ਵਿਗਿਆਨ ਨੇ ਇਹ ਸਾਬਿਤ ਕਰ ਦੇ ਦਿਖਾ ਦਿੱਤਾ ਹੈ ਕਿ ਦਿਮਾਗ਼ ਨੂੰ ਚਕਮਾ ਦੇ ਕੇ ਉਸ ਨੂੰ ਆਊਟ-ਔਫ਼-ਬੌਡੀ ਐਕਸਪੀਰੀਐਂਸ ਦਿਵਾਉਣਾ ਸੰਭਵ ਹੈ। ਪਹਿਲਾਂ ਕੋਈ ਵੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਕਿਸੇ ਪ੍ਰਕਿਰਿਆ ਦੇ ਮਾਧਿਅਮ ਰਾਹੀਂ ਸਾਡੀ ਆਤਮਾ ਸ਼ਰੀਰ ‘ਚੋਂ ਬਾਹਰ ਨਿਕਲ ਸਕਦੀ ਹੈ ਅਤੇ ਬਾਅਦ ‘ਚ ਵਾਪਿਸ ਸ਼ਰੀਰ ‘ਚ ਪ੍ਰਵੇਸ਼ ਕਰ ਸਕਦੀ ਹੈ। ਦੇਖਣ ਅਤੇ ਸੁਣਨ ਦੇ ਸੰਕੇਤਾਂ ਤੋਂ ਵਿਹੂਣੇ, ਸਾਡੇ ਦਿਮਾਗ਼ ਬਹੁਤ ਜਲਦੀ ਭਟਕ ਜਾਂਦੇ ਹਨ। ਇਸ ਭਟਕਣ ਕਾਰਨ ਉਹ ਝੂਠੇ ਸੰਕੇਤ ਭੇਜਣੇ ਸ਼ੁਰੂ ਕਰ ਦਿੰਦੇ ਹਨ, ਫ਼ੌਰਨ ਇੱਕ ਨਵੀਂ ਹਕੀਕਤ ਸਿਰਜ ਲੈਂਦੇ ਹਨ ਜਿਹੜੀ ਸਿਰਫ਼ ਉਨ੍ਹਾਂ ਦੀ ਕਲਪਨਾ ਅਤੇ ਧਾਰਣਾ ‘ਤੇ ਹੀ ਆਧਾਰਿਤ ਹੁੰਦੀ ਹੈ! ਇਸ ਗੱਲ ਦੀ ਤਸਦੀਕ ਕਰਨਾ ਕਿੰਨਾ ਚੰਗਾ ਲੱਗਦੈ ਕਿ ਅਸੀਂ ਸਾਰੇ ਸੁਪਨਿਆਂ ਦੇ ਸੰਸਾਰ ‘ਚ ਵਿਚਰਦੇ ਹਾਂ। ਸੋ ਜੇਕਰ ਇਹ ਵਾਕਈ ਸੱਚ ਹੈ ਤਾਂ ਫ਼ਿਰ ਅਸੀਂ ਇਹ ਪੱਕਾ ਕਿਉਂ ਨਹੀਂ ਕਰ ਸਕਦੇ ਕਿ ਕੇਵਲ ਖ਼ੁਸ਼ਗਵਾਰ ਸੁਪਨੇ ਹੀ ਜੀਵੇ ਜਾਣ? ਸਿਰਫ਼ ਆਪਣੀ ਸੋਚ ਅਤੇ ਇਰਾਦੇ ਦੀ ਸ਼ਕਤੀ ਨਾਲ, ਤੁਸੀਂ ਆਪਣੇ ਲਈ ਇੱਕ ਵੱਖਰਾ ਭਵਿੱਖ ਸਿਰਜ ਸਕਦੇ ਹੋ। ਵਧੀਆ ਵਾਲਾ ਚੁਣਿਓ।
ਕਰੋੜਪਤੀਆਂ ਨੂੰ ਬਹੁਤ ਜ਼ਿਆਦਾ ਸਮਾਂ ਇਸ ਚਿੰਤਾ ‘ਚ ਬਿਤਾਉਣਾ ਪੈਂਦੈ ਕਿ ਉਹ ਆਪਣਾ ਸਾਰਾ ਪੈਸਾ ਕਿੱਥੇ ਰੱਖਣ। ਕੀ ਉਨ੍ਹਾਂ ਨੇ ਸਿਆਣੇ ਨਿਵੇਸ਼ ਕੀਤੇ ਹਨ? ਕੀ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ ਸੁਰਖਿਅਤ ਹੈ? ਉਨ੍ਹਾਂ ਲਈ, ਇਹ ਇੱਕ ਬਹੁਤ ਹੀ ਅਸਲੀ ਮਸਲਾ ਹੁੰਦੈ। ਸਾਡੇ ਵਰਗੇ ਹਮਾਤੜਾਂ ਲਈ, ਪਰ, ਆਪਣੀਆਂ ਚਿੰਤਾਵਾਂ ਨੂੰ ਜ਼ਿਆਦਾ ਗੰਭੀਰਤਾ ਨਾਲ ਲੈਣਾ ਹੀ ਮੁਸ਼ਕਿਲ ਹੋ ਜਾਂਦੈ। ਸਾਡੀ ਸੋਚ ਹੁੰਦੀ ਹੈ, ”ਕਾਸ਼ ਮੇਰੀਆਂ ਚਿੰਤਾਵਾਂ ਵੀ ਉਨ੍ਹਾਂ ਦੀਆਂ ਚਿੰਤਾਵਾਂ ਵਰਗੀਆਂ ਹੁੰਦੀਆਂ!” ਅਸੀਂ ਦੂਸਰਿਆਂ ਦੀਆਂ ਅਤੇ ਆਪਣੀਆਂ ਚਿੰਤਾਵਾਂ ਦਰਮਿਆਨ ਸਮਾਨਤਾ ਦੇਖਣ ਦੇ ਅਸਮਰੱਥ ਹੁੰਦੇ ਹਾਂ। ਹੁਣ ਜ਼ਰਾ ਕਲਪਨਾ ਕਰੋ ਕਿ ਕੋਈ ਦੂਸਰਾ ਤੁਹਾਡੀ ਸਥਿਤੀ ਦਾ ਦੂਰੋਂ ਜਾਇਜ਼ਾ ਲੈਂਦਾ ਹੋਇਆ ਕਿਸ ਤਰ੍ਹਾਂ ਮਹਿਸੂਸ ਕਰਦਾ ਹੋਵੇਗਾ। ਤੁਹਾਡੇ ਅੰਦਰ ਬਹੁਤ ਹੀ ਗ਼ਜ਼ਬ ਦਾ ਇੱਕ ਗੁਣ ਹੈ। ਇਹ ਤੁਹਾਨੂੰ ਦੂਜਿਆਂ ਦੇ ਮੁਕਾਬਲੇ ਵੱਡੀ ਬੜ੍ਹਤ ਦਿੰਦੈ ਜਿਸ ਲਈ ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦੈ। ਇਹ ਕੁਝ ਪੇਚੀਦਗੀਆਂ ਵੀ ਪੈਦਾ ਕਰ ਰਿਹੈ। ਫ਼ਿਰ ਵੀ, ਇਹ ਤਨਾਅ ਦਾ ਇੱਕ ਅਜਿਹਾ ਸ੍ਰੋਤ ਹੈ ਜਿਸ ਦੀ ਹੋਂਦ ਲਈ ਤੁਹਾਨੂੰ ਬਹੁਤ ਹੀ ਖ਼ੁਸ਼ ਹੋਣਾ ਚਾਹੀਦੈ।
ਇਹ ਸੰਸਾਰ ਅਜਿਹੇ ਲੋਕਾਂ ਨਾਲ ਭਰਿਆ ਪਿਐ ਜਿਨ੍ਹਾਂ ਨੂੰ ਆਪਣੇ ਦਿਮਾਗ਼ ਦਾ ਇੱਕ ਛੋਟਾ ਜਿਹਾ ਹਿੱਸਾ ਵਰਤਣ ਲਈ ਹੀ ਪੈਸੇ ਮਿਲ ਜਾਂਦੇ ਹਨ। ਉਦਾਹਰਣ ਦੇ ਤੌਰ ‘ਤੇ, ਉਹ ਕਰਮਚਾਰੀ ਜਿਨ੍ਹਾਂ ਨੂੰ ਪੁਰਜ਼ੇ ਜੋੜਨੇ ਪੈਂਦੇ ਹਨ – ਬਣਾਉਣੇ ਜਾਂ ਵੇਚਣੇ ਨਹੀਂ – ਜਾਂ ਉਹ ਜਿਨ੍ਹਾਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਕੇਵਲ ਇੱਕ ਹੀ ਤਰ੍ਹਾਂ ਦੇ ਪ੍ਰਸ਼ਾਸਨਿਕ ਕਾਰਜ ‘ਤੇ ਆਪਣਾ ਸਾਰਾ ਧਿਆਨ ਕੇਂਦ੍ਰਿਤ ਕਰਨ, ਬੇਸ਼ੱਕ ਉਨ੍ਹਾਂ ‘ਚ ਹੋਰ ਕਈ ਤਰੀਕਿਆਂ ਨਾਲ ਸਹਾਇਤਾ ਕਰਨ ਦੀ ਕਾਬਲੀਅਤ ਜਿੰਨੀ ਜ਼ਿਆਦਾ ਮਰਜ਼ੀ ਪਈ ਹੋਵੇ। ”ਆਪਣਾ ਕੰਮ ਕਰੋ, ਅਤੇ ਆਪਣੇ ਕੰਮ ਤੋਂ ਨਾ ਜ਼ਿਆਦਾ ਅਤੇ ਨਾ ਹੀ ਘੱਟ।” ਇਹ ਬਹੁਤ ਹੀ ਨੀਰਸ ਕਿਸਮ ਦਾ ਚਰਿਤਰ ਹੈ ਜਿਸ ਨੂੰ ਅੱਜਕੱਲ੍ਹ ਦੀਆਂ ਹਜ਼ਾਰਾਂ ਚਿਹਰਾਵਿਹੂਣ ਕੰਪਨੀਆਂ ਪ੍ਰੋਸਾਹਿਤ ਕਰ ਰਹੀਆਂ ਹਨ। ਜੋ ਕੁਝ ਵੀ ਤੁਸੀਂ ਇਸ ਵਕਤ ਆਪਣੇ ਕੰਮ, ਘਰ, ਜਾਂ ਆਪਣੇ ਜੀਵਨ ਦੇ ਕਿਸੇ ਵੀ ਖੇਤਰ ‘ਚ ਕਰ ਰਹੇ ਹੋ, ਤੁਸੀਂ ਉਸ ਤੋਂ ਕਿਤੇ ਵੱਧ ਦੇ ਕਾਬਿਲ ਹੋ। ਅਤੇ ਤੁਹਾਨੂੰ ਬਹੁਤ ਕੁਝ ਕਰਨ ਦਾ ਮੌਕਾ ਵੀ ਮਿਲੇਗਾ।
ਜੇਕਰ ਤੁਸੀਂ ਲਾਲ ਰੰਗ ਦੇ ਉਸ ਲੀਵਰ ਨੂੰ ਖਿੱਚ ਦਿੱਤਾ ਤਾਂ ਤੁਸੀਂ ਉਨ੍ਹਾਂ ਸਾਰੇ ਲੋਕਾਂ ਨੂੰ ਨਾਰਾਜ਼ ਕਰ ਬੈਠੋਗੇ ਜਿਹੜੇ ਚਾਹੁੰਦੇ ਹਨ ਕਿ ਤੁਸੀਂ ਹਰੇ ਰੰਗ ਦੇ ਹੈਂਡਲ ਵਾਲੇ ਬਟਨ ਦਾ ਇਸਤੇਮਾਲ ਕਰੋ। ਪਰ ਹਰੇ ਸਵਿੱਚ ਦੀ ਵਰਤੋਂ ਲਾਲ ਰੰਗ ਦੇ ਸ਼ੈਦਾਈਆਂ ਨੂੰ ਗੁੱਸਾ ਚੜ੍ਹਾ ਦੇਵੇਗੀ। ਦਬਾਅ ਗੁੱਟ ਤੁਹਾਨੂੰ ਆਪਣੇ ਪੱਖ ‘ਚ ਕਰਨ ਲਈ ਵਾਰੀਆਂ ਲੈ ਰਹੇ ਹਨ। ਤੁਸੀਂ ਸੱਚ-ਮੁੱਚ ਦੋ ਪੁੜਾਂ ਦਰਮਿਆਨ ਖਿੱਚੇ ਜਾ ਰਹੇ ਮਹਿਸੂਸ ਕਰ ਰਹੇ ਹੋ। ਤੁਸੀਂ ਕਿਸੇ ਨੂੰ ਵੀ ਨਾਰਾਜ਼ ਨਹੀਂ ਦੇਖਣਾ ਚਾਹੁੰਦੇ। ਤੁਹਾਨੂੰ ਇਸ ਗੱਲ ਦੀ ਵੀ ਸਮਝ ਹੈ ਕਿ ਚਾਹੇ ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਕਦੇ ਵੀ ਸਾਰਿਆਂ ਨੂੰ ਖ਼ੁਸ਼ ਨਹੀਂ ਕਰ ਸਕੋਗੇ। ਫ਼ੈਸਲਾ ਹੁਣ ਕਰਨਾ ਹੀ ਪੈਣੈ। ਤਨਾਅ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹੈ। ਇਸ ਨਾਲ ਉਂਝ ਹੀ ਨਜਿੱਠੋ ਜਿਵੇਂ ਤੁਸੀਂ ਕਿਸੇ ਵਿਰੋਧਾਭਾਸ ਦੀ ਸੂਰਤ ‘ਚ ਕਰੋਗੇ। ਚਿੰਤਾ ਨਾ ਕਰੋ। ਇਸ ਨੂੰ ਅਣਡਿਠਾ ਕਰੋ। ਹਰ ਕਿਸਮ ਦੀ ਬੇਵਕੂਫ਼ੀ ਤੋਂ ਦੂਰ ਰਹਿ ਕੇ ਆਪਣਾ ਦਿਮਾਗ਼ੀ ਤਵਾਜ਼ਨ ਕਾਇਮ ਰੱਖੋ। ਸਭ ਕੁਝ ਠੀਕ ਹੋਵੇਗਾ।
ਤੁਹਾਨੂੰ ਥੋੜ੍ਹੇ ਜਿਹੇ ਖ਼ਾਮੋਸ਼ ਵਕਤ ਦੀ ਜ਼ਰੂਰਤ ਹੈ। ਤੁਸੀਂ ਲੋੜੋਂ ਵੱਧ ਸਹਿ ਲਿਆ ਹੈ। ਤੁਹਾਨੂੰ ਇਮਤਿਹਾਨਾਂ ‘ਚ ਪਾਇਆ ਜਾ ਚੁੱਕੈ ਅਤੇ ਤੁਹਾਡੀ ਬਰਦਾਸ਼ਤ ਦੀ ਸੀਮਾ ਤੋਂ ਪਾਰ ਤੁਹਾਨੂੰ ਧੱਕਿਆ ਵੀ ਜਾ ਚੁੱਕੈ। ਇਸ ਸਭ ਤੋਂ ਉਭਰਣ ਲਈ ਤੁਹਾਨੂੰ ਥੋੜ੍ਹਾ ਵਕਤ ਲੱਗੇਗਾ। ਅਤੇ, ਕਿਉਂਕਿ ਤੁਹਾਨੂੰ ਜਾਪਦੈ ਕਿ ਤੁਹਾਡੇ ਕੋਲ ਦੇਣ ਨੂੰ ਹੁਣ ਬਹੁਤਾ ਕੁਝ ਨਹੀਂ ਬੱਚਿਆ, ਤੁਹਾਡੇ ਸ੍ਰੋਤਾਂ ਨੂੰ ਥੋੜ੍ਹਾ ਜਿਹਾ ਖੋਰਾ ਵੀ ਤੁਹਾਡੇ ਲਈ ਇੱਕ ਵੱਡੀ ਦੇਣਦਾਰੀ ਸਾਬਿਤ ਹੋਵੇਗਾ। ਆਪਣੇ ਥਕੇਵੇਂ ਅਤੇ ਖਿਝ ਦੇ ਅਹਿਸਾਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰੋ। ਜਿਵੇਂ ਕਿਸੇ ਨੂੰ ਬਿਜਲੀ ਦਾ ਝਟਕਾ ਲੱਗਾ ਹੋਵੇ ਅਤੇ ਇਕਦਮ ਉਸ ਅੰਦਰ ਨਵੀਂ ਊਰਜਾ ਦਾ ਸੰਚਾਰ ਹੋ ਜਾਵੇ, ਤੁਸੀਂ ਪੱਛੜੀ ਅਤੇ ਗ਼ੈਰ-ਲੋੜੀਂਦੀ ਪ੍ਰਤੀਕਿਰਿਆ ਮਹਿਸੂਸ ਕਰ ਰਹੇ ਹੋ। ਮੁਸੀਬਤ ਤੁਹਾਡੇ ਪਿੱਛੇ ਹੈ, ਨਾ ਕਿ ਅੱਗੇ।