ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਸੋਮਵਾਰ ਇਕ ਮਾਮਲੇ ਦੀ ਸੁਣਵਾਈ ਦੌਰਾਨ ਜਨਹਿੱਤ ਪਟੀਸ਼ਨ ਦਾਇਰ ਕਰਨ ਵਾਲੇ ਇਕ ਵਕੀਲ ਦੇ ਬੋਲਣ ਦੇ ਲਹਿਜ਼ੇ ’ਤੇ ਸਖ਼ਤ ਨਾਰਾਜ਼ ਹੋਏ ਤੇ ਪੁੱਛਿਆ ਕਿ ਇਹ ‘ਯਾ-ਯਾ’ ਕੀ ਹੈ? ਇਹ ਕੋਈ ਕੌਫੀ ਸ਼ਾਪ’ ਨਹੀਂ। ਉਨ੍ਹਾਂ ਨੂੰ ਅਜਿਹੇ ਸ਼ਬਦਾਂ ਤੋਂ ਬਹੁਤ ਐਲਰਜੀ ਹੈ। ਯੈੱਸ ਬੋਲੋ। ਸੁਪਰੀਮ ਕੋਰਟ ’ਚ ਇਹ ਘਟਨਾਚੱਕਰ ਉਦੋਂ ਵਾਪਰਿਆ ਜਦੋਂ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਇਕ ਜਨਹਿੱਤ ਪਟੀਸ਼ਨ ’ਚ ਧਿਰ ਬਣਾਏ ਜਾਣ ਤੇ ਸੇਵਾ ਵਿਵਾਦ ਨਾਲ ਸਬੰਧਤ ਇਕ ਪਟੀਸ਼ਨ ਨੂੰ ਰੱਦ ਕਰਨ ਦੇ ਮਾਮਲੇ ’ਚ ਉਨ੍ਹਾਂ ਵਿਰੁੱਧ ਅੰਦਰੂਨੀ ਜਾਂਚ ਦੀ ਮੰਗ ਕਰਨ ਬਾਰੇ ਇਕ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਹੋ ਰਹੀ ਸੀ।
ਬੈਂਚ ਦੇ ਕੁਝ ਸਵਾਲਾਂ ਦੇ ਜਵਾਬ ’ਚ ਵਕੀਲ ਵੱਲੋਂ ‘ਯੈੱਸ’ ਕਹਿਣ ਦੀ ਬਜਾਏ ‘ਯਾ-ਯਾ’ ਕਹਿਣ ’ਤੇ ਚੀਫ ਜਸਟਿਸ ਨੇ ਨਾਰਾਜ਼ਗੀ ਪ੍ਰਗਟਾਈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਇਹ ਯਾ-ਯਾ ਕੀ ਹੈ? ਇਹ ਕੌਫੀ ਦੀ ਦੁਕਾਨ ਨਹੀਂ ਹੈ। ਮੈਨੂੰ ਇਸ ਯਾ-ਯਾ ਤੋਂ ਬਹੁਤ ਐਲਰਜੀ ਹੈ। ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਜੇ. ਬੀ. ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਪੁਣੇ ਆਧਾਰਿਤ ਪਟੀਸ਼ਨਰ ਨੂੰ ਕਿਹਾ ਕਿ ਤੁਸੀਂ ਜੱਜ ਨੂੰ ਪ੍ਰਤੀਵਾਦੀ ਬਣਾ ਕੇ ਜਨਹਿੱਤ ਪਟੀਸ਼ਨ ਕਿਵੇਂ ਦਾਇਰ ਕਰ ਸਕਦੇ ਹੋ? ਕੁਝ ਤਾਂ ਇੱਜ਼ਤ ਹੋਣੀ ਚਾਹੀਦੀ ਹੈ।