ਇਰਾਨ ਵਿਚਲਾ ਪੀੜ੍ਹੀਆਂ ਦਾ ਪਾੜਾ ਹੁਣ ਫ਼ਾਈਨਲ ਸਿਆਸੀ ‘ਸ਼ੋਅਡਾਊਨ’ ਵੱਲ ਵੱਧ ਰਿਹੈ!

Editorialਇਰਾਨ ਦੀ ਪੱਛਮ ਨਾਲ ਹੋਈ ਨਿਊਕਲੀਅਰ ਡੀਲ ਨੇ ਇਰਾਨੀ ਸਰਕਾਰ ਦੀ ਸਿਆਸੀ ਸੋਚ ਵਿੱਚ ਮੌਜੂਦ ਪੀੜ੍ਹੀਆਂ ਦਾ ਪਾੜਾ ਖ਼ੂਬ ਉਜਾਗਰ ਕੀਤੈ। ਉੱਥੋਂ ਦੇ ਸਰਬ ਉੱਚ ਧਾਰਮਿਕ ਨੇਤਾ ਆਯਤੋਲਾਹ ਸੱਈਦ ਅਲੀ ਖ਼ਮਾਇਨੀ ਨੇ ਇੱਕ ਤੋਂ ਬਾਅਦ ਦੂਸਰੀ ਮੰਗ ਕਰ ਕੇ ਨਿਊਕਲੀਅਰ ਸਮਝੌਤਾ ਲਾਗੂ ਕੀਤੇ ਜਾਣ ਦੀ ਯੋਜਨਾ ਨੂੰ ਤਾਰਪੀਡੋ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਦੂਜੇ ਪਾਸੇ, ਅਕਬਰ ਹਾਸ਼ਮੀ ਰਫ਼ਸਨਜਾਨੀ, ਜੋ ਕਿ ਇਸਲਾਮਿਕ ਰਿਪਬਲਿਕ ਔਫ਼ ਇਰਾਨ ਦੇ ਸੰਸਾਥਾਪਕਾਂ ‘ਚੋਂ ਇੱਕ, ਸਾਬਕਾ ਰਾਸ਼ਟਰਪਤੀ ਅਤੇ ਹੁਣ ਇਰਾਨ ਦੀ ਮਜ੍ਹਮਾ-ਏ-ਤਸ਼ਖ਼ੀਸ-ਏ-ਮਸਲਿਹਤ-ਏ-ਨੇਜ਼ਾਮ (Expediency Discernment Council) ਦਾ ਚੇਅਰਮੈਨ ਹੈ, ਨੇ ਜਨਤਕ ਤੌਰ ‘ਤੇ ਖ਼ਮਾਇਨੀ ਦੇ ਹੁਕਮਾਂ ਦੀ ਵਿਰੋਧਤਾ ਕੀਤੀ ਅਤੇ ਖ਼ਮਾਇਨੀ ਦੀਆਂ ਨਵੀਆਂ ਮੰਗਾਂ ਅਣਗੌਲੀਆਂ ਕਰ ਦਿੱਤੀਆਂ। ਅੰਤ ਵਿੱਚ, ਖ਼ਮਾਇਨੀ ਨੂੰ ਪਿੱਛੇ ਹਟਣਾ ਪਿਆ ਅਤੇ ਨਿਊਕਲੀਅਰ ਸਮਝੌਤੇ ਨੂੰ ਲਾਗੂ ਹੋਣ ਦੇਣਾ ਪਿਆ।
ਆਓ ਅੱਗੇ ਚੱਲਣ ਤੋਂ ਪਹਿਲਾਂ ਇਰਾਨ ਦੀ ‘ਮਜ੍ਹਮੇ’ ਦੀ ਬਣਤਰ ਨੂੰ ਜ਼ਰਾ ਸਮਝ ਲਈਏ। ਮਜ੍ਹਮਾ-ਏ-ਮਸਲਿਹਤੇ ਨੇਜ਼ਾਮ, ਇਰਾਨ ਦੀ ਇੱਕ ਪ੍ਰਬੰਧਕੀ ਅਸੈਂਬਲੀ ਹੈ ਜਿਸ ਦੀ ਸਥਾਪਨਾ ਇਸਲਾਮਿਕ ਰਿਪਬਲਿਕ ਔਫ਼ ਇਰਾਨ ਦੇ ਸੰਵਿਧਾਨ ਵਿੱਚ ਤਰਮੀਮ ਉਪਰੰਤ 6 ਫ਼ਰਵਰੀ 1988 ਨੂੰ ਕੀਤੀ ਗਈ ਸੀ। ਮਜ੍ਹਮਾ-ਏ-ਮਸਲਿਹਤੇ ਨੇਜ਼ਾਮ ਦੇ ਪੰਜ ਮੈਂਬਰ ਹੁੰਦੇ ਹਨ ਜਿਨ੍ਹਾਂ ਦੀ ਚੋਣ ਇਰਾਨ ਦਾ ਸਰਬ ਉੱਚ ਮਜ਼੍ਹਬੀ ਨੇਤਾ ਆਯਤੋਲਾਹ ਖ਼ੁਦ ਕਰਦਾ ਹੈ। ਸ਼ੁਰੂ ਸ਼ੁਰੂ ਵਿੱਚ ਇਸ ਮਜ੍ਹਮੇ ਦਾ ਮੁੱਖ ਕਾਰਜ ਇਰਾਨ ਦੀ ਮਜਲਿਸ (ਪਾਰਲੀਮੈਂਟ) ਅਤੇ ਗਾਰਡੀਅਨ ਕਾਊਂਸਿਲ (ਸ਼ੋਰਾ-ਏ-ਨੇਗ਼ੇਹਬਾਨ-ਏ-ਕਾਨੂੰਨ-ਏ-ਅਸਾਸੀ ਜੋ ਕਿ ਸੰਵਿਧਾਨਕ ਤੌਰ ‘ਤੇ ਚੁਣੀ ਹੋਈ ਇੱਕ 12 ਮੈਂਬਰੀ ਕਾਊਂਸਿਲ ਹੈ ਜਿਸ ਨੂੰ ਸੌਖੇ ਸ਼ਬਦਾਂ ਵਿੱਚ ਅਸੀਂ ਇਰਾਨੀਆਂ ਦੇ ‘ਇਖ਼ਲਾਕ ਦੀ ਨਿਗ੍ਹੇਬਾਨ’ ਸੱਦ ਸਕਦੇ ਹਾਂ) ਦਰਮਿਆਨ ਵਿਵਾਦਾਂ ਦਾ ਸਮਾਧਾਨ ਕਰਨਾ ਹੁੰਦਾ ਸੀ, ਪਰ ਉਸ ਦੀ ਅਸਲੀ ਤਾਕਤ ਉਸ ਦੇ ਆਯਤੋਲਾਹ ਨੂੰ ਸਲਾਹ ਮਸ਼ਵਰਾ ਦੇ ਸਕਣ ਵਾਲੇ ਰੋਲ ਵਿੱਚ ਵਧੇਰੇ ਮੰਨੀ ਜਾਂਦੀ ਹੈ। ਸੋ ਇਸ ਰੋਲ ਵਿੱਚ ਇਰਾਨ ਦੇ ਸੁਪਰੀਮ ਲੀਡਰ ਆਯਤੋਲਾਹ ਨੇ ਆਪਣੇ ਕੁਝ ਇਖ਼ਤਿਆਰਾਤ ਵਿੱਚ ਕਟੌਤੀ ਕਰ ਕੇ ਉਨ੍ਹਾਂ ਮਾਮਲਿਆਂ ਬਾਰੇ ਅਧਿਕਾਰ ਮਜ੍ਹਮੇ ਦੇ ਸਪੁਰਦ ਕੀਤੇ ਹੋਏ ਹਨ। ਇਸ ਹੈਸੀਅਤ ਵਿੱਚ ‘ਮਜ੍ਹਮਾ’ ਇਰਾਨੀ ਸਰਕਾਰ ਦੀਆਂ ਸਾਰੀਆਂ ਸ਼ਾਖ਼ਾਵਾਂ ਉੱਪਰ ਇੱਕ ਨਿਗਰਾਨ ਦਾ ਰੁਤਬਾ ਰੱਖਦਾ ਹੈ ਅਤੇ ਮਜ੍ਹਮੇ ਦੇ ਇਸ ਰੋਲ ਦੀ ਸ਼ੁਰੂਆਤ ਸੰਨ 2005 ਵਿੱਚ ਰਾਸ਼ਟਰਪਤੀ ਮਾਹਮੂਦ ਅਹਮਦੌਨੇਜਾਦ ਦੀ ਚੋਣ ਤੋਂ ਬਾਅਦ ਹੋਈ ਸੀ।
ਖ਼ਮਾਇਨੀ ਇਰਾਨ ਦੀ ਉਸ ਪੀੜ੍ਹੀ ਨਾਲ ਸਬੰਧ ਰੱਖਦਾ ਹੈ ਜਿਸ ਨੇ 1979 ਦੀ ਮਹਾਨ ਇਸਲਾਮਿਕ ਕ੍ਰਾਂਤੀ ਵਿੱਚ ਹਿੱਸਾ ਲਿਆ ਸੀ ਅਤੇ ਜੋ ਅੱਜ ਵੀ ਇਰਾਨ ਦੇ ਕੱਟੜਾਂ ਤੋਂ ਵੀ ਕੱਟੜ ਸਿਆਸੀ ਧੜੇ ਦੀ ਤਰਜਮਾਨੀ ਕਰਦੀ ਸਮਝੀ ਜਾਂਦੀ ਹੈ। ਇਨ੍ਹਾਂ ਕੱਟੜਪੰਥੀਆਂ ਦਾ ਇੱਕ ਸਾਂਝਾ ਲੱਛਣ ਇਹ ਹੈ ਕਿ ਉਹ ਉਨ੍ਹਾਂ ਹੀ ਪੁਰਾਣੇ ਹੱਥਕੰਡਿਆਂ ਨੂੰ ਅਪਨਾਉਣ ਵਿੱਚ ਯਕੀਨ ਰੱਖਦੇ ਹਨ ਜਿਹੜੇ 1979 ਵਿੱਚ ਸਫ਼ਲ ਹੋਏ ਸਨ, ਅਤੇ ਜਿਨ੍ਹਾਂ ਵਿੱਚ ਅਮਰੀਕੀ ਅੰਬੈਸੀ ਦੇ ਕਰਮਚਾਰੀਆਂ ਨੂੰ ਬੰਧਕ ਬਣਾਉਣਾ ਸ਼ਾਮਿਲ ਸੀ। ਰਫ਼ਸਨਜਾਨੀ ਵੀ ਉਸੇ ਯੁੱਗ ਤੇ ਪੀੜ੍ਹੀ ਦੀ ਪੈਦਾਇਸ਼ ਹੈ ਜਿਸ ਵਿੱਚ ਖ਼ਮਾਇਨੀ ਪੈਦਾ ਹੋਇਆ ਸੀ ਅਤੇ ਉਨ੍ਹਾਂ ਹੀ ‘ਕ੍ਰਾਂਤੀਕਾਰੀ ਸਿਧਾਂਤਾਂ’ ਦੀ ਪਾਲਣਾ ਕਰਦਾ ਹੈ ਜਿਨ੍ਹਾਂ ਦਾ ਮੁੱਦਈ ਖ਼ਮਾਇਨੀ ਹੈ, ਪਰ ਰਾਸ਼ਟਰਪਤੀ ਰਫ਼ਸਨਜਾਨੀ ਨੂੰ ਦੁਨੀਆਂ ਇਸ ਲਈ ‘ਵਿਹਾਰਕ’ ਤੇ ‘ਨਰਮ-ਖ਼ਿਆਲੀ’ ਸਮਝਦੀ ਹੈ ਕਿਉਂਕਿ ਉਹ ਇਨ੍ਹਾਂ ਸਿਧਾਂਤਾਂ ਨੂੰ ਇਰਾਨ ਨੂੰ ਆਧੁਨਿਕ ਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਹਾਣ ਦਾ ਬਣਾਉਣ ਦੀ ਆਪਣੀ ਇੱਛਾ ਦੀ ਚਾਸ਼ਨੀ ਵਿੱਚ ਭਿਉਂ ਕੇ ਪੇਸ਼ ਕਰਦਾ ਹੈ।
ਨਿਊਕਲੀਅਰ ਸੌਦੇਬਾਜ਼ੀ ਤੋਂ ਬਾਅਦ ਸਿਸਟਮ ਵਿੱਚ ਨੁਮਾਇਆਂ ਹੋਈਆਂ ਤਰੇੜਾਂ ਹਾਲੇ ਵੀ ਮੌਜੂਦ ਹਨ ਅਤੇ ਜਿਉਂ ਜਿਉਂ 26 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਇਰਾਨ ਦੀ ਮਜਲਿਸ (ਪਾਰਲੀਮੈਂਟ) ਅਤੇ ਮਜਲਿਸੇ ਖੌਬਰਗ਼ਾਨੇ ਰਾਹਬਰੀ (ਮਾਹਿਰਾਂ ਦੀ ਅਸੈਂਬਲੀ) ਚੁਣਨ ਦਾ ਦਿਨ ਨੇੜੇ ਅੱਪੜ ਰਿਹੈ, ਪੀੜ੍ਹੀਆਂ ਦੀ ਸੋਚ ਦਰਮਿਆਨ ਦਾ ਇਹ ਪਾੜਾ ਵੀ ਹੋਰ ਵਸੀਹ ਤੇ ਜ਼ਾਹਿਰ ਹੁੰਦਾ ਜਾ ਰਿਹੈ। ਇਸ ਵਕਤ ਇਰਾਨ ਵਿੱਚ ਇਸ ਗੱਲ ਨੂੰ ਲੈ ਕੇ ਇੱਕ ਬਹੁਤ ਹੀ ਗੰਭੀਰ ਸਿਆਸੀ ਯੁੱਧ ਛਿੜਿਆ ਹੋਇਐ ਕਿ 26 ਫ਼ਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਕਿਹੜੇ ਉਮੀਦਵਾਰਾਂ ਨੂੰ ਚੋਣ ਲੜਨ ਦਾ ਹੱਕ ਦਿੱਤਾ ਜਾਵੇਗਾ ਅਤੇ ਕਿਹੜੇ ਅਯੋਗ ਕਰਾਰ ਦੇ ਦਿੱਤੇ ਜਾਣਗੇ। ਦਿਸੰਬਰ ਮਹੀਨੇ ਵਿੱਚ, ਇਰਾਨ ਦੀ ਕੱਟੜਪੰਥੀ ਮੁਹਾਫ਼ਿਜ਼ ਜਥੇਬੰਦੀ, ਗਾਰਡੀਅਨ ਕਾਊਂਸਿਲ, ਨੇ ਇੱਕ ਫ਼ਤਵਾ ਜਾਰੀ ਕਰ ਕੇ ਹਜ਼ਾਰਾਂ ਉਮੀਦਵਾਰਾਂ ਨੂੰ ਚੋਣਾਂ ਲੜਨ ਦੇ ਅਯੋਗ ਕਰਾਰ ਦੇ ਦਿੱਤਾ ਸੀ। ਇਹ ਗਾਰਡੀਅਨ ਕਾਊਂਸਿਲ ਸਿੱਧੀ ਖ਼ਮਾਇਨੀ ਦੇ ਅਧਿਕਾਰ ਖੇਤਰ ਅਧੀਨ ਆਉਂਦੀ ਹੈ ਅਤੇ 6 ਇਸਲਾਮੀ ਜੱਜਾਂ ਅਤੇ 6 ਮੌਲਵੀਆਂ ‘ਤੇ ਆਧਾਰਿਤ ਇਹ ਪੈਨਲ ਕਿਸੇ ਵੀ ਚੁਣੇ ਹੋਏ ਉਮੀਦਵਾਰ ਦੀ ਚੋਣ ਆਪਣੀ ਮਰਜ਼ੀ ਦੇ ਕਾਰਣਾਂ ਨੂੰ ਬਹਾਨਾ ਬਣਾ ਕੇ ਰੱਦ ਕਰ ਸਕਦਾ ਹੈ ਜਿਵੇਂ ਕਿ ਉਮੀਦਵਾਰਾਂ ਦੇ ਮਨਾਂ ਵਿੱਚ ਇਸਲਾਮ ਅਤੇ ਸੰਵਿਧਾਨ ਪ੍ਰਤੀ ਅਹਿਤਰਾਮ ਨਾ ਹੋਣਾ।
ਖ਼ਮਾਇਨੀ ਨੇ ਕਿਹਾ, ”ਜਿਹੜੇ ਲੋਕਾਂ ਦਾ ਯਕੀਨ ਸਾਡੀ ਪੁਰੋਹਿਤੀ (ਪੜ੍ਹਿਆ ਜਾਵੇ ਮੌਲਵਈ) ਪ੍ਰਥਾ ਵਿੱਚ ਨਹੀਂ ਉਨ੍ਹਾਂ ਨੂੰ ਮੁਲਕ ਦੇ ਕਿਸੇ ਵੀ ਕਾਰਜ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।” ਥੋਕ ਵਿੱਚ ਉਮੀਦਵਾਰਾਂ ਨੂੰ ਅਯੋਗ ਕਰਾਰ ਦੇਣ ਦੀ ਇਸ ਪ੍ਰਕਿਰਿਆ ਦਾ ਉਦੇਸ਼ ਪ੍ਰਤੱਖ ਹੈ, ਮਜਲਿਸ  ਜਾਂ ਪਾਰਲੀਮੈਂਟ ਨੂੰ ਉਹ ਸੁਧਾਰ ਲਾਗੂ ਕਰਨ ਤੋਂ ਰੋਕਣਾ ਜਿਨ੍ਹਾਂ ਦੇ ਮੁੱਦਈ ਰਫ਼ਸਨਜਾਨੀ ਅਤੇ ਮੌਜੂਦਾ ਰਾਸ਼ਟਰਪਤੀ ਹਸਨ ਰੂਹਾਨੀ ਹਨ। ਖ਼ਮਾਇਨੀ ਦਾ ਇਹ ਕਥਨ ਕਿ ”ਜਿਨ੍ਹਾਂ ਲੋਕਾਂ ਦਾ ਵਿਸ਼ਵਾਸ ਮੁਲਕ ਦੀ ਪੁਰੋਹਿਤੀ ਪ੍ਰਥਾ ਵਿੱਚ ਨਹੀਂ” ਦਰਅਸਲ ਇਰਾਨ ਦੇ ਨਰਮ ਖ਼ਿਆਲੀਆਂ ਨੂੰ ਇਹ ਇਸ਼ਾਰਾ ਸੀ ਕਿ ਸਿਆਸੀ ਸੁਧਾਰਾਂ ਦੀ ਹਿਮਾਇਤ ਨੂੰ ਬਗ਼ਾਵਤ ਤੇ ਧਰਮ ਤਿਆਗ ਦੇ ਬਰਾਬਰ ਸਮਝਿਆ ਜਾਵੇਗਾ। ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਇਸ ਬਿਆਨ ਨੇ ਇਰਾਨ ਵਿੱਚ ਅਜਿਹੇ ਅਗਨ-ਤੂਫ਼ਾਨ ਨੂੰ ਹਵਾ ਦੇ ਦਿੱਤੀ ਹੈ ਜਿਸ ਨਾਲ ਕਈ ਲੋਕ ਥੋਕ ਵਿੱਚ ਫ਼ੜਾਈਆਂ ਗਈਆਂ ਅਯੋਗਤਾਵਾਂ ਕਾਰਨ ਖ਼ਫ਼ਾ ਹੋ ਚੁੱਕੇ ਹਨ। ਇਰਾਨ ਵਿੱਚ ਕਈਆਂ ਦਾ ਮਤ ਹੈ ਕਿ ਖਾਮੇਨੀ ਦਾ ਇਹ ਹਾਲੀਆ ਪੈਂਤੜਾ ਉਸ ਲਈ ਸਵੈ-ਸ਼ਿਕੱਸਤ ਦਾ ਕਾਰਨ ਬਣ ਜਾਵੇਗਾ। ਇਸ ਮਾਮਲੇ ‘ਤੇ ਇੱਕ ਹੋਰ ਆਯਤੋਲਾਹ, ਕਾਜ਼ੇਮ ਨੂਰਮੋਫ਼ੀਦੀ, ਦਾ ਕਹਿਣਾ ਸੀ, ”ਜਿਹੜੇ ਲੋਕ ਇਸਲਾਮਿਕ ਰਿਪਬਲਿਕ, ਇਸਲਾਮ ਅਤੇ ਸਾਡੇ ਸਿਸਟਮ ਦੇ ਥੰਮਾਂ ਦੀ ਹੁਰਮਤ ਵਿੱਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਅਯੋਗ ਕਰਾਰ ਦੇਣਾ … ਸਾਡੇ ਸਿਆਸੀ ਢਾਂਚੇ ਦੇ ਅਸਲ ਹਮਾਇਤੀਆਂ ਦਰਮਿਆਨ ਹੀ ਡੂੰਘੇ ਇਖ਼ਤਲਾਫ਼ (ਵਖਰੇਵੇਂ) ਪੈਦਾ ਕਰ ਸਦਕਾ ਹੈ।”
ਇਰਾਨ ਦੇ ਰੂਹਾਨੀ ਲੀਡਰ ਆਯਤੋਲਾਹ ਅਲੀ ਮੋਹੰਮਦ ਦਸਤਗ਼ੇਬ ਨੇ ਗਾਰਡੀਅਨ ਕਾਊਂਸਿਲ ਨੂੰ ਲਿਖੇ ਆਪਣੇ ਇੱਕ ਖ਼ਤ ਵਿੱਚ ਕਿਹਾ ਹੈ, ”ਤੁਸੀਂ ਸਾਡੇ ਕੁੱਲ ਵੋਟਰਾਂ ਦੇ 30 ਪ੍ਰਤੀਸ਼ਤ ਲੋਕਾਂ ਦੇ ਅਧਿਕਾਰਾਂ ਨੂੰ ਕਬੂਲਿਐ ਅਤੇ ਬਾਕੀਆਂ ਦੇ ਹੱਕਾਂ ਦੀ ਅਣਦੇਖੀ ਕੀਤੀ ਹੈ। ਕੀ ਤੁਹਾਨੂੰ ਨਹੀਂ ਲਗਦਾ ਕਿ ਅਜਿਹਾ ਕਰਨ ਨਾਲ ਜਨਤਾ ਅਤੇ ਲੀਡਰਸ਼ਿਪ ਦਰਮਿਆਨ ਦੂਰੀ ਵਧੇਗੀ?” ਇਸ ਤੋਂ ਵੀ ਗੰਭੀਰ ਚਿੰਤਾ ਦਾ ਵਿਸ਼ਾ ਉਹ ਸੂਰਤੇਹਾਲ ਹੋਵੇਗੀ ਜਿੱਥੇ ‘ਖ਼ਮਾਇਨੀਕਿਆਂ’ ਅਤੇ ਹੋਰ ਕੱਟੜਪੰਥੀਆਂ ਖ਼ਿਲਾਫ਼ ਲੋਕਾਂ ਦਾ ਰੋਹ ਹਕੂਮਤ ਵਿਰੋਧੀ ਜਨਤਕ ਮੁਜ਼ਾਹਰਿਆਂ ਵਿੱਚ ਤਬਦੀਲ ਹੋ ਜਾਵੇਗਾ। 2009 ਵਿੱਚ ਅਜਿਹਾ ਹੀ ਹੋਇਆ ਸੀ ਜਦੋਂ ਖ਼ਮਾਇਨੀ ਦੇ ਨਿੱਜੀ ਸੈਨਿਕਾਂ ਨੂੰ ਸ਼ਾਤਮਈ ਮੁਜ਼ਾਹਰਾਕਾਰੀਆਂ ਨੂੰ ਖਦੇੜਨ ਲਈ ਉਨ੍ਹਾਂ ਦਾ ਕਤਲੇਆਮ ਕਰਨਾ ਪਿਆ ਸੀ। ਸੂਤਰਾਂ ਦਾ ਕਹਿਣਾ ਹੈ, ਬਹੁਤ ਸਾਰੇ ਇਰਾਨੀਆਂ ਨੂੰ ਉਨ੍ਹਾਂ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ ਅਤੇ ਖ਼ਮਾਇਨੀਕਿਆਂ ਨੇ ਸਰਕਾਰੀ ਅਧੀਕਾਰੀਆਂ ਨੂੰ ਹੁਕਮ ਚਾੜ੍ਹਿਆ ਹੋਇਐ ਕਿ ਫ਼ਰਵਰੀ 24 ਤੋਂ ਪਹਿਲਾਂ, ਭਾਵ ਇਰਾਨ ਦੀਆਂ ਚੋਣਾਂ ਤੋਂ ਦੋ ਦਿਨ ਪਹਿਲਾਂ, ਸਭ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਪੂਰੀਆਂ ਬਕਾਇਆ ਤਨਖ਼ਾਹਾਂ ਦੇ ਦਿੱਤੀਆਂ ਜਾਣ, ਇਸ ਉਮੀਦ ਵਿੱਚ ਕਿ ਸਰਕਾਰ ਦੇ ਅਜਿਹਾ ਕਰਨ ਨਾਲ ਜਨਤਕ ਮੁਜ਼ਾਹਰਿਆਂ ਦੀ ਸੰਭਾਵਨਾ ਘੱਟ ਹੋ ਜਾਵੇਗੀ।
ਇਰਾਨ ਦੇ ਅਸੂਲਵਾਦੀਆਂ ਤੇ ਸੁਧਾਰਵਾਦੀਆਂ ਦਰਮਿਆਨ ਇਤਿਹਾਸਕ ਸੰਘਰਸ਼
1960ਵਿਆਂ ਤੇ 70ਵਿਆਂ ਦੇ ਦਰਮਿਆਨ ਦਾ ਅਮਰੀਕਾ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੀ ਪੀੜ੍ਹੀ ਦਾ ਅਮਰੀਕਾ ਸੀ ਅਤੇ ਉਸ ਦਾ ਆਪਣੇ ਤੋਂ ਪਹਿਲਾਂ ਦੀ ਪੀੜ੍ਹੀ ਨਾਲ ਸਖ਼ਤ ਇਖ਼ਤਲਾਫ਼ ਸੀ ਜਿਸ ਕਾਰਨ ਜੰਗ ਵਿੱਚ ਸ਼ਾਮਿਲ ਪੀੜ੍ਹੀ ਦੇ ਪਿੱਛੇ ਬਚੇ ਰਹਿ ਗਏ ਵਾਰਸ ਅਤੇ ਜੰਗ ਤੋਂ ਬਾਅਦ ਪਲ ਕੇ ਜਵਾਨ ਹੋਣ ਵਾਲੀ ਪੀੜ੍ਹੀ ਦੇ ‘ਬੇਬੀ ਬੂਮਰਜ਼’ (ਜੰਗ ਤੋਂ ਬਾਅਦ ਨਿਆਣੇ ਪੈਦਾ ਕਰਨ ਦੇ ਵਧੇ ਹੋਏ ਰੁਝਾਨ ਕਾਰਨ ਉਸ ਵਕਤ ਦੀ ਪੀੜ੍ਹੀ ਦਾ ਰੱਖਿਆ ਗਿਆ ਨਾਮ) ਇੱਕ ਦੂਸਰੇ ਖ਼ਿਲਾਫ਼ ਡੱਟ ਗਏ। ਨਤੀਜਾ ‘Days of Rage’, ਸੜਕੀ ਮੁਜ਼ਾਹਰਿਆਂ, Summer of Love (ਹਾੜ੍ਹ ਦਾ ਪਿਆਰ), ਰਾਸ਼ਟਰੀ ਡੈਮੋਕ੍ਰੈਟਿਕ ਕਨਵੈਨਸ਼ਨ ਵੇਲੇ ਦੇ ਦੰਗਿਆਂ, ਕੈਂਟ ਸਟੇਟ ਗੋਲੀਬਾਰੀ, ਵਾਟਰਗੇਟ ਅਤੇ ਹਕੂਮਤੀ ਤਬਦੀਲੀ, ਭਾਵ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਵਾਟਰਗੇਟ ਸਕੈਂਡਲ ਕਾਰਨ ਅਮਰੀਕਾ ਵਿੱਚ ਡੈਮੋਕ੍ਰੈਟਿਕ ਹਕੂਮਤ ਲਈ ਰਾਹ ਪੱਧਰਾ ਹੋਣ ਵਿੱਚ ਨਿਕਲਿਆ। ਇਰਾਨ ਵੀ ਇਸ ਵਕਤ ਆਪਣੇ ਜੈਨਰੇਸ਼ਨਲ ਕ੍ਰਾਇਸਿਸ, ਭਾਵ ਪੀੜ੍ਹੀਆਂ ਦੇ ਆਪਸੀ ਪਾੜੇ ਦੇ ਸੰਕਟ ‘ਚੋਂ ਗੁਜ਼ਰ ਰਿਹੈ ਕਿਉਂਕਿ ਉਸ ਦੀਆਂ ਦੋ ਆਖ਼ਰੀ ਵੱਡੀਆਂ ਪੁਸ਼ਤੈਨੀ ਜੰਗਾਂ 1979 ਦੀ ਮਹਾਨ ਇਸਲਾਮਿਕ ਕ੍ਰਾਂਤੀ ਅਤੇ 1988 ਵਿੱਚ ਆਪਣੇ ਜੋਬਨ ਨੂੰ ਅੱਪੜਨ ਵਾਲੀ ਇਰਾਨ ਇਰਾਕ ਜੰਗ ਸਨ। ਇਰਾਨ ਵੀ ਇਸ ਵਕਤ ਉਸੇ ਪੀੜ੍ਹੀਆਂ ਦੇ ਪਾੜੇ ਦਾ ਸ਼ਿਕਾਰ ਹੈ ਜਿਸ ਪਾੜੇ ਦਾ ਸ਼ਿਕਾਰ ਦੂਜੇ ਵਿਸ਼ਵ ਯੁੱਧ ਉਪਰੰਤ ਅਮਰੀਕਾ ਹੋਇਆ ਸੀ। ਇਰਾਨ ਦੀ ਇਸਲਾਮਿਕ ਕ੍ਰਾਂਤੀ ਦੀ ਜ਼ਦ ਵਿੱਚ ਆ ਕੇ ਮਰਨ ਤੋਂ ਬਚੇ ਰਹਿ ਗਏ ਬੁੱਢੇ ਲੋਕ ਜੰਗ ਤੋਂ ਬਾਅਦ ਪੱਲ ਕੇ ਹੁਣ ਜਵਾਨ ਹੋ ਚੁੱਕੇ ਨਿਆਣਿਆਂ ਦੀ ਆਜ਼ਾਦੀ ਨੂੰ ਚੁਣੌਤੀ ਦੇ ਰਹੇ ਹਨ। ਵੈਸੇ ਤਾਂ ਇਰਾਨ ਦੀ ਹਕੂਮਤ ਵਿੱਚ ਇੱਕ ਦੂਸਰੇ ਦੇ ਉਲਟ ਨਜ਼ਰੀਆ ਰੱਖਣ ਵਾਲੇ ਕਈ ਛੋਟੇ ਛੋਟੇ ਗੁੱਟ ਸ਼ਾਮਿਲ ਹਨ, ਪਰ ਪ੍ਰਮੁੱਖ ਤੌਰ ‘ਤੇ ਇਨ੍ਹਾਂ ਦ੍ਰਿਸ਼ਟੀਕੋਣਾਂ ਨੂੰ ਹੇਠ ਲਿਖੀਆਂ ਤਿੰਨ ਮੋਟੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ:
1. ਅਸੂਲਵਾਦੀ: ਇਨ੍ਹਾਂ ਵਿੱਚ 1979 ਦੀ ਮਹਾਨ ਇਸਲਾਮਿਕ ਕ੍ਰਾਂਤੀ ਵਿੱਚੋਂ ਜਾਨ ਬਚਾ ਕੇ ਜਿਊਂਦੇ ਨਿਕਲਣ ਵਾਲੇ ਲੋਕ ਸ਼ਾਮਿਲ ਹਨ ਜੋ ਕਿ ਪ੍ਰਮੁੱਖ ਤੌਰ ‘ਤੇ ਕੱਟੜਪੰਥੀ ਹਨ ਅਤੇ ਉਹ ਇਰਾਨੀ ਸਮਾਜ ਵਿੱਚ 1979 ਦੀ ਕ੍ਰਾਂਤੀ ਵਲੋਂ ਸੈੱਟ ਕੀਤੇ ਗਏ ਸਿਧਾਂਤਾਂ ਨੂੰ ਲਾਗੂ ਕਰਨ ‘ਤੇ ਜ਼ੋਰ ਦਿੰਦੇ ਹਨ।
2. ਨਰਮ ਖ਼ਿਆਲੀਏ ਜਾਂ ਵਿਹਾਰਕ: ਇਹ ਲੋਕ ਲਗਭਗ ਉਸੇ ਪੀੜ੍ਹੀ ‘ਚੋਂ ਨਿਕਲਦੇ ਹਨ ਜਿਸ ਵਿੱਚੋਂ ਅਸੂਲਵਾਦੀ ਆਉਂਦੇ ਹਨ ਅਤੇ ਇਹ ਅਸੂਲਵਾਦੀਆਂ ਦੇ ਸਿਧਾਂਤਾਂ ਦੀ ਹੀ ਪ੍ਰੋੜ੍ਹਤਾ ਕਰਦੇ ਹਨ, ਪਰ ਇਹ ਕੁਝ ਕੁ ਸਮਾਜਕ ਸਤੇ ਹਕੂਮਤੀ ਸੁਧਾਰਾਂ ਨੂੰ ਲਾਗੂ ਕਰਨ ਦੇ ਵੀ ਮੁੱਦਈ ਹਨ ਜਿਨ੍ਹਾਂ ਵਿੱਚ ਪੱਛਮ ਨਾਲ ਬਿਹਤਰ ਸਬੰਧ ਬਣਾਉਣੇ ਵੀ ਸ਼ਾਮਿਲ ਹੈ।
3. ਸੁਧਾਰਵਾਦੀ: ਇਹ ਉਨ੍ਹਾਂ ਨੌਜਵਾਨ ਲੋਕਾਂ ਦੀ ਪੀੜ੍ਹੀ ਹੈ ਜਿਹੜੇ 1979 ਦੀ ਕ੍ਰਾਂਤੀ ਅਤੇ ਇਰਾਨ ਇਰਾਕ ਜੰਗ ਤੋਂ ਬਾਅਦ ਜਵਾਨ ਹੋਏ, ਪੱਛਮੀ ਪੱਧਰ ਦੇ ਹਿਸਾਬ ਨਾਲ ਹਾਲੇ ਵੀ ‘ਪੁਰਾਣੇ ਖ਼ਿਆਲਾਤ ਦੇ ਮਾਲਕ’ ਕੰਸਰਵਟਿਵ ਹਨ, ਪਰ ਉਹ ਇਰਾਨ ਦੇ ਉਨ੍ਹਾਂ ਕੱਟੜ ਨਿਯਮਾਂ ਵਿੱਚ ਸੁਧਾਰਾਂ ਦੀ ਪੁਰਜ਼ੋਰ ਮੰਗ ਕਰਦੇ ਹਨ ਜਿਨ੍ਹਾਂ ਵਿੱਚ ਡੂੰਘੇ ਤੇ ਗੰਭੀਰ ਸਿਆਸੀ ਸੁਧਾਰਾਂ ਤੋਂ ਲੈ ਕੇ ਹਕੂਮਤੀ ਤਬਦੀਲੀ ਤਕ ਕਈ ਕੁਝ ਸ਼ਾਮਿਲ ਹੈ। ਇਹ ਲੋਕ ਲਗਭਗ ਉਹੋ ਜਿਹੇ ਮਸਲਿਆਂ ਨੂੰ ਲੈ ਕੇ ਹੀ ਲੜਦੇ ਹਨ ਜਿਹੋ ਜਿਹੇ ਮਸਲਿਆਂ ਲਈ ਅਮਰੀਕਨ ਬੇਬੀ ਬੂਮਰਜ਼ 1960ਵਿਆਂ ਦੇ ਅਮਰੀਕਾ ਵਿੱਚ ਲੜਦੇ ਹੁੰਦੇ ਸਨ – ਲਿੰਗ ਦੇ ਮਾਮਲਿਆਂ ਵਿੱਚ ਵਧੇਰੇ ਬਰਾਬਰੀ, ਬੋਲਣ ਤੇ ਵਿਰੋਧ ਕਰਨ ਦੀ ਵਧੇਰੇ ਆਜ਼ਾਦੀ, ਵਿਦੇਸ਼ੀ ਜੰਗਾਂ ਵਿੱਚ ਦਖ਼ਲ ਦੇਣ ਤੋਂ ਗ਼ੁਰੇਜ਼ ਕਰਨ, ਆਦਿ ਦੀਆਂ ਮੰਗਾਂ।
ਇਰਾਨ ਦੇ ਸੰਵਿਧਾਨ ਵਿੱਚ ਇੱਕ ਕੇਂਦਰੀ ਵਿਰੋਧਾਭਾਸ ਮੌਜੂਦ ਹੈ ਜਿਸ ਕਾਰਨ ਉੱਥੇ ਨਿੱਤ ਦਿਨ ਇੱਕ ਤੋਂ ਬਾਅਦ ਇੱਕ ਸਿਆਸੀ ਸੰਕਟ ਖੜ੍ਹਾ ਹੋ ਜਾਂਦਾ ਹੈ: ਇਹ ਮੰਨ ਕੇ ਚੱਲਣਾ ਕਿ ਚੁਣੇ ਹੋਏ ਅਦਾਰੇ ਮਜ਼੍ਹਬੀ ਜੱਜਾਂ ਵਲੋਂ ਜਾਰੀ ਕੀਤੇ ਜਾਂਦੇ ਫ਼ਤਵਿਆਂ ਦਾ ਅਹਿਤਰਾਮ ਕਰਦੇ ਹੋਏ ਉਨ੍ਹਾਂ ਨਾਲ ਪੂਰੀ ਇਕਸੁਰਤਾ ਬਣਾ ਕੇ ਚੱਲਣਗੇ। ਆਯਤੋਲਾਹ ਰੋਹੋਲਾਹ ਖ਼ਮਾਇਨੀ, ਇਸਲਾਮਿਕ ਰਿਪਬਲਿਕ ਦੇ ਪਹਿਲੇ ਸਰਬ ਉੱਚ ਲੀਡਰ, ਦਾ ਇਹ ਮੰਨਣਾ ਸੀ ਕਿ ਇੱਕ ਸਹੀ ਢੰਗ ਨਾਲ ਪ੍ਰਸ਼ਾਸਿਤ ਰਾਸ਼ਟਰ ਵਿੱਚ ਰੱਬ ਦੀ ਰਜ਼ਾ (ਜੋ ਮੌਲਵੀ ਨਿਰਧਾਰਿਤ ਕਰਨਗੇ) ਅਤੇ ਲੋਕਾਂ ਦੀ ਮਰਜ਼ੀ (ਜੋ ਚੋਣਾਂ ਨਿਰਧਾਰਿਤ ਕਰਨਗੀਆਂ) ਇਕਸੁਰਤਾ ਵਿੱਚ ਕਾਰਜਸ਼ੀਲ ਰਹਿ ਸਕਦੀਆਂ ਹਨ। ਇਰਾਨ ਦੀਆਂ ਦੋ ਪੁਸ਼ਤੈਨੀ ਜੰਗਾਂ ਤੋਂ ਬਾਅਦ ਦੇ ਪਹਿਲੇ ਕੁਝ ਕੁ ਸਾਲਾਂ ਦੇ ਮੁੜ ਵਸੇਬੇ ਦੇ ਦੌਰ (Recovery Era) ਦੌਰਾਨ ਅਜਿਹਾ ਦੇਖਣ ਨੂੰ ਵੀ ਮਿਲਿਆ, ਪਰ ਅਤੀਤ ਦੀਆਂ ਜੰਗਾਂ ਦੀ ਕਿਸੇ ਵੀ ਯਾਦ ਤੋਂ ਵਿਹੂਣੇ ਬੱਚਿਆਂ ਨੇ ਜਿਉਂ ਹੀ ਆਪਣੀ ਕਿਸ਼ੋਰ ਅਵੱਸਥਾ ((teens) ਵਿੱਚ ਕਦਮ ਰੱਖਿਆ, ਸਰਕਾਰ ਵਿਰੋਧੀ ਅੰਦੋਲਨਾਂ ਨੇ ਸਾਰਾ ਇਰਾਨੀ ਸਿਆਸੀ ਸੀਨ ਹੀ ਮੱਲ ਲਿਆ ਅਤੇ ਉਸ ਨੂੰ ਖ਼ੂਨੀ ਘੱਲੂਘਾਰਿਆਂ ਨਾਲ ਦਬਾਇਆ ਗਿਆ।
ਕੱਟੜਪੰਥੀਆਂ ਨੂੰ ਉਨ੍ਹਾਂ ਦੀ ਪਹਿਲੀ ਸ਼ਿਕਸਤ 1997 ਵਿੱਚ ਅਕਬਰ ਹਾਸ਼ਮੀ ਰਫ਼ਸਨਜਾਨੀ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾ ਕੇ ਸੁਧਾਰਵਾਦੀ ਮੌਲਵੀ ਮੁਹੰਮਦ ਖ਼ਾਤਮੀ ਨੇ ਦਿੱਤੀ। 2000 ਦੀਆਂ ਪਾਰਲੀਮਾਨੀ ਚੋਣਾਂ ਵਿੱਚ ਸੁਧਾਰਵਾਦੀਆਂ ਦੀਆਂ ਹੋਰ ਵੀ ਜਿੱਤਾਂ ਦੇਖਣ ਨੂੰ ਮਿਲੀਆਂ, ਅਤੇ ਉਨ੍ਹਾਂ ਨੇ ਦੋ ਤਿਹਾਈ ਸੀਟਾਂ ਜਿੱਤ ਲਈਆਂ। 2004 ਦੀਆਂ ਚੋਣਾਂ ਵਿੱਚ ਗਾਰਡੀਅਨ ਕਾਊਂਸਿਲ ਨੇ ਹਜ਼ਾਰਾਂ ਸੁਧਾਰਵਾਦੀਆਂ ਨੂੰ ਅਯੋਗ ਕਰਾਰ ਦੇ ਦਿੱਤਾ ਅਤੇ ਉਨ੍ਹਾਂ ਵਲੋਂ ਅਜਿਹਾ ਹੀ ਕਰਨ ਦੀ ਤਿਆਰੀ ਹੁਣ 2016 ਦੀਆਂ ਚੋਣਾਂ ਲਈ ਵੀ ਕੀਤੀ ਜਾ ਰਹੀ ਹੈ।
ਨੌਜਵਾਨ ਪੀੜ੍ਹੀ ਦੇ ਸੁਧਾਰਵਾਦੀਆਂ ਦੇ ਵੱਡੀ ਗਿਣਤੀ ਵਿੱਚ ਤਾਕਤ ਵਾਲੇ ਅਹੁਦਿਆਂ ‘ਤੇ ਕਾਬਜ਼ ਹੋਣ ਨਾਲ, ਅਤੇ ਸਿਧਾਂਤਵਾਦੀਆਂ ਦੇ ਲਗਾਤਾਰ ਰੱਬ ਨੂੰ ਪਿਆਰੇ ਹੁੰਦੇ ਰਹਿਣ ਨਾਲ,  ਕੱਟੜਪੰਥੀਆਂ ਦੀ ਰਹਿੰਦ ਖੂੰਹਦ ਆਪਣੀ ਬਚੀ ਹੋਈ ਹੋਂਦ ਨੂੰ ਲੈ ਕੇ ਬੁਰੀ ਤਰ੍ਹਾਂ ਘਬਰਾਈ ਪਈ ਹੈ ਅਤੇ ਸਿਆਸੀ ਸੁਧਾਰਾਂ ਦੀ ਕਿਸੇ ਵੀ ਕੋਸ਼ਿਸ਼ ਨੂੰ ਉਹ ਹੁਣ ਤਕ ਗਾਰਡੀਅਨ ਕਾਊਂਸਿਲ ਤੋਂ ਰੱਦ ਕਰਵਾ ਕੇ ਅਤੇ ਸੁਰੱਖਿਆ ਕਰਮੀਆਂ ਤੋਂ ਜਨਤਾ ਦੇ ਕਤਲ ਕਰਵਾ ਕੇ ਅਸਫ਼ਲ ਬਣਾਉਂਦੀ ਆਈ ਹੈ। ਰਫ਼ਸਨਜਾਨੀ ਨੇ ਨਰਮ ਖ਼ਿਆਲੀਆਂ ਦਾ ਸਾਥ ਦਿੱਤਾ ਹੈ। ਉਹ ਕਿਸੇ ਨਾ ਕਿਸੇ ਤਰੀਕੇ ਇਸਲਾਮਿਕ ਕ੍ਰਾਂਤੀ ਦੇ ਫ਼ਤਵਿਆਂ ਅਤੇ ਪੱਛਮ ਵਲੋਂ ਅਪਨਾਏ ਜਾਂਦੇ ਲੋਕਤੰਤਰੀ ਢੰਗਾਂ ਨੂੰ ਰਲ਼ਾ ਕੇ ਇਰਾਨ ਦੇ ਸੰਵਿਧਾਨਕ ਵਿਰੋਧਾਭਾਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਹੈ। ਰਫ਼ਸਨਜਾਨੀ ਨੂੰ ਸੁਧਾਰਵਾਦੀਆਂ ਵਲੋਂ ਹਕੂਮਤ ਤਬਦੀਲੀ ਦੀ ਕੀਤੀ ਜਾ ਰਹੀ ਮੰਗ ਨੂੰ ਠੁਕਰਾਉਣ ਵੇਲੇ ਵੀ ਸਾਵਧਾਨੀ ਵਰਤਣੀ ਪਈ ਸੀ ਕਿਉਂਕਿ ਇਸ ਵਿੱਚ ਉਸ ਨੂੰ ਜੇਲ੍ਹ ਵੀ ਹੋ ਸਕਦੀ ਸੀ। ਰਫ਼ਸਨਜਾਨੀ ਦੇ ਬੇਟੇ ਮਹਿਦੀ ਹਾਸ਼ਮੀ ਰਫ਼ਸਨਜਾਨੀ ਨੂੰ ਵੀ ਪਿੱਛਲੇ ਸਾਲ ਬੀਤੇ 2009 ਵਿੱਚ ਅਰਾਜਕਤਾ ਫ਼ੈਲਾਉਣ ਦੇ ਜੁਰਮ ਵਿੱਚ ਕੈਦ ਹੋ ਗਈ ਸੀ।
ਖ਼ਮਾਇਨੀ ਅਤੇ ਰਫ਼ਸਨਜਾਨੀ, ਦੋਹੇਂ, ਇਸਲਾਮਿਕ ਰਿਪਬਲਿਕ ਦੇ ਸੰਸਥਾਪਕ ਮੈਂਬਰ ਹਨ; ਦੋਹਾਂ ਨੇ ਇਸਲਾਮਿਕ ਕ੍ਰਾਂਤੀ ਵਿੱਚ ਹਿੱਸਾ ਲਿਆ ਹੋਇਐ; ਦੋਹੇਂ ਇੱਕੋ ਪੀੜ੍ਹੀ ਨਾਲ ਸਬੰਧ ਰੱਖਦੇ ਹਨ, ਪਰ ਉਹ ਕੱਟੜ ਸਿਆਸੀ ਵਿਰੋਧੀ ਵੀ ਨੇ ਕਿਉਂਕਿ ਰਫ਼ਸਨਜਾਨੀ ਉਹ ਸਿਆਸੀ ਸੁਧਾਰ ਲਾਗੂ ਕਰਨਾ ਚਾਹੁੰਦੈ ਜਿਨ੍ਹਾਂ ਦੀ ਖ਼ਮਾਇਨੀ ਡੱਟ ਕੇ ਵਿਰੋਧਤਾ ਕਰ ਰਿਹੈ। ਫ਼ਰਵਰੀ 26 ਦੀਆਂ ਚੋਣਾਂ ਉਨ੍ਹਾਂ ਦੋਹਾਂ ਦਰਮਿਆਨ ਇੱਕ ਨਵੇਂ ਨਾਟਕੀ ਯੁੱਧ ਲਈ ਪਿੱਠਭੂਮੀ ਦਾ ਕੰਮ ਵੀ ਦੇ ਸਕਦੀਆਂ ਹਨ।

LEAVE A REPLY