ਈਰਾਨ ਦੀ ਜਵਾਬੀ ਕਾਰਵਾਈ, ਇਜ਼ਰਾਈਲ ‘ਤੇ ਦਾਗੇ 100 ਤੋਂ ਵੱਧ ਡਰੋਨ

ਯੇਰੂਸ਼ਲਮ – ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਈਰਾਨ ਆਪਣੇ ‘ਤੇ ਹੋੇਏ ਹਮਲਿਆਂ ਦੇ ਜਵਾਬ ਵਿੱਚ ਇਜ਼ਰਾਈਲ ‘ਤੇ ਡਰੋਨ ਦਾਗੇ ਜਾ ਰਿਹਾ ਹੈ। ਇਜ਼ਰਾਈਲ ਦੇ ਮੁੱਖ ਫੌਜੀ ਬੁਲਾਰੇ ਬ੍ਰਿਗੇਡੀਅਰ ਜਨਰਲ ਏਫੀ ਡਿਫਰੀਨ ਨੇ ਕਿਹਾ, “ਈਰਾਨ ਨੇ ਪਿਛਲੇ ਕੁਝ ਘੰਟਿਆਂ ਵਿੱਚ ਇਜ਼ਰਾਈਲ ਵੱਲ 100 ਤੋਂ ਵੱਧ ਡਰੋਨ ਦਾਗੇ ਹਨ। ਸਾਡੀਆਂ ਸਾਰੀਆਂ ਰੱਖਿਆ ਪ੍ਰਣਾਲੀਆਂ ਹਮਲਿਆਂ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ।”
ਡਿਫਰੀਨ ਨੇ ਕਿਹਾ ਕਿ ਲਗਭਗ 200 ਇਜ਼ਰਾਈਲੀ ਲੜਾਕੂ ਜਹਾਜ਼ ਕਾਰਵਾਈ ਵਿੱਚ ਸ਼ਾਮਲ ਸਨ ਅਤੇ ਲਗਭਗ 100 ਟਿਕਾਣਿਆਂ ‘ਤੇ ਹਮਲਾ ਕੀਤਾ ਗਿਆ ਅਤੇ ਹਮਲੇ ਅਜੇ ਵੀ ਜਾਰੀ ਹਨ। ਇਸ ਦੌਰਾਨ ਜਾਰਡਨ ਦੀ ਸਿਵਲ ਏਵੀਏਸ਼ਨ ਅਥਾਰਟੀ ਨੇ ਕਿਹਾ ਕਿ ਦੇਸ਼ ਦਾ ਹਵਾਈ ਖੇਤਰ ਸਾਰੀਆਂ ਉਡਾਣਾਂ ਲਈ ਬੰਦ ਰਹੇਗਾ। ‘ਜਾਰਡਨ ਨਿਊਜ਼ ਏਜੰਸੀ’ ਨੇ ਕਿਹਾ ਕਿ ਇਹ ਕਦਮ ਖੇਤਰ ਵਿੱਚ ਵਧ ਰਹੇ ਤਣਾਅ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।