ਮੋਦੀ ਨੇ ਓਦੋਂ ਪੂਰੇ ਵਿਸ਼ਵ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਜਦੋਂ ਉਸ ਨੇ ਟਵੀਟ ਕੀਤੀ ਕਿ ਕਾਬੁਲ ਤੋਂ ਵਾਪਸੀ ‘ਚ ਉਹ ਕੁਝ ਕੁ ਚਿਰ ਲਈ ਪਾਕਿਸਤਾਨ ਵਿੱਚ ਰੁਕੇਗਾ। ਜੇਕਰ ਤੁਸੀਂ ਦੋ ਮੁਲਕਾਂ ਦੀ ਕੂਟਨੀਤੀ ਨੂੰ ‘ਫ਼ਾਸਟ ਟਰੈਕ’ ‘ਤੇ ਪਾਉਣਾ ਹੋਵੇ ਤਾਂ ਫ਼ਿਰ ਉਨ੍ਹਾਂ ਦੋਹਾਂ ਨੇਤਾਵਾਂ ਦੀ ਨਿੱਜੀ ਮਿਲਣੀ ਦੌਰਾਨ ਗੱਲਵਕੜੀ ਵਰਗੀ ਕੋਈ ਰੀਸ ਹੀ ਨਹੀਂ ਹੁੰਦੀ। ਤੇ ਇਸ ਰੋਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਬਿਹਤਰ ਭਲਾ ਹੋਰ ਕੌਣ ਨਿਭਾਅ ਸਕਦਾ ਸੀ, ਜਿਹੜਾ ਕੁਝ ਵੀ ਹੋ ਜਾਵੇ ਇੱਕ ਵਾਰ ਕੋਸ਼ਿਸ਼ ਜ਼ਰੂਰ ਕਰ ਕੇ ਦੇਖਦਾ ਹੈ? ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਰੂਪ ਵਿੱਚ ਮੋਦੀ ਨੂੰ ਇੱਕ ਅਜਿਹਾ ਹੀ ਭਾਈਵਾਲ ਮਿਲ ਗਿਆ ਜਿਹੜਾ ਫ਼ੌਜ ਦੇ ਹੁੰਦਿਆਂ ਬੇਸ਼ੱਕ ਕੁਝ ਵੀ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਤਾਂ ਨਹੀਂ ਪਰ ਕੁਝ ਕਰ ਦਿਖਾਉਣ ਦਾ ਹਮੇਸ਼ਾ ਚਾਹਵਾਨ ਜ਼ਰੂਰ ਰਿਹੈ। ਜੇਕਰ ਦੋਹੇਂ ਧਿਰ ਆਪਣੇ ਪੱਤੇ ਸਹੀ ਖੇਡਣ ਤਾਂ ਦੋਹੇਂ ਇਸ ਵਿੱਚੋਂ ਜੇਤੂ ਨਿਕਲ ਸਕਦੇ ਹਨ। ਇੱਥੇ ਖੇਡ ਦਾ ਪਹਿਲਾ ਰੂਲ ਜਾਂ ਕਾਇਦਾ ਹੋਵੇਗਾ ਦਹਾਕਿਆਂ ਦੀ ਬੇਵਿਸ਼ਵਾਸੀ ਨੂੰ ਆਪਣੇ ਪਿੱਛੇ ਛੱਡਣਾ … ਉਸ ਬੇਵਿਸ਼ਵਾਸੀ ਨੂੰ ਜਿਸ ਨੇ ਅੱਜ ਤਕ ਜਨਮ ‘ਤੇ ਜੁਦਾ ਹੋਏ ਇਨ੍ਹਾਂ ਦੋਹਾਂ ਮੁਲਕਾਂ ਦਰਮਿਆਨ ਵਿਵਾਦਾਂ ਤੋਂ ਸਿਵਾ ਹੋਰ ਕਿਸੇ ਵੀ ਸ਼ੈਅ ਨੂੰ ਜਨਮ ਨਹੀਂ ਦਿੱਤਾ। ਭਾਰਤ ਤੇ ਪਾਕਿਸਤਾਨ ਦਾ ਤਨਾਅਗ੍ਰਸਤ ਰਿਸ਼ਤਿਆਂ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ ਜੋ ਇਸ ਸਾਲ ਦੇ ਦੂਜੇ ਅੱਧ ਵਿੱਚ ਉਸ ਵੇਲੇ ਬਿਲਕੁਲ ਹੀ ਰਸਾਤਲ ਨੂੰ ਛੂਹ ਗਏ ਜਦੋਂ ਦੋਹਾਂ ਪਾਸਿਆਂ ਦੀਆਂ ਫ਼ੌਜੀ ਬੜ੍ਹਕਾਂ ਆਪਣੀ ਚਰਮਸੀਮਾ ਤਕ ਅੱਪੜ ਗਈਆਂ ਅਤੇ ਜੰਮੂ-ਕਸ਼ਮੀਰ ਦੇ ਸਾਂਝੇ ਬੌਰਡਰ ‘ਤੇ ਤੋਪਾਂ ਗਰਜ ਪਈਆਂ। ਬੰਬਾਂ ਤੇ ਗੋਲੀਆਂ ਦੇ ਇਸ ਸਾਰੇ ਸ਼ੋਰ ਸ਼ਰਾਬੇ ਦਰਮਿਆਨ ਮੋਦੀ ਦਾ ਪਿੱਛਲੇ ਸਾਲ ਵਾਲਾ ‘ਸਾਰਕ’ ਲੀਡਰਾਂ ਨੂੰ ਭੇਜਿਆ ਹੋਇਆ ਨਿਮੰਤਰਣ ਪੱਤਰ ਤਾਂ ਬੱਸ ਸਭ ਨੂੰ ਭੁੱਲ ਭੁਲਾ ਹੀ ਗਿਆ।
ਸੋ ਇਹ ਦੋਹੇਂ ਬੰਦੇ, ਜਿਹੜੇ ਆਪਸ ਵਿੱਚ ਹਾਲੇ ਤਕ ਆੜੀ ਨਹੀਂ ਬਣੇ, ਆਪਣੇ ਆਪਸੀ ਤਨਾਅਪੂਰਣ ਰਿਸ਼ਤਿਆਂ ਨੂੰ ਬਿਲਕੁਲ ਮੁੱਢ ਤੋਂ, ਮੁੜ ਨਵੇਂ ਸਿਰਿਓਂ, ਕਿਵੇਂ ਉਸਾਰ ਸਕਦੇ ਹਨ ਅਤੇ ਉਨ੍ਹਾਂ ਬੇਅੰਤ ਧਿਆਨ ਵੰਡਾਊ ਮਸਲਿਆਂ ਤੋਂ ਉੱਪਰ ਕਿਵੇਂ ਉੱਠ ਸਕਦੇ ਹਨ ਜਿਹੜੇ ਦੋਹਾਂ ਮੁਲਕਾਂ ਦਰਮਿਆਨ ਹਾਲੇ ਤਕ ਇੱਕ ਪੀਡੀ ਦੀਵਾਰ ਬਣੀ ਬੈਠੇ ਹਨ? ਮੋਦੀ ਨੇ ਆਪਣੇ ਸ਼ਾਸਨਕਾਲ ਦੇ ਸ਼ੁਰੂ ਸ਼ਰੂ ਵਿੱਚ ਇਸ ਮਾਮਲੇ ਵਿੱਚ ਕਾਫ਼ੀ ਸੰਭਾਵਨਾਵਾਂ ਦਿਖਾਈਆਂ ਸਨ, ਪਰ ਉਸ ਵੇਲੇ ਤੋਂ ਲੈ ਕੇ ਹੁਣ ਤਕ ਭਾਰਤ ਦੀ ਆਪਣੇ ਗਵਾਂਢੀਆਂ ਨਾਲ ਰਿਸ਼ਤਿਆਂ ਵਿੱਚ ਖੱਟਾਸ ਵਧੀ ਹੀ ਹੈ, ਜੇ ਸ੍ਰੀ ਲੰਕਾ ਨੂੰ ਇਸ ਸਮੀਕਰਣ ਵਿੱਚੋਂ ਬਾਹਰ ਰੱਖ ਲਿਆ ਜਾਵੇ ਤਾਂ। ਭਾਰਤੀ ਪ੍ਰਧਾਨ ਮੰਤਰੀ ਦੀ ਲੰਘੇ ਸ਼ੁੱਕਰਵਾਰ ਨੂੰ ਲਾਹੌਰ ਦੀ ‘ਸਰਪਰਾਈਜ਼’ ਗੇੜੀ, ਉਹ ਵੀ ਸ਼ਰੀਫ਼ ਦੇ ਜਨਮ ਦਿਹਾੜੇ ਦੇ ਮੌਕੇ ‘ਤੇ, ਉਸ ਗ਼ੈਰ-ਰਸਮੀ ਪਰ ਜੋਸ਼ੀਲੀ ਮੁਲਾਕਾਤ ਦੇ ਉੱਪਰ ਹੋਰ ਉਸਾਰੀ ਕਰਨ ਦੀ ਕੋਸ਼ਿਸ਼ ਹੈ ਜਿਹੜੀ ਇਨ੍ਹਾਂ ਦੋਹਾਂ ਲੀਡਰਾਂ ਦਰਮਿਆਨ ਪੈਰਿਸ ਦੀ ਵਾਤਾਵਰਣ ਤਬਦੀਲੀ ਕੌਨਫ਼ਰੈਂਸ ਦੀਆਂ ਸਾਈਡ-ਲਾਈਨਜ਼ ‘ਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਹੋਈ ਸੀ। ਇਹ ਮਿਲਣੀ ਇੱਕ ਛੋਟੀ ਜਿਹੀ ਕਨਵੈਨਸ਼ਨ ਤੋਂ ਘੱਟ ਨਹੀਂ ਸੀ, ‘ਅਮਨ ਕੀ ਛੋਟੀ ਸੀ ਆਸ਼ਾ’ ਦੀ ਇੱਕ ਵੱਡੀ ਸਾਰੀ ਉਡਾਣ, ਅਤੇ ਇਸ ਨੂੰ ਦੋਹਾਂ ਮੁਲਕਾਂ ਦਰਮਿਆਨ ਇੱਕ ਵੱਡੀ ਪੇਸ਼ਕਦਮੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਅਤੀਤ ਵਿੱਚ ਇਨ੍ਹਾਂ ਦੋਹਾਂ ਸਹੁੰ ਖਾਧੇ ਦੁਸ਼ਮਣਾਂ ਨੇ ਅਜਿਹੇ ਭਾਵ-ਪ੍ਰਦਰਸ਼ਨਾਂ ਤੋਂ ਗ਼ੁਰੇਜ਼ ਹੀ ਕੀਤਾ ਹੈ। ਇੱਥੇ ਦੱਸਦੇ ਜਾਈਏ ਕਿ ਦਿਸੰਬਰ 25 ਪਾਕਿਸਤਾਨ ਲਈ ਇੱਕ ਅਹਿਮ ਦਿਨ ਹੈ ਕਿਉਂਕਿ ਇਹ ਉਨ੍ਹਾਂ ਦੇ ਬਾਬਾ-ਏ-ਕੌਮ, ਸਰ ਮੁਹੰਮਦ ਅਲੀ ਜਿਨਾਹ, ਦਾ ਜਨਮ ਦਿਹਾੜਾ ਹੈ। ਮੋਦੀ ਦੀ ਟਾਈਮਿੰਗ ਵੀ ਬਿਲਕੁਲ ਪਰਫ਼ੈੱਕਟ ਸੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਦੋਹਤੀ ਦੇ ਵਿਆਹ ਦੀਆਂ ਖ਼ੁਸ਼ੀਆਂ, ਖ਼ੁਦ ਸ਼ਰੀਫ਼ ਦਾ ਆਪਣਾ ਜਨਮ ਦਿਨ ਅਤੇ ਮੁਹੰਮਦ ਅਲੀ ਜਿਨਾਹ ਦਾ ਜਨਮ ਦਿਹਾੜਾ, ਸ਼ਰੀਫ਼ਾਂ ਨੂੰ ਚਿੱਤ ਕਰਨ ਲਈ ਇਸ ਤੋਂ ਸ਼ੁੱਭ ਮੌਕਾ ਹੋਰ ਕਿਹੜਾ ਹੋ ਸਕਦਾ ਸੀ? ‘ਮੈਰੀ ਕ੍ਰਿਸਮਸ ਐਵਰੀਬਡੀ!’
ਮੋਦੀ, ਜਿਸ ਦੀ ਪਾਰਟੀ ਇਸਲਾਮਾਬਾਦ ਨੂੰ ਲੈ ਕੇ ਕਦੇ ਵੀ ਆਪਣੀ ਤਿੱਖੀ ਸੁਰ ਨਹੀਂ ਤਿਆਗਦੀ, ਦੀ ਇਹ ਤਾਜ਼ਾ 120 ਮਿੰਟਾਂ ਦੀ ਪਾਕਿਸਤਾਨੀ ਫ਼ੇਰੀ ਦੋਹਾਂ ਮੁਲਕਾਂ ਨੂੰ ਉਨ੍ਹਾਂ ਦੀ ਉਸ ਪੁਰਾਣੀ ਰਟੀ ਰਟਾਈ ‘ਜਾਹ, ਮੈਂ ਨਾ ਬੋਲੂੰ!’ ਵਾਲੀ ਰੱਟ ਤੋਂ ਦੂਰ ਲੈ ਗਈ ਹੈ ਜਿਹੜੀ ਅੱਜ ਤਕ ਇਨ੍ਹਾਂ ਦੋਹਾਂ ਨੂੰ ਕਿਤੇ ਵੀ ਨਹੀਂ ਲੈ ਕੇ ਗਈ। ਅਜਿਹੀਆਂ ਅਚਣਚੇਤੀ, ਬਿਨਾ ਲੰਬਾ ਚੌੜਾ ਨੋਟਿਸ ਦਿਤਿਆਂ, ਮਿਲਣੀਆਂ ਉਨ੍ਹਾਂ ਗਰਮ ਏਜੰਡਿਆਂ ਵਾਲੀਆਂ ਠੰਡੀਆਂ ਮੀਟਿੰਗਾਂ ਤੋਂ ਕਿਤੇ ਬਿਹਤਰ ਹਨ ਜਿਨ੍ਹਾਂ ਲਈ ਕਈ ਕਈ ਮਹੀਨਿਆਂ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਫ਼ਿਰ ਅੰਤ ਵਿੱਚ ਸਭ ਕੁਝ ‘ਟਾਇੰ ਟਾਇੰ ਫ਼ਿਸ’ ਯਾਨੀ ਕਿ ਨੱਥਿੰਗ ਭਾਵ ਸਿਫ਼ਰ। ਜੇ ਕੁਝ ਮਿਲਦਾ ਹੈ ਤਾਂ ਰੁੱਖੇ, ਰੋਣ ਧੋਣ ਵਾਲੇ ਵਿਸ਼ਲੇਸ਼ਣ। 25 ਤਰੀਕ ਦੀ ਇਸ ਕ੍ਰਿਸਮਿਸ ਲੰਚ ਡੇਟ ਵਿੱਚ ਨਾ ਤਾਂ ਮੋਦੀ ਨੇ ਆਪਣੀ ਸਾਖ ਗਵਾਈ ਅਤੇ ਨਾ ਸ਼ਰੀਫ਼ ਨੂੰ ਆਪਣੀ ਫ਼ੌਜ ਕੋਲੋਂ ਆਪਣਾ ਚਿਹਰਾ ਹੀ ਲੁਕਾਉਣਾ ਪਿਆ, ਕਹਿਣ ਤੋਂ ਮੁਰਾਦ ਇਹ ਕਿ ਹਿੰਦ-ਪਾਕਿ ਮਿਲਣੀਆਂ ਦੇ ਸਾਰੇ ਸਮੀਕਰਣ ਆਪੋ ਆਪਣੀ ਜਗ੍ਹਾ ਟਿਕੇ ਰਹੇ। ਇੱਕ ਬੰਦਾ ਇੱਕ ਦੋਸਤਾਨਾ ਪ੍ਰਾਹੁਣਾ ਸੀ ਅਤੇ ਦੂਸਰਾ ਇੱਕ ਮਿਹਰਬਾਨ ਮੇਜ਼ਬਾਨ। ਸਾਨੂੰ ਨਹੀਂ ਪਤਾ ਕਿ ਇਨ੍ਹਾਂ ਦੋਹਾਂ ਲੀਡਰਾਂ ਨੇ ਆਪਸ ਵਿੱਚ ਕੀ ਗੱਲਬਾਤ ਕੀਤੀ ਪਰ ਸ਼ਰੀਫ਼ ਖ਼ਾਨਦਾਨ ਦੇ ਪਰਿਵਾਰ ਵਿੱਚ ਦੋ ਘੰਟੇ ਦਾ ਵਕਤ, ਘਰ ਵਿੱਚ ਹਲਵਾਈਆਂ ਦਾ ਬਣਾਇਆ ਸਵਾਦਿਸ਼ਟ ਭੋਜਨ, ਪੰਜਾਬੀ ਲੋਕ ਸੰਗੀਤ ਅਤੇ ਮੋਦੀ ਜੀ ਦਾ ਜਾਦੂ, ਵਾਤਾਵਰਣ ਤਾਂ ਬਿਲਕੁਲ ਵੀ ਠੰਡਾ ਜਾਂ ਨੀਰਸ ਨਹੀਂ ਰਿਹਾ ਹੋ ਸਕਦਾ! ਜਦੋਂ ਭਾਰਤੀ ਉਪ-ਮਹਾਂਦੀਪ ਦੀ ਗੱਲ ਆਉਂਦੀ ਹੈ ਤਾਂ ਵਿਆਹ ਵਾਲੇ ਘਰ ਤੋਂ ਵਧੀਆ ਹੋਰ ਕੋਈ ਵੀ ਜਗ੍ਹਾ ਹੋ ਹੀ ਨਹੀਂ ਸਕਦੀ … ਵਿਆਹ ਵਾਲੇ ਘਰ ਵਿੱਚ ਆਯੋਜਿਤ ਕੀਤੀ ਗਈ ਅਰਾਜਕਤਾ ਤਾਂ ਬੱਸ ਜਿਵੇਂ ਵਾਇਰਲ ਹੋਣ ਨੂੰ ਹੀ ਫ਼ਿਰਦੀ ਹੁੰਦੀ ਹੈ। ਸੰਭਾਵਨਾ ਇਹੋ ਹੈ ਕਿ ਇਸ ਲਘੂ ਕਨਵੈਨਸ਼ਨ ਵਿੱਚ ਉਹ ਕੁਝ ਤੈਅ ਹੋ ਪਾਇਆ ਹੋਵੇਗਾ ਜੋ ਪਿੱਛਲੇ 70 ਸਾਲਾਂ ਦੌਰਾਨ ਹੋਈਆਂ ਅੱਧੀ ਦਰਜਨ ਪਿੱਠਾਂ ਦੂਹਰੀਆਂ ਕਰਨ ਵਾਲੀਆਂ ਮੀਟਿੰਗਾਂ ਜਾਂ ਤਿੰਨ ਤਿੰਨ ਜੰਗਾਂ ਵਿੱਚ ਵੀ ਨਹੀਂ ਹੋ ਸਕਿਆ। ਹੋ ਸਕਦਾ ਹੈ ਕਿ ਇਹ ਪਹਿਲੀ ਵਾਰ ਹੋਵੇ ਕਿ ਦੋਹਾਂ ਮੁਲਕਾਂ ਦੇ ਲੀਡਰਾਂ ਨੇ ਆਪਣੀ ਮੀਟਿੰਗ ਦੌਰਾਨ ਇੱਕ ਦੂਜੇ ਦੇ ਪਰਿਵਾਰਾਂ ਦਾ ਹਾਲਚਾਲ ਪੁਛਿਆ ਹੋਵੇ ਅਤੇ ਇਹ ਵੀ ਕਿ ਖਾਣ ਲਈ ਮੈਨਿਊ ‘ਤੇ ਕੀ ਹੈ? … ਤੇ ਜਵਾਬ ਮਿਲਿਆ ਹੋਵੇ: ਜੰਮੂ ਕਸ਼ਮੀਰ ਤਾਂ ਬਿਲਕੁਲ ਨਹੀਂ!
ਬੇਸ਼ੱਕ ਮੋਦੀ ਦੀ ਇਹ ਅਕਸਮਾਤ ਫ਼ੇਰੀ ਪਾਕਿਸਤਾਨ ਦੀ ਪਹਿਲੀ ਯਾਤਰਾ ਸੀ, ਅਤੇ ਉਹ ਵੀ ਬਿਨਾ ਕਿਸੇ ਐਲਾਨੇ ਏਜੰਡੇ ਦੇ, ਇਹ ਮਿਲਣੀ ਦੋਹਾਂ ਮੁਲਕਾਂ ਦਰਮਿਆਨ ਆਪਸੀ ਭਰੋਸੇ ਨੂੰ ਵਧਾਵਾ ਦੇ ਕੇ ਰਿਸ਼ਤਿਆਂ ਵਿੱਚ ਮਿਠਾਸ ਲਿਆਉਣ ਦਾ ਕੰਮ ਕਰ ਸਕਦੀ ਹੈ। ਦੋਹੇਂ, ਸ਼ਰੀਫ਼ ਅਤੇ ਮੋਦੀ, ਜਦੋਂ ਪਹਿਲਾਂ ਊਫ਼ਾ ਅਤੇ ਬਾਅਦ ਵਿੱਚ ਪੈਰਿਸ ਵਿੱਚ ਮਿਲੇ ਸਨ ਤਾਂ ਉਨ੍ਹਾਂ ਨੇ ਬੀਤੇ ਨੂੰ ਭੁਲਾ ਕੇ ਆਪਣੇ ਡੱਕੇਡੋਲੇ ਖਾਂਦੇ ਸਬੰਧਾਂ ਨੂੰ ਇੱਕ ਨਵੇਂ ਉਸਾਰੂ ਯੁੱਗ ਵਿੱਚ ਲੈ ਕੇ ਜਾਣ ਦੀ ਤਤਪਰਤਾ ਦਿਖਾਈ ਸੀ। ਦੋਹੇਂ ਮੁਲਕ ਉਸ ਤੋਂ ਵੀ ਇੱਕ ਕਦਮ ਹੋਰ ਅੱਗੇ ਵਧੇ ਜਦੋਂ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਤੇ ਵਿਦੇਸ਼ ਸਕੱਤਰ ਬੈਂਗਕੌਕ ਵਿੱਚ ਮਿਲੇ ਅਤੇ ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਇਸਲਾਮਾਬਾਦ ਵਿੱਚ ਅਫ਼ਗ਼ਾਨਿਸਤਾਨ ਨੂੰ ਲੈ ਕੇ ਹੋ ਰਹੀ ‘ਹਾਰਟ ਔਫ਼ ਏਸ਼ੀਆ’ ਕੌਨਫ਼ਰੈਂਸ ਵਿੱਚ ਸ਼ਿਰਕਤ ਲਈ ਜ਼ਮੀਨ ਤਿਆਰ ਕੀਤੀ। ਸੁਸ਼ਮਾ ਦੀ ਉਸ ਫ਼ੇਰੀ ਦੇ ਵੇਲੇ ਦੇ ਹਾਲਾਤ ਅਤੇ ਉਸ ਨਾਲ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਢੇਰਾਂ ਕਿਆਸ ਅਰਾਈਆਂ ਹੋਈਆਂ, ਬਹੁਤੀਆਂ ਅਗਿਆਨਤਾ ਜਾਂ ਘੱਟ ਗਿਆਨ ਵੱਸ ਪਰ ਸਿਰਿਓਂ ਹੀ ਖ਼ਾਰਿਜ ਕੀਤੀਆਂ ਜਾਣ ਵਾਲੀਆਂ ਬਿਲਕੁਲ ਨਹੀਂ। ਲਗਭਗ ਪਿੱਛਲੇ 12 ਸਾਲਾਂ ਵਿੱਚ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਣ ਦੇ ਬਾਵਜੂਦ, ਇਸ ਮਿਲਣੀ ਦਾ ਪੂਰਾ ਮਹੱਤਵ ਤਾਂ ਵਕਤ ਬੀਤਣ ਦੇ ਨਾਲ ਹੀ ਆਪਣੇ ਆਪ ਨੂੰ ਜ਼ਾਹਿਰ ਕਰੇਗਾ। ਪਰ ਇਸ ਦੇ ਕੁਝ ਕੁ ਨੁਕਤੇ ਵਿਚਾਰਣਯੋਗ ਹਨ।
ਪਹਿਲਾਂ ਤਾਂ, ਬਿਨਾ ਕਿਸੇ ਐਡਵਾਂਸ ਜਨਤਕ ਨੋਟਿਸ ਦੇ ਮਿਲ ਕੇ, ਮੋਦੀ ਤੇ ਸ਼ਰੀਫ਼ ਨੇ ਬਹੁਤ ਹੀ ਪ੍ਰਭਾਵਪੂਰਣ ਢੰਗ ਨਾਲ ਭਾਰਤ-ਪਾਕਿਸਤਾਨ ਮਿਲਣੀਆਂ ‘ਤੇ ਪੈਣ ਵਾਲੇ ਘਰੇਲੂ ਸਿਆਸਤਦਾਨਾਂ ਅਤੇ ਮੀਡੀਆ ਦੇ ਦਬਾਅ ਨੂੰ ਆਪਣੇ ਤੋਂ ਦੂਰ ਰੱਖਿਆ। ਪਾਕਿਸਤਾਨ ਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਇਸ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀ ਮੀਟਿੰਗ ਦੇ ਕੈਂਸਲ ਹੋਣ ਦੇ ਆਲੇ ਦੁਆਲੇ ਬਣੇ ਹਾਸੋਹੀਣੇ ਹਾਲਾਤ ਨੇ ਦਰਸਾ ਦਿੱਤਾ ਕਿ ਦੋਹਾਂ ਮੁਲਕਾਂ ਦਾ ਮੀਡੀਆ, ਨਾ ਕਿ ਲੀਡਰਸ਼ਿਪ, ਕਿਸ ਹੱਦ ਤਕ ਉਨ੍ਹਾਂ ਦੇ ਕੂਟਨੀਤਕ ਸਬੰਧਾਂ ਦੀ ਗਤੀ ਅਤੇ ਸੁਭਾਅ ਨੂੰ ਕੰਟਰੋਲ ਕਰ ਰਿਹਾ ਹੈ। ਇਹ ਕੋਸ਼ਿਸ਼ਾਂ ਨਿਰਸੰਦੇਹ ਬੇਕਾਰ ਅਤੇ ਵਿਫ਼ਲ ਸਾਬਿਤ ਹੋ ਰਹੀਆਂ ਸਨ। ਘੱਟ ਰਸਮੀ ਅਤੇ ਅਲਿਖਿਤ (ਜਾਂ ਥੋੜ੍ਹੀਆਂ ਘੱਟ ਲਿਖੀਆਂ) ਮੀਟਿੰਗਾਂ ਦੀ ਅੱਧੀ ਪਚੱਧੀ ਨੀਂਹ ਪੈਰਿਸ ਵਿੱਚ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਦੀ ਗ਼ੈਰ-ਰਸਮੀ ਮਿਲਣੀ ਅਤੇ ਬੈਂਗਕੌਕ ਵਿੱਚ ਐੱਨ.ਐੱਸ.ਏਜ਼ (ਨੈਸ਼ਨਲ ਸੈਕਿਓਰਿਟੀ ਐਡਵਾਈਜ਼ਰਜ਼ ਜਾਂ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ) ਦੀ ਮੀਟਿੰਗ ਨਾਲ ਹੀ ਰੱਖੀ ਗਈ ਸੀ। ਪਰ ਲਾਹੌਰ ਵਿੱਚ, ਮੋਦੀ ਅਤੇ ਸ਼ਰੀਫ਼ ਨੇ ਆਪਣੀਆਂ ਮਿਲਣੀਆਂ ਲਈ ਇੱਕ ਨਵਾਂ ਮਾਪਦੰਡ ਨਿਰਧਾਰਿਤ ਕਰ ਦਿੱਤਾ ਅਤੇ ਉਹ ਇਹ ਕਿ ਅੱਗੇ ਤੋਂ ਦੋਹਾਂ ਮੁਲਕਾਂ ਦੀ ਆਪਸੀ ਮੀਟਿੰਗ ਦਾ ਏਜੰਡਾ ਵੀ ਮੁਲਕ ਪ੍ਰਮੁੱਖ ਖ਼ੁਦ ਹੀ ਤੈਅ ਕਰਿਆ ਕਰਨਗੇ ਨਾ ਕਿ ਕੋਈ ਹੋਰ।
ਦੂਸਰਾ, ਜਿਵੇਂ ਮੈਂ ਇਸ ਲੇਖ ਵਿੱਚ ਪਹਿਲਾਂ ਅਰਜ਼ ਕਰ ਚੁੱਕਾਂ, ਮੋਦੀ ਦਾ ਪਾਕਿਸਤਾਨ ਵਿੱਚ ਰੁੱਕਣਾ ਇੱਕ ਤਰ੍ਹਾਂ ਨਾਲ ਭਾਰਤ ਦੀਆਂ ਇਲਾਕਾਈ ਮਿਲਣੀਆਂ ਲਈ ਨਵੇਂ ‘ਨੌਰਮਲ’ ਸਥਾਪਿਤ ਕਰਨ ਦੀ ਇੱਕ ਕੋਸ਼ਿਸ਼ ਹੈ, ਇੱਕ ਅਜਿਹੀ ਕੋਸ਼ਿਸ਼ ਜਿਹੜੀ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਈ 2014 ਵਿੱਚ ਆਪਣੇ ਸਹੁੰ ਚੁੱਕ ਸਮਾਰੋਹ ਦੌਰਾਨ ਅੱਠ ਸਾਊਥ ਏਸ਼ੀਅਨ (ਸਾਰਕ) ਮੁਲਕਾਂ ਦੇ ਪ੍ਰਤੀਨਿੱਧਾਂ ਨੂੰ ਸੱਦਾ ਦੇ ਕੇ ਪਹਿਲਾਂ ਵੀ ਸ਼ੁਰੂ ਕੀਤੀ ਸੀ, ਪਰ ਉਹ ਬੰਬਾਂ ਵਿੱਚ ਕਿਤੇ ਰੁਲ਼ ਗਈ। ਜੇਕਰ ਉਹ ਖੇਤਰੀ ਭਾਈਵਾਲੀ ਪ੍ਰਤੀ ਵਾਕਈ ਗੰਭੀਰ ਹੈ ਤਾਂ ਮੋਦੀ ਦਾ ਏਜੰਡਾ ਹੋਣਾ ਚਾਹੀਦਾ ਹੈ ਆਪਣੇ ਗਵਾਂਢੀ ਮੁਲਕਾਂ ਦੇ ਨੇਤਾਵਾਂ ਨੂੰ ਮਿਲਣ ਗਿਲਣ ਨੂੰ ਇੱਕ ਆਮ ਜਿਹੀ ਗੱਲ ਬਣਾਉਣਾ। ਭਾਰਤ-ਪਾਕਿਸਤਾਨ (ਤੇ ਇਸ ਪੱਖੋਂ, ਭਾਰਤ-ਬੰਗਲਾਦੇਸ਼ ਜਾਂ ਭਾਰਤ-ਨੇਪਾਲ) ਮੀਟਿੰਗਾਂ ਨੂੰ, ਇੰਝ ਕਹਿ ਲਓ, ਦੋ ਯੌਰਪੀਅਨ ਮੁਲਕਾਂ ਜਾਂ ਦੋ ਦੱਖਣੀ ਏਸ਼ੀਆਈ ਮੁਲਕਾਂ ਦਰਮਿਆਨ ਹੁੰਦੀਆਂ ਮਿਲਣੀਆਂ ਵਰਗਾ ਬਣਾਉਣਾ, ਜਿਨ੍ਹਾਂ ਬਾਰੇ ਉਨ੍ਹਾਂ ਦੇ ਘਰੇਲੂ ਮੀਡੀਆ ਵਿੱਚ ਵੀ ਮਸਾਂ ਹੀ ਜ਼ਿਕਰ ਹੁੰਦਾ ਹੈ, ਉਨ੍ਹਾਂ ਬਾਰੇ ਲੰਬੀਆਂ ਚੌੜੀਆਂ ਗੰਭੀਰ ਕਿਸਮ ਦੀਆਂ ਬਹਿਸਾਂ ਜਾਂ ਵਿਰੋਧੀ ਧਿਰਾਂ ਵਲੋਂ ਉਨ੍ਹਾਂ ਦੇ ਏਜੰਡੇ ਨੂੰ ਉਧਾਲ ਲਿਜਾਉਣ ਦੀ ਤਾਂ ਗੱਲ ਹੀ ਛੱਡੋ। ਇਹੋ, ਮੋਦੀ ਸੋਚਦਾ ਲਗਦੈ, ਕਿ ਇਸ ਖਿੱਤੇ ਲਈ ਆਪਸੀ ਗੱਲਬਾਤ ਵਿੱਚ ਅੱਗੇ ਵਧਣ ਦਾ ਇੱਕੋ ਇੱਕ ਤਰੀਕਾ ਹੈ।
ਤੀਸਰਾ, ਲਾਹੌਰ ਵਿਚਲੀ ਮੋਦੀ-ਸ਼ਰੀਫ਼ ਮਿਲਣੀ ਨੂੰ ਭਾਰਤ ਦੀ ਪਾਕਿਸਤਾਨ ਨੀਤੀ ਵਿੱਚ ਆਉਣ ਵਾਲੀ ਕੋਈ ਕ੍ਰਾਂਤੀਕਾਰੀ ਤਬਦੀਲੀ ਸਮਝ ਲੈਣਾ ਇੱਕ ਬਹੁਤ ਵੱਡੀ ਗ਼ਲਤੀ ਹੋਵੇਗੀ। ਨਾ ਹੀ ਇਸ ਦਾ ਮਤਲਬ, ਜਿਵੇਂ ਕਿ ਕੁਝ ਨੁਕਤਾਚੀਨਾਂ ਦੀ ਰਾਏ ਹੈ, ਭਾਰਤ ਵਲੋਂ ਪਾਕਿਸਤਾਨ ਤੋਂ ਆਉਣ ਵਾਲੇ ਅਤਿਵਾਦ ਦੇ ਖ਼ਤਰੇ ਨੂੰ ਅਣਗੌਲਿਆ ਕਰਨਾ ਹੈ। ਭਾਰਤ ਸਰਕਾਰ ਨੇ ਬਾਰ ਬਾਰ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਨੌਰਮਲ ਸਬੰਧਾਂ ਨੂੰ ਖ਼ਰਾਬ ਕਰਨ ਵਾਲੇ ਅਨਸਰਾਂ ਨਾਲ, ਬੇਸ਼ੱਕ ਉਨ੍ਹਾਂ ਦੀ ਪਿੱਠ ‘ਤੇ ਪਾਕਿਸਤਾਨੀ ਫ਼ੌਜ ਦਾ ਥਾਪੜਾ ਹੋਵੇ ਜਾਂ ਨਾ, ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪਿੱਛਲੇ ਡੇਢ ਸਾਲ ਤੋਂ ਭਾਰਤ ਵਲੋਂ ਅਪਨਾਈ ਗਈ ਦੋ-ਪਾਸੜ (ਗੱਲਬਾਤ ਤੇ ਬਾਰਡਰੀ ਫ਼ਾਇਰਿੰਗ ਦੀ) ਨੀਤੀ ਨੂੰ ਕੁਝ ਲੋਕਾਂ ਨੇ ਮੋਦੀ-ਨੀਤੀ ਵਿੱਚ ਆਈ ਕੋਈ ਖੜੋਤ ਸਮਝ ਲਿਆ ਸੀ। ਮੋਦੀ ਦੀ 25 ਦਿਸੰਬਰ ਦੀ ਪਾਕਿਸਤਾਨ ਫ਼ੇਰੀ ਦਰਅਸਲ ਉਸ ਦੇ ਅਤੀਤ ਵਿੱਚ ਚੁੱਕੇ ਗਏ ਕਦਮਾਂ ਨਾਲ ਮੇਲ ਹੀ ਖਾਂਦੀ ਹੈ, ਨਾ ਕਿ ਉਸ ਦੇ ਉਲਟ ਹੈ, ਯਾਨੀ ਕਿ ਪਾਕਿਸਤਾਨੀ ਅਤਿਵਾਦੀਆਂ ਅਤੇ ਘੁਸਪੈਠੀਆਂ ਨੂੰ ਭਾਰਤ ਦੀ ਸੀਮਾ ਤੋਂ ਦੂਰ ਰੱਖ ਕੇ ਪਾਕਿਸਤਾਨ ਨੂੰ ਗੱਲਬਾਤ ਵਿੱਚ ਉਲਝਾਈ ਰੱਖਣਾ। ਸਮੁੱਚੇ ਰੂਪ ਵਿੱਚ, ਸਾਲ 2015 ਵਿੱਚ ਕੁਝ ਕੁ ਨਾਟਕੀ ਹਿਚਕੋਲੇ ਖਾਣ ਤੋਂ ਬਾਅਦ, ਦੋਹਾਂ ਧਿਰਾਂ ਨੂੰ ਖ਼ੁਸ਼ ਹੋਣਾ ਚਾਹੀਦੈ ਕਿ ਉਹ ਇਸ ਸਾਲ ਦਾ ਅੰਤ ਚੜ੍ਹਦੀਕਲਾ ਦੇ ਨੋਟ ‘ਤੇ ਕਰਨ ਵਿੱਚ ਕਾਮਯਾਬ ਰਹੇ ਹਨ। ਆਮੀਨ!