ਸ਼ਾਮਲ ਹਨ। ਫ਼ਿਲਮ ‘ਲੰਬੜਦਾਰਨੀ’ ਦਾ ਗੀਤ  ‘ਯਾਰਾਂ ਦਾ ਟਰੱਕ ਬੱਲੀਏ’ ਬੇਹੱਦ ਮਕਬੂਲ ਹੋਇਆ ਸੀ।
ਕੁਲਦੀਪ ਮਾਣਕ ਦੇ ਨਾਂ ਨਾਲ ‘ਮਾਣਕ’ ਜੁੜਨਾ ਇੱਕ ਇੱਤਫ਼ਾਕ ਹੀ ਸੀ। ਮਾਣਕ ਨੇ ਕਿਸੇ ਵਿਆਹ ‘ਤੇ ‘ਸਿਹਰਾ’ ਗਾਇਆ। ਇਤਫ਼ਾਕਨ ਉਸ ਵਿਆਹ ਵਿੱਚ ਉਸ ਵੇਲ਼ੇ ਦੇ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਤਾਪ ਸਿੰਘ ਕੈਰੋਂ ਵੀ ਆਏ ਹੋਏ ਸਨ। ਜਦ ਉਹਨਾਂ ਮਾਣਕ ਦਾ ‘ਸਿਹਰਾ’ ਸੁਣਿਆ ਤਾਂ ਕਹਿਣ ਲੱਗੇ, ”ਇਹ ਮੁੰਡਾ ਤਾਂ ਮਾਣਕ ਐ, ਮਾਣਕ!” ਉਸ ਤੋਂ ਬਾਅਦ  ‘ਮਾਣਕ’ ਉਸ ਦੇ ਨਾਂ ਨਾਲ਼ ਹਮੇਸ਼ਾ ਲਈ ਜੁੜ ਗਿਆ। ਕੁਲਦੀਪ ਮਾਣਕ ਦੀਆਂ ਤਕਰੀਬਨ 198 ਦੇ ਕਰੀਬ ਕੈਸਿਟਾਂ ਰਿਕਾਰਡ ਹੋਈਆਂ ਜਿੰਨ੍ਹਾਂ ਵਿੱਚ LP ਰਿਕਾਰਡ, EP ਰਿਕਾਰਡ ਅਤੇ 41 ਧਾਰਮਿਕ ਕੈਸਿਟਾਂ ਵੀ ਸ਼ਾਮਲ ਹਨ। ਮਾਣਕ ਨੇ ਤਕਰੀਬਨ 26 ਸੰਗੀਤਕਾਰਾਂ ਦੀਆਂ ਧੁਨਾਂ ‘ਤੇ ਗਾਇਆ। ਗਾਇਕੀ ‘ਚ ਉਸ ਦਾ ਸਾਥ ਦੇਣ ਵਾਲੇ ਗਾਇਕਾਂ ‘ਚੋਂ ਕਰਤਾਰ ਰਮਲਾ, ਸੁਰਿੰਦਰ ਛਿੰਦਾ, ਸੁਰਿੰਦਰ ਕੋਹਲੀ, ਕੇਵਲ ਜਲਾਲ ਅਤੇ ਸੁਰਜੀਤ ਬਿੰਦਰੱਖੀਆ ਅਤੇ ਗਾਇਕਾਵਾਂ ‘ਚੋਂ ਸੀਮਾ, ਗੁਲਸ਼ਨ ਕੋਮਲ, ਅਮਰਜੋਤ ਕੌਰ, ਸੁਰਿੰਦਰ ਕੌਰ, ਗੁਰਮੀਤ ਬਾਵਾ, ਕੁਲਵੰਤ ਕੋਮਲ, ਪ੍ਰਕਾਸ਼ ਕੌਰ ਸੋਢੀ, ਦਿਲਬਾਗ਼ ਕੌਰ ਤੇ ਪ੍ਰਕਾਸ਼ ਸਿੱਧੂ ਨੇ ਮਾਣਕ ਨਾਲ ਗਾਇਆ। ਪਹਿਲੀ ਵਾਰ  ਵਿਦੇਸ਼ ਜਾਣ ਦਾ ਮੌਕਾ 1977-78 ਵਿੱਚ ਮਿਲਿਆ। ਪਹਿਲੀ ਵਾਰ ਹੀ ਮਾਣਕ ਸਾਹਿਬ ਵਿਦੇਸ਼ਾਂ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾ ਕੇ ਵਾਪਿਸ ਆਇਆ।
ਦੇਵ ਥਰੀਕੇ ਵਾਲਾ ਦੀ ਕਲਮ ਤੇ ਮਾਣਕ ਦੀ ਆਵਾਜ਼ ਨੇ ਪੰਜਾਬੀ ਸੰਗੀਤ ਦੀ ਦੁਨੀਆ ‘ਤੇ ਜਿਹੜਾ ਰਾਜ ਕੀਤਾ ਉਸ ਨੇ ਦੋਸਤੀ ਤੇ ਪ੍ਰਸਿੱਧੀ ਦੋਹਾਂ ਪੱਖਾਂ ਤੋਂ ਨਵਾਂ ਰਿਕਾਰਡ ਕਾਇਮ ਕੀਤਾ। ਗਾਇਕੀ ਸਫ਼ਰ ਦੌਰਾਨ ਮਾਣਕ ਨੇ ਬਹੁਤ ਸਾਰੀਆਂ ਗਾਇਕਾਵਾਂ ਨਾਲ ਦੋਗਾਣੇ ਵੀ ਗਾਏ। ਮਾਣਕ ਤੇ ਗੁਲਸ਼ਨ ਕੋਮਲ ਦੇ ਗੀਤਾਂ ਨੂੰ ਪੰਜਾਬੀਆਂ ਨੇ ਬੜੀ ਸ਼ਿੱਦਤ ਨਾਲ ਮਾਣਿਆ। ਕੁਲਦੀਪ ਮਾਣਕ ਦੀ ਪ੍ਰਸਿੱਧੀ ਦਾ ਆਲਮ ਇਹ ਸੀ ਕਿ ਉਸ ਦੇ ਜਿਊਂਦਿਆਂ ਦੂਸਰੇ ਕਲਾਕਾਰਾਂ ਨੇ ਉਸ ਬਾਰੇ ਗੀਤ ਗਾਏ। ਗੁਰਦਾਸ ਮਾਨ ਨੇ ‘ਮੁੜ-ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ’ ਵਿੱਚ ‘ਮਾਣਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ’ ਕਿਹਾ। ਕੁਲਦੀਪ ਮਾਣਕ ਆਪਣੇ ਪਰਿਵਾਰ ਅਤੇ ਸੰਗੀਤ ਜਗਤ ਦੇ ਪ੍ਰੇਮੀਆਂ  ਨੂੰ 30 ਨਵੰਬਰ 2011 ਵਿੱਚ ਬੇਸ਼ੱਕ ਸਦੀਵੀ  ਵਿਛੋੜਾ ਦੇ ਗਿਆ, ਪਰ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਮਾਣਕ ਦੇ ਗੀਤ ਜ਼ਿਦਾ ਹਨ।
ਤੇਜੀ ਢਿੱਲੋਂ, ਪਿੰਡ ਫ਼ੁੱਲੂਵਾਲਾ ਡੋਡ, ਜ਼ਿਲ੍ਹਾ ਮਾਨਸਾ (ਪੰਜਾਬ); ਮੋਬਾਇਲ: 99-156-45003

LEAVE A REPLY