ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1364

ਮਹਾਰਤ। ਹਾਸਿਲ ਕਰਨੀ ਔਖੀ। ਉਸ ਦੇ ਹੋਣ ਦਾ ਨਾਟਕ ਕਰਨਾ ਸੌਖਾ। ਇੰਝ ਜਿਵੇਂ ਉਹ ਹਮੇਸ਼ਾ ਤੋਂ ਹੀ ਤੁਹਾਡੇ ਕੋਲ ਸੀ। ਇਹ ਢੋਂਗ ਕਰਨਾ ਵੀ ਸੌਖਾ ਕਿ ਤੁਹਾਡੇ ਪਾਸ ਉਹ ਹੈ ਜਦੋਂ ਕਿ ਉਹ ਤੁਹਾਡੇ ਕੋਲ ਹੋਵੇ ਹੀ ਨਾ। ਤੁਹਾਡਾ ਮਖੌਟਾ ਉਤਾਰਣ ਵਾਲਾ ਕੌਣ ਜੰਮਿਐ? ਓਹੀ ਜਿਨ੍ਹਾਂ ਦੇ ਗਿਆਨ ਦਾ ਪੱਧਰ ਤੁਹਾਡੇ ਤੋਂ ਉੱਪਰਲੇ ਲੈਵਲ ਦਾ ਹੈ। ਅਤੇ, ਫ਼ਿਰ ਵੀ, ਸ਼ਾਇਦ ਉਹ ਕੁਝ ਨਾ ਬੋਲਣ। ਹੋ ਸਕਦੈ ਉਹ ਆਪਣੇ ਖ਼ੁਦ ਦੇ ਮਸਲੇ ਹੱਲ ਕਰਨ ‘ਚ ਹੀ ਇੰਨੇ ਜ਼ਿਆਦਾ ਰੁੱਝੇ ਹੋਏ ਹੋਣ ਕਿ ਉਨ੍ਹਾਂ ਕੋਲ ਇਸ ਵੱਲ ਨੇੜਿਓਂ ਗ਼ੌਰ ਕਰਨ ਦੀ ਵਿਹਲ ਹੀ ਨਾ ਹੋਵੇ ਕਿ ਤੁਸੀਂ ਆਪਣੇ ਮਾਮਲੇ ਕਿਵੇਂ ਸੁਲਝਾ ਰਹੇ ਹੋ। ਜਾਂ ਫ਼ਿਰ ਹੋ ਸਕਦੈ ਉਹ ਕੂਟਨੀਤਿਕ ਤਬੀਅਤ ਦੇ ਮਾਲਕ ਹੋਣ ਅਤੇ ਉਨ੍ਹਾਂ ਨੂੰ ਵੇਲਾ ਸੰਭਾਲਣਾ ਆਉਂਦਾ ਹੋਵੇ। ਕੀ ਤੁਹਾਨੂੰ ਪਤੈ ਕਿ ਕੋਈ ਸ਼ੈਅ ਕਰਨੀ ਕਿਵੇਂ ਹੈ ਜਾਂ ਨਹੀਂ? ਜੇਕਰ ਤੁਹਾਨੂੰ ਸੱਚਮੁੱਚ ਪਤੈ, ਉਪਰੋਕਤ ਸਤਰਾਂ ਤੁਹਾਡੇ ਲਈ ਨਹੀਂ ਸਨ। ਜੇਕਰ ਤੁਹਾਨੂੰ ਨਹੀਂ ਪਤਾ ਤਾਂ ਆਠੇ ਮਾਰਨੇ ਬੰਦ ਕਰੋ।

ਜੋ ਤੁਸੀਂ ਚਾਹੁੰਦੇ ਹੋ ਉਸ ਨੂੰ ਕਿਵੇਂ ਹਾਸਿਲ ਕੀਤਾ ਜਾ ਸਕਦੈ? ਇੱਕ ਤਰੀਕਾ ਤਾਂ ਉਸ ਚੀਜ਼ ਨੂੰ ਚਾਹੁਣ ਦੀ ਕੋਸ਼ਿਸ਼ ਕਰਨਾ ਹੈ ਜੋ ਪਹਿਲਾਂ ਤੋਂ ਹੀ ਤੁਹਾਡੇ ਕੋਲ ਹੋਵੇ। ਇਸ ਨਾਲ ਹਰ ਵਾਰ ਤੁਹਾਡੀ ਸਫ਼ਲਤਾ ਦੀ ਗੈਰੰਟੀ ਹੈ! ਜੇਕਰ ਉਹ ਤੁਹਾਨੂੰ ਬਹੁਤੀ ਪਸੰਦ ਨਾ ਆਵੇ ਤਾਂ ਆਹ ਰਿਹਾ ਉਸ ਦਾ ਤੋੜ। ਇਹ ਸੁਨਿਸ਼ਚਿਤ ਕਰੋ ਕਿ ਜੋ ਕੁਝ ਵੀ ਤੁਸੀਂ ਚਾਹੋ, ਉਹ ਵਾਕਈ ਚਾਹੁਣਯੋਗ ਹੋਵੇ। ਇਸ ਤਰ੍ਹਾਂ, ਜੇਕਰ ਉਹ ਤੁਹਾਨੂੰ ਮਿਲ ਜਾਂਦੈ ਤਾਂ ਤੁਸੀਂ ਕਦੇ ਵੀ ਨਿਰਾਸ਼ਾ ਮਹਿਸੂਸ ਨਹੀਂ ਕਰੋਗੇ। ਅਤੇ ਜੇਕਰ ਤੁਹਾਨੂੰ ਉਹ ਨਹੀਂ ਮਿਲਦਾ ਤਾਂ ਘੱਟੋਘੱਟ ਤੁਸੀਂ ਆਪਣੇ ਆਪ ਨੂੰ ਇੰਨਾ ਹੌਸਲਾ ਤਾਂ ਦੇ ਹੀ ਸਕੋਗੇ ਕਿ ਤੁਸੀਂ ਕਿਸੇ ਅਜਿਹੀ ਸ਼ੈਅ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਦੀ ਸੱਚਮੁੱਚ ਹੀ ਵੁੱਕਤ ਸੀ। ਬਿਹਤਰੀਨ ਚੀਜ਼ ਨੂੰ ਹਾਸਿਲ ਕਰਨ ਲਈ ਥੋੜ੍ਹੀ ਜੱਦੋਜਹਿਦ ਤਾਂ ਬਣਦੀ ਹੈ।

ਕਲਪਨਾ ਕਰੋ ਤੁਸੀਂ ਕਿਸੇ ਕੈਸੀਨੋ ‘ਚ ਗੇੜਾ ਮਾਰ ਰਹੇ ਹੋ ਅਤੇ ਜੋ ਕੁਝ ਵੀ ਤੁਹਾਡੇ ਕੋਲ ਹੈ ਉਸ ਨਾਲ ਸਿਰਫ਼ ਸੱਤ ਨੰਬਰ ‘ਤੇ ਹੀ ਦਾਅ ਖੇਡ ਰਹੇ ਹੋ। ਚੱਕਾ ਤੇਜ਼ੀ ਨਾਲ ਘੁੰਮਾ ਦਿੱਤਾ ਗਿਐ। ਹੁਣ ਉਹ ਆਹਿਸਤਾ ਹੋ ਗਿਆ ਹੈ ਅਤੇ ਰੁਕਣ ਹੀ ਵਾਲੈ। ਬਾਲ ਵਾਪਿਸ ਚੱਕੇ ਦੇ ਉਸ ਹਿੱਸੇ ‘ਤੇ ਟਪੂਸੀ ਮਾਰ ਕੇ ਡਿਗਦੀ ਹੈ ਜਿਸ ‘ਤੇ ਅੱਠ ਨੰਬਰ ਉਕਰਿਆ ਹੋਇਐ। ਤੁਸੀਂ ਨਿਰਾਸ਼ਾ ਭਰੀ ਆਹ ਭਰਦੇ ਹੋ ਅਤੇ ਉੱਥੋਂ ਚਲੇ ਜਾਂਦੇ ਹੋ। ਪਰ ਖੇਡ ਹਾਲੇ ਬਾਕੀ ਹੈ, ਮੇਰੇ ਦੋਸਤ। ਉਹ ਬਾਲ ਇੱਕ ਵਾਰ ਫ਼ਿਰ ਉਛਲਦੀ ਹੈ। ਇਸ ਵਾਰ ਤੁਹਾਡੇ ਸੱਤ ਨੰਬਰ ਵਾਲੇ ਖਾਨੇ ‘ਚ, ਪਰ ਤੁਸੀਂ ਕਿੱਥੇ ਹੋ? ਮੈਂ ਕੇਵਲ ਇੰਨਾ ਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾਂ, ਮੇਰੇ ਹਜ਼ੂਰ, ਕਿ ਕੋਈ ਤਨਾਅਪੂਰਨ ਸਥਿਤੀ ਓਨੀ ਭੈੜੀ ਹੈ ਨਹੀਂ ਜਿੰਨਾ ਤੁਹਾਨੂੰ ਖ਼ਦਸ਼ਾ ਹੈ। ਉਸ ਬਾਰੇ ਵਕਤ ਤੋਂ ਪਹਿਲਾਂ ਹੀ ਫ਼ੈਸਲੇ ਨਾ ਲਓ। ਵਿਸ਼ਵਾਸ ਰੱਖੋ ਅਤੇ ਥੋੜ੍ਹਾ ਹੋਰ ਸਮਾਂ ਲੰਘ ਲੈਣ ਦਿਓ।

ਸ਼ੂਕਦੀਆਂ ਹਨ੍ਹੇਰੀਆਂ। ਫ਼ੁੰਕਾਰਦੇ ਤੂਫ਼ਾਨ। ਸਲੇਟੀ ਆਸਮਾਨ। ਨੀਲਾ ਆਸਮਾਨ। ਤਾਜ਼ਾ ਬੁਛਾੜ। ਨਰਮ ਪੌਣ। ਕੁਦਰਤ ਪਰਿਵਰਤਨਸ਼ੀਲ ਹੈ, ਅਤੇ ਇਸੇ ਤਰ੍ਹਾਂ ਹੀ ਹਾਂ ਅਸੀਂ ਜਿਹੜੇ ਇੱਕ ਸਵਰਗ ਦੇ ਠੀਕ ਹੇਠਾਂ ਅਤੇ ਧਰਤੀ ਦੇ ਐਨ ਉੱਪਰ ਵਿਚਰਦੇ ਹਾਂ। ਅਸੀਂ ਕੁਦਰਤ ਦਾ ਹੀ ਇੱਕ ਹਿੱਸਾ ਹਾਂ – ਅਤੇ ਕੁਦਰਤ ਦਾ ਸਾਡੇ ਅੰਦਰੂਨੀ ਕੁਦਰਤੀ-ਸੁਭਾਅ ‘ਤੇ ਉਸ ਤੋਂ ਕਿਤੇ ਵੱਧ ਪ੍ਰਭਾਵ ਹੈ ਜਿੰਨਾ ਸਾਨੂੰ ਅਹਿਸਾਸ ਹੈ। ਇੱਕ ਸੁਚੇਤ ਮਨੁੱਖ ਬਣਨ ਦਾ ਅਰਥ ਹੈ ਇਸ ਗੱਲ ਨੂੰ ਸਮਝਣਾ – ਪਰ ਇਸ ਤੋਂ ਵੀ ਵੱਧ, ਕਿਸੇ ਨਾ ਕਿਸੇ ਤਰ੍ਹਾਂ, ਇਸ ਸਭ ਤੋਂ ਉੱਪਰ ਉਠ ਕੇ ਦੇਖਣਾ। ਤੁਸੀਂ ਜਾਂ ਤਾਂ ਉਹ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ, ਜਾਂ ਫ਼ਿਰ ਤੁਸੀਂ ਆਪਣੀ ਦੁਰਲੱਭ ਅਤੇ ਕੀਮਤੀ ਸੋਚ ਸਕਣ ਦੀ ਕਾਬਲੀਅਤ ਦਾ ਇਸਤੇਮਾਲ ਕਰ ਕੇ ਯਥਾਰਥਵਾਦੀ ਬਣ ਸਕਦੇ ਹੋ।

ਪਾਪ ਬਿਨਾ ਪੁੰਨ ਕਿਸ ਕੰਮ ਦਾ? ਮੁਆਫ਼ ਕਰਨ ਲਈ ਫ਼ਿਰ ਸਾਡੇ ਕੋਲ ਰਹਿ ਕੀ ਜਾਵੇਗਾ? ਕਿਸ ਤੋਂ ਬਿਹਤਰ ਬਣ ਕੇ ਦਿਖਾ ਸਕਾਂਗੇ ਅਸੀਂ? ਅਤੇ, ਵੈਸੇ ਹੀ ਦਿਲਚਸਪੀ ਵੱਸ ਪੁੱਛ ਰਿਹਾਂ, ਪਾਪ ਵੀ ਪੁੰਨ ਤੋਂ ਬਿਨਾਂ ਕੀ ਕਰੇਗਾ? ਭ੍ਰਿਸ਼ਟ ਕਰਨ ਨੂੰ ਫ਼ਿਰ ਕੌਣ ਬਚੇਗਾ? ਜਾਂ ਲਾਲਚ ਦੇਣ ਨੂੰ? ਇਹ ਦੋਹੇਂ ਰਲ ਕੇ ਡੂਏਟ ਕਰਨ ਲਈ ਇੱਕ ਚੰਗੀ ਜੋੜੀ ਬਣਾ ਸਕਦੇ ਹਨ। ਠੀਕ ਉਸੇ ਤਰ੍ਹਾਂ ਜਿਵੇਂ ਇਨ੍ਹਾਂ ਦੇ ਦੋ ਆਦਰਸ਼ ਅਵਤਾਰ, ਜੋ ਇਨ੍ਹਾਂ ਦੇ ਹੀ ਸਾਕਾਰ ਰੂਪ ਹਨ, ਕਰਦੇ ਹਨ। ਵੈਸੇ ਰੱਬ ਨੂੰ ਸ਼ੈਤਾਨ ਨਾਲ ਡੂਏਟ ਕਰਦੇ ਦੇਖਣ ਦੀ ਕਲਪਨਾ ਕਰਨਾ ਕਾਫ਼ੀ ਮੁਸ਼ਕਿਲ ਹੈ ਨਾ? ਪਰ ਫ਼ਿਰ ਵੀ, ਹੁੰਦਾ ਤਾਂ ਇੰਝ ਹੀ ਹੈ, ਕਿ ਨਹੀਂ? ਸ਼ਾਇਦ, ਆਸਮਾਨ ਤੁਹਾਡੇ ਰਾਹ ‘ਚ ਅੜਚਨਾਂ ਖਿਲਾਰ ਕੇ ਤੁਹਾਨੂੰ ਕੁਝ ਮੁਸ਼ਕਿਲ ਸਵਾਲ ਪੁੱਛਣ ‘ਤੇ ਮਜਬੂਰ ਕਰ ਰਿਹਾ ਹੈ। ਪਰ ਹੋ ਸਕਦੈ ਇਸ ਕਸਰਤ ‘ਚੋਂ ਤੁਹਾਨੂੰ ਕੁਝ ਬੇਸ਼ਕੀਮਤੀ ਜਵਾਬ ਮਿਲ ਜਾਣ।