ਕਤਲ ’ਚ ਗ੍ਰਿਫ਼ਤਾਰ 4 ਦੋਸ਼ੀਆਂ ਨੂੰ ਉਮਰਕੈਦ

ਚੰਡੀਗੜ੍ਹ : ਮੌਲੀਜਾਗਰਾਂ ਥਾਣਾ ਖੇਤਰ ’ਚ ਕਰੀਬ 4 ਸਾਲ ਪਹਿਲਾਂ ਨੌਜਵਾਨ ਦੇ ਕਤਲ ਮਾਮਲੇ ’ਚ ਗ੍ਰਿਫ਼ਤਾਰ 4 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ ਗਈ। ਦੋਸ਼ੀਆਂ ਦੀ ਪਛਾਣ ਮੌਲੀਜਾਗਰਾਂ ਸਥਿਤ ਵਿਕਾਸ ਨਗਰ ਦੇ ਅਨਿਲ ਉਰਫ਼ ਕਾਂਚਾ, ਕਰਨ ਉਰਫ਼ ਝੱਲਾ, ਮੌਲੀ ਵਾਸੀ ਡੇਵਿਡ ਤੇ ਦੀਪਕ ਵਜੋਂ ਹੋਈ। ਮੁਲਜ਼ਮਾਂ ਨੇ ਦਸੰਬਰ 2020 ’ਚ ਉੱਤਰ ਪ੍ਰਦੇਸ਼ ਦੇ ਆਸ਼ੀਸ਼ ਦਾ ਕੁੱਟਮਾਰ ਕਰਦਿਆਂ ਕਤਲ ਕਰ ਦਿੱਤਾ ਸੀ।
ਆਸ਼ੀਸ਼ ਮੌਲੀ ਪਿੰਡ ’ਚ ਭਰਾ ਮਿਥੁਨ ਨਾਲ ਰਹਿੰਦਾ ਸੀ ਤੇ ਭੇਲਪੁਰੀ ਵੇਚਦਾ ਸੀ। ਘਟਨਾ ਵਾਲੀ ਰਾਤ ਕਰੀਬ 10 ਵਜੇ ਉਹ ਘਰੋਂ ਦੁੱਧ ਲੈਣ ਲਈ ਨਿਕਲਿਆ ਸੀ ਤਾਂ ਮੁਲਜ਼ਮਾਂ ਨੇ ਉਸ ਤੋਂ ਪੈਸੇ ਮੰਗੇ। ਉਸ ਨੇ ਇਨਕਾਰ ਕੀਤਾ ਤਾਂ ਚਾਕੂਆਂ ਨਾਲ ਹਮਲਾ ਕਰ ਦਿੱਤਾ। ਪੁਲਸ ਨੇ ਧਾਰਾ 302 (ਕਤਲ), ਕਤਲ ਦੀ ਕੋਸ਼ਿਸ਼ (ਧਾਰਾ 307), ਗਲਤ ਢੰਗ ਨਾਲ ਰੋਕਣਾ (ਧਾਰਾ 341), ਧਮਕੀ (ਧਾਰਾ 506) ਤੇ ਸਾਂਝੇ ਇਰਾਦੇ ਨਾਲ ਅਪਰਾਧ (ਧਾਰਾ 34) ਤਹਿਤ ਮਾਮਲਾ ਦਰਜ ਕੀਤਾ ਸੀ।