ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1376

ਜੇਕਰ ਤੁਸੀਂ ਕਿਸੇ ਵੀ ਸ਼ੈਅ ਨੂੰ ਆਲੋਚਨਾਤਮਕ ਅੱਖ ਨਾਲ ਦੇਖੋ, ਤੁਸੀਂ ਛੇਤੀ ਹੀ ਉਸ ‘ਚ ਨੁਕਸ ਲੱਭ ਸਕਦੇ ਹੋ। ਜੇਕਰ ਤੁਸੀਂ ਕਿਸੇ ਨੂੰ ਵੀ ਬੇਯਕੀਨੀ ਨਾਲ ਸੁਣੋ, ਜਲਦ ਹੀ ਤੁਹਾਨੂੰ ਉਨ੍ਹਾਂ ‘ਤੇ ਵਿਸ਼ਵਾਸ ਨਾ ਕਰਨ ਦਾ ਕੋਈ ਨਾ ਕੋਈ ਕਾਰਨ ਲੱਭ ਜਾਵੇਗਾ। ਨਾਕਾਰਾਤਮਕਤਾ ਕਿਸੇ ਛੂਤ ਦੀ ਬੀਮਾਰੀ ਵਾਂਗ ਹੁੰਦੀ ਹੈ। ਲੋਕ ਆਪਣੇ ਕਾਰਜਾਂ ਅਤੇ ਵਿਹਾਰਾਂ ਨਾਲ ਅਣਜਾਣੇ ‘ਚ ਹੀ ਇਸ ਨੂੰ ਇੱਕ-ਦੂਜੇ ਤਕ ਫ਼ੈਲਾਈ ਜਾਂਦੇ ਹਨ। ਜਿਹੜੇ ਲੋਕ ਖ਼ੁਸ਼ਮਿਜਾਜ਼ੀ, ਭਗਤੀ ਅਤੇ ਭਰੋਸੇ ਦੇ ਪੌਸ਼ਟਿਕ ਭੋਜਨ ਦਾ ਸੇਵਨ ਵੀ ਕਰਦੇ ਹਨ – ਅਤੇ ਇਸ ਕਾਰਨ ਸ਼ੰਕੇ ਦੇ ਵਾਇਰਸ ਪ੍ਰਤੀ ਉਨ੍ਹਾਂ ਦੇ ਸ਼ਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਬਣੀ ਹੁੰਦੀ ਹੈ – ਆਪਣੀ ਕਮਜ਼ੋਰੀ ਦੇ ਕਿਸੇ ਵੀ ਪਲ ‘ਚ ਇਸ ਦੇ ਅੜਿੱਕੇ ਚੜ੍ਹ ਸਕਦੇ ਹਨ। ਸਾਵਧਾਨੀ ਵਰਤੋ ਕਿ ਤੁਸੀਂ ਕਿਸ ਤਰ੍ਹਾਂ ਦੀ ਲਾਗ ਸਾਹਮਣੇ ਖ਼ੁਦ ਨੂੰ ਅਸੁਰੱਖਿਅਤ ਛੱਡ ਰਹੇ ਹੋ। ਨਿਰਾਸ਼ਾਵਾਦ ਨਾ ਤਾਂ ਤੁਹਾਡੇ ਲਈ ਚੰਗਾ ਹੈ, ਅਤੇ ਨਾ ਹੀ ਇਹ ਇਸ ਵਕਤ ਠੀਕ ਹੋਵੇਗਾ।

ਮੁਰਗੀ ਨੇ ਸੜਕ ਕਿਉਂ ਪਾਰ ਕੀਤੀ? ਇਸ ਸਵਾਲ ਦੇ ਬਹੁਤ ਸਾਰੇ ਚੰਗੇ ਜਵਾਬ ਹਨ। ਸਭ ਤੋਂ ਵੱਧ ਹਾਸੇ ਵਾਲਾ ਹੈ: ਦੂਸਰੇ ਪਾਸੇ ਜਾਣ ਲਈ। ਪਹਿਲਾਂ ਕੌਣ ਆਇਆ ਸੀ, ਮੁਰਗੀ ਜਾਂ ਅੰਡਾ? ਇਸ ਸਵਾਲ ਦਾ ਕਦੇ ਵੀ ਕੋਈ ਚੰਗਾ ਜਵਾਬ ਨਹੀਂ ਮਿਲਦਾ। ਜਿੰਨਾ ਚਾਹੋ ਇਹ ਸਵਾਲ ਪੁੱਛ ਲਵੋ। ਜਿਸ ਨੂੰ ਮਰਜ਼ੀ ਚੁਣ ਕੇ ਇਹ ਸਵਾਲ ਪੁੱਛ ਲਵੋ, ਇਸ ਸਵਾਲ ਦਾ ਜਵਾਬ ਕੇਵਲ ਇੱਕ ਹੋਰ ਸਵਾਲ ਹੀ ਹੁੰਦੈ। ਘਟਨਾਵਾਂ ਸ਼ਿੱਦਤ ਨਾਲ ਤੁਹਾਨੂੰ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਲਾਜਵਾਬ ਸਵਾਲਾਂ ਦਾ ਅਹਿਸਾਸ ਕਰਵਾ ਰਹੀਆਂ ਹਨ। ਇਹ ਸਵਾਲ ਤੁਹਾਨੂੰ ਉਸ ਤੋਂ ਜ਼ਿਆਦਾ ਜਾਂ ਘੱਟ ਪਰੇਸ਼ਾਨ ਕਿਉਂ ਕਰਨ ਜਿੰਨਾ ਉਸ ਮੁਰਗੀ ਅਤੇ ਅੰਡੇ ਵਾਲੇ ਸਵਾਲ ਨੇ ਕੀਤਾ ਸੀ? ਸਿਰਫ਼ ਭਰੋਸਾ ਰੱਖੋ।

ਜੋ ਕੁਝ ਵੀ ਹੋ ਰਿਹੈ, ਤੁਸੀਂ ਉਸ ਬਾਰੇ ਖ਼ੁਸ਼ ਨਹੀਂ, ਪਰ ਘੱਟੋਘੱਟ ਤੁਹਾਨੂੰ ਇਹ ਤਾਂ ਪਤੈ ਕਿ ਤੁਸੀਂ ਖੜ੍ਹੇ ਕਿੱਥੇ ਹੋ। ਇਸ ਕਾਰਨ ਛੇਤੀ ਹੀ ਤੁਸੀਂ ਪੂਰੇ ਆਤਮਵਿਸ਼ਵਾਸ ਨਾਲ ਫ਼ੈਸਲੇ ਕਰਨ ਯੋਗ ਹੋ ਜਾਓਗੇ। ਇਸ ਦਾ ਮਤਲਬ ਹੋਇਆ ਕਿ ਤੁਹਾਨੂੰ ਹੋਰ ਜ਼ਿਆਦਾ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਪਵੇਗੀ ਕਿ ਤੁਸੀਂ ਕੀ ਕਹਿੰਦੇ ਹੋ – ਜਾਂ ਕਿਸ ਨੂੰ। ਤੁਹਾਡੇ ਲਈ ਆਪਣੀਆਂ ਸਾਰੀਆਂ ਚੋਣਾਂ ਖੁਲ੍ਹੀਆਂ ਰੱਖਣ ਦੀ ਕੋਈ ਮਜਬੂਰੀ ਵੀ ਨਹੀਂ ਹੋਵੇਗੀ। ਤੁਸੀਂ ਥੋੜ੍ਹੀ ਲੋਕ-ਅਪ੍ਰਿਯਤਾ ਸਹਿਣ ਦਾ ਖ਼ਤਰਾ ਉਠਾ ਸਕਦੇ ਹੋ। ਜਿੱਥੇ ਹਾਲੇ ਵੀ ਉਲਝਣ ਦੇ ਕੁਛ ਕਣ ਮੌਜੂਦ ਹਨ, ਉੱਥੇ ਛੇਤੀ ਹੀ ਸਪੱਸ਼ਟਤਾ ਹੋਵੇਗੀ। ਬਸ ਕਿਸੇ ਇੱਕ ਤਾਕਤਵਰ ਪਰ ਗ਼ੈਰ-ਵਿਹਾਰਕ ਇੱਛਾ ਨੂੰ ਫ਼ੈਸਲੇ ਲੈਣ ਦੀ ਆਪਣੀ ਸਰੇਸ਼ਠ ਕਾਬਲੀਅਤ ਨੂੰ ਗੰਧਲਾ ਨਾ ਕਰਨ ਦਿਓ।

ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਤੁਸੀਂ ਕਿਉਂ ਰਹਿੰਦੇ ਹੋ? ਕੀ ਤੁਸੀਂ ਕਿਤੇ ਹੋਰ ਹੋਣ ਦੀ ਕਲਪਨਾ ਕਰ ਸਕਦੇ ਹੋ? ਜੇਕਰ ਤੁਸੀਂ ਕਿਤੇ ਹੋਰ ਜਾ ਸਕਦੇ ਤਾਂ ਕਿੰਨੀ ਕੁ ਦੂਰ ਚਲੇ ਜਾਂਦੇ? ਤੁਸੀਂ ਆਪਣੀ ਘਰੇਲੂ ਸਥਿਤੀ ‘ਚ ਸੁਧਾਰ ਕਿਵੇ ਲਿਆ ਸਕਦੇ ਹੋ? ਅਤੇ ਜਿਹੜੀਆਂ ਚੀਜ਼ਾਂ ਤੁਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ‘ਚ ਕਰਦੇ ਹੋ, ਜਿਹੜੇ ਸਥਾਨਾਂ ‘ਤੇ ਤੁਸੀਂ ਜਾਂਦੇ ਹੋ ਜਾਂ ਜਿਹੜੇ ਲੋਕਾਂ ਨਾਲ ਉੱਠਦੇ-ਬਹਿੰਦੇ ਹੋ ਉਨ੍ਹਾਂ ਦਾ ਕੀ? ਤੁਹਾਨੂੰ ਇਸ ਗੱਲ ਦਾ ਭਲੀ ਪ੍ਰਕਾਰ ਗਿਆਨ ਹੋਣਾ ਚਾਹੀਦੈ ਕਿ ਤੁਸੀਂ ਚੁੱਪਚਾਪ ਕੀ ਕਾਮਨਾ ਕਰਦੇ ਹੋ ਕਿਉਂਕਿ ਇਛਾਵਾਂ ਪੂਰੀਆਂ ਕਰਨ ਵਾਲੀ ਦੇਵੀ ਜਿੰਨਾ ਤੁਸੀਂ ਸੋਚਦੇ ਹੋ ਉਸ ਤੋਂ ਤੁਹਾਡੇ ਮੋਢਿਆਂ ਦੇ ਕਿਤੇ ਲਾਗੇ ਮੰਡਰਾ ਰਹੀ ਹੈ। ਇਹ ਤੁਹਾਨੂੰ ਜੀਵਨ ‘ਚ ਕੋਈ ਵੱਡੀ ਤਬਦੀਲੀ ਲਿਆਉਣ ਦੀ ਤਾਕਤ ਦਿੰਦੀ ਹੈ। ਉਸ ਦਾ ਇਸਤੇਮਾਲ ਸਿਆਣਪ ਨਾਲ ਕਰੋ।

ਉਡਦੀ ਨਜ਼ਰੇ ਦੇਖਣ ਵਾਲਿਆਂ ਲਈ ਵਚਨਬੱਧ ਰਿਸ਼ਤਿਆਂ ਦੇ ਮਾਅਨੇ ਸਮਝਣੇ ਆਸਾਨ ਨਹੀਂ ਹੁੰਦੇ। ਜਦੋਂ ਅਸੀਂ ਕਿਸੇ ਵੀ ਜੋੜੇ ਨੂੰ ਦੂਰੋਂ ਦੇਖਦੇ ਹਾਂ, ਅਸੀਂ ਇਸ ਗੱਲੋਂ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਦੇ ਕਿ ਕੋਈ ਇੱਕ ਵਿਅਕਤੀ ਕਿਸੇ ਦੂਸਰੇ ਵਲੋਂ ਸਰਸਰੀ ਜਿਹੀ ਕਹੀ ਕਿਸੇ ਗੱਲ ‘ਤੇ ਇੰਨਾ ਗੁੱਸਾ ਕਿਵੇਂ ਕਰ ਸਕਦੈ। ਜਾਂ ਅਸੀਂ ਦੋ ਕਿਰਦਾਰਾਂ ਨੂੰ ਦੇਖਦੇ ਹਾਂ ਜਿਨ੍ਹਾਂ ਦੀ ਰਫ਼ਤਾਰ ਅਤੇ ਗ਼ੁਫ਼ਤਾਰ ਇੱਕ ਦੂਸਰੇ ਤੋਂ ਬਿਲਕੁਲ ਹੀ ਭਿੰਨ ਹੁੰਦੀ ਹੈ ਅਤੇ ਆਪਣਾ ਸਿਰ ਖੁਰਕਦੇ ਹੋਏ ਅਸੀਂ ਸੋਚਦੇ ਹਾਂ ਕਿ ਇਹ ਦੋਹੇਂ ਲੋਕ ਇਕੱਠਿਆਂ ਕੀ ਕਰ ਰਹੇ ਹਨ। ਇਹ ਸਮਝਣ ਦੀ ਖੇਚਲ ਨਾ ਕਰੋ ਕਿ ਤੁਹਾਡੇ ਸੰਸਾਰ ਵਿਚਲੇ ਦੂਸਰੇ ਲੋਕਾਂ ਦਰਮਿਆਨ ਕੀ ਚੱਲ ਰਿਹੈ। ਆਪਣੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਵੀ ਨਾ ਕਰਿਓ। ਛੇਤੀ ਹੀ, ਸਭ ਕੁਝ ਬਹੁਤ ਹੀ ਪ੍ਰੇਰਨਾਦਾਇਕ ਰੂਪ ‘ਚ ਸਪੱਸ਼ਟ ਹੋ ਜਾਵੇਗਾ।