ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1380

”ਕੰਮ ਔਨ ਬੇਬੀ, ਚੰਗੇ ਦਿਨਾਂ ਨੂੰ ਆਉਣ ਦਿਓ …” ਮੋਦੀ ਅਤੇ ਟਰੰਪ ਚੰਗੇ ਦਿਨਾਂ ਦੇ ਵਾਅਦੇ ਦੇ ਸਿਰ ‘ਤੇ ਹੀ ਤਾਂ ਸੱਤਾ ‘ਚ ਆਏ ਸਨ। ਪਰ ਕੀ ਅਸੀਂ ਚੰਗੇ ਦਿਨਾਂ ਨੂੰ ਬਸ ਇੰਝ ਸੱਦਾ ਦੇ ਕੇ ਹੀ ਬੁਲਾ ਸਕਦੇ ਹਾਂ? ਕੀ ਸਾਨੂੰ ਇਸ ਲਈ ਕੋਈ ਲਾਇਸੰਸ ਨਹੀਂ ਚਾਹੀਦਾ? ਪਰ ਇਹ ਸਾਬਿਤ ਕਰਨ ਲਈ ਕਿ ਉਹ ਸਾਰੇ ਚੰਗੇ ਦਿਨ ਬਿਹਤਰ ਮੌਸਮਾਂ ਨੂੰ ਖ਼ੁਸ਼ਆਮਦੀਦ ਕਹਿਣ ਲਈ ਪੂਰੀ ਤਰ੍ਹਾਂ ਤਿਆਰ ਹਨ, ਕੀ ਉਨ੍ਹਾਂ ਕੋਲ ਸਿਹਤ ਅਤੇ ਸੁਰੱਖਿਆ ਸਰਟੀਫ਼ੀਕੇਟ ਹੈਗੇ ਨੇ? ਜਾਂ, ਦੂਸਰੇ ਸ਼ਬਦਾਂ ਵਿੱਚ, ਕੋਈ ਸ਼ੈਅ ਤੁਹਾਡੀ ਸੁਭਾਵਿਕ ਪ੍ਰਵਿਰਤੀ ਦੇ ਰਾਹ ‘ਚ ਅੜਿਕੇ ਖੜ੍ਹੇ ਕਰ ਰਹੀ ਹੈ। ਸਿਧਾਂਤਕ ਰੂਪ ‘ਚ, ਤੁਹਾਨੂੰ ਕਵੇਲ ਉਹੀ ਚੀਜ਼ ਹਾਸਿਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀ ਤੁਹਾਨੂੰ ਪ੍ਰੇਰਿਤ ਕਰਦੀ ਹੋਵੇ। ਵਿਵਹਾਰਕ ਪੱਖੋਂ, ਤੁਸੀਂ ਅੜਚਨਾਂ ਅਤੇ ਇਤਰਾਜ਼ਾਂ ਦੇ ਬੇਸ਼ੁਮਾਰ ਬੋਝ ਨਾਲ ਨਜਿੱਠ ਰਹੇ ਹੋ। ਪਰ ਤੁਹਾਡਾ ਉਤਸ਼ਾਹ ਬੇਸ਼ਕੀਮਤੀ ਹੈ ਅਤੇ ਜਿੰਨਾ ਤੁਹਾਨੂੰ ਅਹਿਸਾਸ ਹੈ ਉਸ ਤੋਂ ਕਿਤੇ ਵੱਧ ਤਾਕਤਵਰ।

ਭਾਵੇਂ ਸਾਰੇ ਲੋਕ ਝਗੜਾਲੂ ਸੁਭਾਅ ਨਾਲ ਜਨਮ ਨਹੀਂ ਲੈਂਦੇ, ਪਰ ਸਾਡੇ ਸਾਰਿਆਂ ਦਾ ਸੁਭਾਵਿਕ ਝੁਕਾਅ ਸਮੇਂ ਸਮੇਂ ਸਿਰ ਇੱਕ-ਦੂਸਰੇ ਨਾਲ ਅਸਹਿਮਤ ਹੋਣ ਦਾ ਹੈ। ਇਹ – ਆਪਣੇ ਆਪ ‘ਚ – ਕੋਈ ਇੰਨੀ ਮਾੜੀ ਗੱਲ ਨਹੀਂ। ਹਿੱਤਾਂ ਅਤੇ ਵਿਚਾਰਾਂ ਦੇ ਟਕਰਾਅ ਬਿਨਾਂ ਜੀਵਨ ਨੀਰਸ ਹੈ। ਮਸਲਾ ਓਦੋਂ ਖੜ੍ਹਾ ਹੁੰਦੈ ਜਦੋਂ ਕੋਈ ਵਿਵਾਦ ਉਬਾਲੇ ਖਾ-ਖਾ ਕੇ ਇੱਕ ਮੁਕੰਮਲ ਜੰਗ ‘ਚ ਤਬਦੀਲ ਹੋ ਜਾਂਦੈ। ਆਪਣੀ ਨਿੱਜੀ ਜ਼ਿੰਦਗੀ ‘ਚ ਮੁਕੰਮਲ ਸ਼ਾਂਤੀ ਅਤੇ ਤਾਲਮੇਲ ਹਾਸਿਲ ਕਰਨ ਦੀ ਆਸ ਸ਼ਾਇਦ ਇਸ ਵਕਤ ਇੱਕ ਸਮਝਦਾਰ ਸੋਚ ਨਾ ਹੋਵੇ, ਪਰ ਕੋਈ ਕੰਮ-ਚਲਾਊ ਸਮਝੌਤਾ ਹਾਲੇ ਵੀ ਹੈਰਾਨੀਜਨਕ ਹੱਦ ਤਕ ਮੁਮਕਿਨ ਹੈ। ਤੁਹਾਨੂੰ ਸ਼ਾਇਦ ਕਿਸੇ ਹੋਰ ਦੇ ਜ਼ਿੱਦੀ ਸੁਭਾਅ ਲਈ ਕੁੱਝ ਗੁੰਜਾਇਸ਼ਾਂ ਛੱਡਣ ਦੀ ਲੋੜ ਹੋਵੇਗੀ।

ਤੁਸੀਂ ਕੀ ਲੱਭ ਰਹੇ ਹੋ? ਤੁਹਾਨੂੰ ਉਹ ਕਿੱਥੋਂ ਮਿਲਣ ਦੀ ਉਮੀਦ ਹੈ? ਤੁਹਾਨੂੰ ਇਹ ਕਿਉਂ ਲੱਗਦੈ ਕਿ ਖੋਜਣ ਲਈ ਉਹ ਸਹੀ ਜਗ੍ਹਾ ਹੈ? ਸਾਡਾ ਸੰਸਾਰ ਗੁਆਚੀਆਂ ਹੋਈਆਂ ਚੀਜ਼ਾਂ ਨਾਲ ਭੱਰਿਆ ਪਿਐ। ਨਾਵਾਜਬ ਦੌਲਤਾਂ ਨਾਲ। ਅਜਿਹੇ ਬਹੁਤ ਸਾਰੇ ਸਵਾਲਾਂ ਨਾਲ ਜਿਨ੍ਹਾਂ ਦੇ ਬਜ਼ਾਹਰ ਕੋਈ ਜਵਾਬ ਨਹੀਂ। ਜਿੱਥੇ ਕਿਤੇ ਵੀ ਲੋਕ ਬਿਨਾ ਸਫ਼ਲਤਾ ਦੇ ਨਿਰੰਤਰ ਭਾਲ ‘ਚ ਲੱਗੇ ਹੋਏ ਹਨ, ਉਸ ਦੇ ਕਵੇਲ ਦੋ ਹੀ ਕਾਰਨ ਹੋ ਸਕਦੇ ਨੇ। ਜਾਂ ਤਾਂ, ਕਿਸੇ ਕਾਰਨ, ਉਹ ਪ੍ਰਤੱਖ ਨੂੰ ਨਜ਼ਰਅੰਦਾਜ਼ ਕਰ ਰਹੇ ਹਨ ਜਾਂ ਉਹ ਆਪਣੇ ਆਪ ਨੂੰ ਉਸ ਖਿੱਤੇ ਤਕ ਸੀਮਿਤ ਰੱਖ ਰਹੇ ਹਨ ਜਿੱਥੋਂ ਉਨ੍ਹਾਂ ਨੂੰ ਆਪਣਾ ਸ਼ਿਕਾਰ ਲੱਭਣ ਦੀ ਆਸ ਹੈ। ਆਪਣੇ ਜਾਲ ਨੂੰ ਹੋਰ ਚੌੜਾ ਫ਼ੈਲਾਓ, ਅਤੇ ਤੁਸੀਂ ਉਸ ਨੂੰ ਹਾਸਿਲ ਕਰਨ ‘ਚ ਸਫ਼ਲ ਹੋਵੋਗੇ ਜੋ ਤੁਸੀਂ ਦਿਲੋਂ ਚਾਹੁੰਦੇ ਹੋ।

ਅਸੀਂ ਪੁਰਾਣੇ ਜ਼ਮਾਨੇ ‘ਤੇ ਆਧਾਰਿਤ ਪੀਰੀਅਡ ਫ਼ਿਲਮਾਂ ਅਤੇ ਰੰਗ-ਬਰੰਗੇ ਪਹਿਰਾਵਿਆਂ ਨਾਲ ਭਰਪੂਰ ਨਾਟਕ ਦੇਖਣਾ ਪਸੰਦ ਕਰਦੇ ਹਾਂ। ਬਹੁਤ ਪਹਿਲਾਂ ਚੀਜ਼ਾਂ ਕਿਵੇਂ ਹੋਇਆ ਕਰਦੀਆਂ ਸਨ, ਉਸ ਬਾਰੇ ਅਸੀਂ ਆਪਣੇ ਰੋਮੈਂਟਿਕ ਖ਼ਿਆਲਾਂ ਨੂੰ ਪੱਠੇ ਪਾਉਂਦੇ ਹਾਂ। ਅਸੀਂ ਦੂਰ-ਦੁਰਾਡਾ ਭਵਿੱਖ ਵੀ ਪਸੰਦ ਕਰਦੇ ਹਾਂ। ਚਾਂਦੀ ਰੰਗੇ ਸੂਟ ਅਤੇ ਜੈੱਟਪੈਕਸ (Jetpacks), ਜਿਨ੍ਹਾਂ ਨੂੰ ਪਿੱਠ ‘ਤੇ ਲਗਾ ਕੇ ਮਨੁੱਖ ਰਾਕਟਾਂ ਵਾਂਗ ਹਵਾ ‘ਚ ਉਡ ਸਕਣ, ਸਾਨੂੰ ਚੰਗੇ ਲੱਗਦੇ ਹਨ। ਵਿਗਿਆਨਕ ਕਹਾਣੀਆਂ ਵਾਲੀਆਂ ਸਾਈ-ਫ਼ਾਈ ਮੂਵੀਆਂ ‘ਚ ਦਿਖਾਏ ਜਾਣ ਵਾਲੇ ਟੈਲੇਪੋਰਟਸ ਅਤੇ ਸਪੇਸਸ਼ਿਪਸ ਵੱਲ ਅਸੀਂ ਆਕਰਸ਼ਿਤ ਹੁੰਦੇ ਹਾਂ। ਅਸੀਂ ਬਹੁਤ ਹੀ ਘੱਟ ਅਜਿਹੀ ਕਿਸੇ ਘਟਨਾ ਬਾਰੇ ਉਤਸੁਕ ਹੁੰਦੇ ਹਾਂ ਜੋ ਹਾਲ ਹੀ ‘ਚ ਵਾਪਰੀ ਹੋਵੇ ਅਤੇ ਅਸੀਂ ਅਕਸਰ ਉਸ ਬਾਬਤ ਜ਼ਿਆਦਾ ਚਿੰਤਤ ਰਹਿੰਦੇ ਹਾਂ ਜੋ ਭਵਿੱਖ ‘ਚ ਕਿਸੇ ਵੀ ਪਲ ਵਾਪਰ ਸਕਦੈ। ਸਾਡੇ ਲਈ ਲੰਘੇ ਕੱਲ੍ਹ ਤੋਂ ਪਹਿਲਾਂ ਵਾਲਾ ਦਿਨ ਹਮੇਸ਼ਾ ਦਿਲਚਸਪ ਹੁੰਦੈ। ਬੀਤੇ ਹੋਏ ਕੱਲ੍ਹ ਬਾਰੇ ਅਸੀਂ ਸੋਚਦੇ ਹਾਂ ਕਿ ਸਾਨੂੰ ਉਸ ਨੂੰ ਭੁੱਲ ਕੇ ਅੱਗੇ ਵਧਣ ਦੀ ਲੋੜ ਹੈ। ਫ਼ਿਰ ਵੀ, ਹਾਲ ਹੀ ਵਿੱਚ, ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਕੁੱਝ ਮਹੱਤਵਪੂਰਨ ਵਾਪਰਿਐ। ਇਹ ਵਧੇਰੇ ਧਿਆਨ ਦਾ ਹੱਕਦਾਰ ਹੈ ਅਤੇ ਤੁਹਾਡੇ ਆਉਣ ਵਾਲੇ ਕੱਲ੍ਹ ਨੂੰ ਪਹਿਲਾਂ ਨਾਲੋਂ ਕਿਤੇ ਬਿਹਤਰ ਬਣਾ ਸਕਦਾ ਹੈ।