ਕੀ ਤੁਸੀਂ ਇੱਕ ਰੌਕੇਟ ਵਿਗਿਆਨੀ ਬਣਨਾ ਚਾਹੋਗੇ? ਜੇ ਤੁਸੀਂ ਇਹ ਸੋਚ ਰਹੇ ਹੋ ਕਿ ਆਪਣੀ ਜ਼ਿੰਦਗੀ ਦੇ ਇਸ ਪੜਾਅ ‘ਤੇ ਉਹ ਬਣਨਾ ਸ਼ਾਇਦ ਤੁਹਾਡੇ ਲਈ ਮੁਸ਼ਕਿਲ ਹੋਵੇ ਤਾਂ ਮੈਂ ਅਜਿਹਾ ਸੋਚਣ ਲਈ ਤੁਹਾਨੂੰ ਦੋਸ਼ ਨਹੀਂ ਦੇ ਸਕਦਾ। ਇੱਕ ਬ੍ਰੇਨ ਸਰਜਨ ਬਣਨਾ ਵੀ ਇਸ ਸਟੇਜ ‘ਤੇ ਓਨਾ ਹੀ ਔਖਾ ਹੈ। ਆਪਣੀਆਂ ਸੀਮਾਵਾਂ ਨੂੰ ਪਛਾਣੋ ਜ਼ਰੂਰ, ਪਰ ਉਸ ਚੀਜ਼ ਲਈ ਹਾਰ ਨਾ ਮੰਨੋ ਜਿਸ ਨੂੰ ਤੁਸੀਂ ਸੱਚਮੁੱਚ ਹਾਸਿਲ ਕਰ ਸਕਦੇ ਹੋ ਅਤੇ ਜਿਸ ਦੇ ਤੁਸੀਂ ਹੱਕਦਾਰ ਵੀ ਹੋ। ਜਿਵੇਂ ਕਿ ਇੱਕ ਅਜਿਹਾ ਵਿਅਕਤੀ ਬਣਨਾ ਜਿਸ ਦਾ ਮਨ ਉਮੀਦ, ਰਹਿਮਦਿਲੀ ਅਤੇ ਉਦਾਰਤਾ ਨਾਲ ਭਰਿਆ ਹੋਵੇ। ਭਾਵਨਾਤਮਕ ਸਿਆਣਪ ਕੋਈ ਵੀ ਮਸਲਾ ਹੱਲ ਕਰਨ ਵਿੱਚ ਤੁਹਾਡੀ ਇਨੀ ਸਹਾਈ ਹੋ ਸਕਦੀ ਹੈ ਜਿੰਨੀ ਕਿਸੇ ਵੀ ਕਿਸਮ ਦੀ ਕੋਈ ਚਲਾਕੀ ਨਹੀਂ ਹੋ ਸਕਦੀ। ਮੁਸ਼ਕਿਲਾਂ, ਜਿੱਥੇ ਉਨ੍ਹਾਂ ਨੂੰ ਸਰ ਕਰਨਾ ਮੁਸ਼ਕਿਲ ਵੀ ਹੋਵੇ, ਤੋਂ ਉੱਪਰ ਉਠਿਆ ਜਾ ਸਕਦੈ। ਸ਼ਾਇਦ ਤੁਹਾਨੂੰ ਇਸ ਤੋਂ ਵੱਧ ਹੋਰ ਕੁਝ ਕਰਨ ਦੀ ਲੋੜ ਵੀ ਨਹੀਂ।
ਕੱਲ੍ਹ ਕੇਵਲ ਇੱਕ ਹੋਰ ਦਿਨ ਨਹੀਂ। ਕੱਲ੍ਹ ਉਸ ਤੋਂ ਕਿਤੇ ਵੱਡਾ ਅਤੇ ਵਿਆਪਕ ਹੈ। ਇੱਕ ਹੋਰ ਹੀ ਸੰਸਾਰ, ਇੱਕ ਹੋਰ ਜ਼ਿੰਦਗੀ, ਜਿਊਣ ਦਾ ਇੱਕ ਵੱਖਰਾ ਢੰਗ। ਜਦੋਂ ਅਸੀਂ ਭਵਿੱਖ ਵੱਲ ਦੇਖਦੇ ਹਾਂ ਤਾਂ ਸਾਨੂੰ ਅਣਗਿਣਤ ਸੰਭਾਵਨਾਵਾਂ ਦਿਖਾਈ ਦਿੰਦੀਆਂ ਹਨ। ਸਾਨੂੰ ਅਹਿਸਾਸ ਹੁੰਦੈ ਕਿ ਜ਼ਿੰਦਗੀ ਵਿੱਚ ਅਸੀਂ ਕਿਸੇ ਵੀ ਸ਼ੈਅ ਨੂੰ ਬੇਧਿਆਨੇ ਵਿੱਚ ਅਣਗੌਲਿਆ ਨਹੀਂ ਕਰ ਸਕਦੇ। ਇਹ ਅਹਿਸਾਸ ਸਾਨੂੰ ਉਤਸਾਹਿਤ ਕਰਦਾ ਹੈ ਪਰ ਕੁਝ ਭੈਅਭੀਤ ਵੀ। ਇਹ ਸਾਨੂੰ ਇੰਸ਼ਰੈਂਸ ਪੌਲਿਸੀਆਂ ਖ਼ਰੀਦਣ ‘ਤੇ ਮਜਬੂਰ ਕਰਦਾ ਹੈ ਤਾਂ ਕਿ ਅਸੀਂ ਆਪਣੇ ਆਪ ਨੂੰ ਆਉਣ ਵਾਲੀ ਤਬਦੀਲੀ ਖ਼ਿਲਾਫ਼ ਸੁਰੱਖਿਅਤ ਕਰ ਸਕੀਏ। ਇਹ ਸਾਨੂੰ ਉਹ ਸਾਹਸ ਦਿਖਾਉਣ ਦੀ ਹਿੰਮਤ ਦਿੰਦੈ ਜਿਹੜਾ ਕੇਵਲ ਤਬਦੀਲੀ ਨਾਲ ਹੀ ਪੈਦਾ ਹੋ ਸਕਦੈ। ਤੁਸੀਂ ਇਸ ਵਕਤ ਇੱਕ ਚਮਕਦਾਰ ਭਵਿੱਖ ਦੀ ਦਹਿਲੀਜ਼ ‘ਤੇ ਖੜ੍ਹੇ ਹੋ। ਕੀ ਤੁਸੀਂ ਉਸ ਵੱਲ ਭੱਜਣਾ ਚਾਹੋਗੇ ਜਾਂ ਉਸ ਤੋਂ? ਤੁਸੀਂ ਇਨ੍ਹਾਂ ਦੋਹਾਂ ‘ਚੋਂ ਕੋਈ ਵੀ ਇੱਕ ਚੀਜ਼ ਕਰ ਸਕਦੇ ਹੋ ਪਰ ਦੋਹੇਂ ਨਹੀਂ।
ਇੱਕ ਮਿੰਟ ਤੁਸੀਂ ਕਿਸੇ ਮੂਵੀ ਵਿੱਚ ਪੂਰੀ ਤਰ੍ਹਾਂ ਮਗਨ ਹੁੰਦੇ ਹੋ। ਤੁਹਾਡੀ ਨਬਜ਼ ਓਦੋਂ ਬਹੁਤ ਤੇਜ਼ੀ ਨਾਲ ਦੌੜਨ ਲੱਗਦੀ ਹੈ ਜਦੋਂ ਤੁਸੀਂ ਉਸ ਫ਼ਿਲਮ ਦੇ ਮੁੱਖ ਕਿਰਦਾਰ ਦੀਆਂ ਲੋੜਾਂ ਅਤੇ ਭਾਵਨਾਵਾਂ ਨੂੰ ਸਮਝਣ ਲੱਗਦੇ ਹੋ। ਕੁਝ ਹੀ ਪਲਾਂ ਬਾਅਦ, ਤੁਸੀਂ ਬਾਹਰ ਸੜਕ ‘ਤੇ ਖੜ੍ਹੇ ਹੋ, ਇਸ ਸੋਚ ਵਿੱਚ ਗ਼ੁੰਮ ਕਿ ਹੁਣ ਕਿੱਥੇ ਜਾਇਆ ਜਾਵੇ। ਤੁਸੀਂ ਆਪਣੇ ਆਪ ਨੂੰ ਇੱਕ ਬਿਲਕੁਲ ਹੀ ਵੱਖਰੀ ਦੁਨੀਆਂ ਵਿੱਚ ਪਾਉਂਦੇ ਹੋ ਅਤੇ ਉਸ ਪੁਰਾਣੀ ਦੁਨੀਆਂ ਵੱਲ ਹੁਣ ਕੋਈ ਵਾਪਸੀ ਨਹੀਂ। ਜਿਵੇਂ ਸਿਨੇਮਾ ਵਿੱਚ ਹੁੰਦੈ, ਉਂਝ ਹੀ ਮਨੁੱਖੀ ਭਾਵਨਾਵਾਂ ਦੇ ਥੀਏਟਰ ‘ਚ ਵੀ ਹੁੰਦੈ। ਕੋਈ ਵੀ ਅਹਿਸਾਸ ਓਦੋਂ ਤਕ ਹੀ ਸੱਚਾ ਹੁੰਦੈ ਜਦੋਂ ਤਕ ਅਸੀਂ ਉਸ ਨੂੰ ਮਹਿਸੂਸ ਕਰਨਾ ਬੰਦ ਨਹੀਂ ਕਰ ਦਿੰਦੇ। ਫ਼ਿਰ ਉਹ ਕੇਵਲ ਇੱਕ ਯਾਦ ਬਣ ਕੇ ਰਹਿ ਜਾਂਦਾ ਹੈ। ਸਾਨੂੰ ਉਸ ਤੋਂ ਅੱਗੇ ਵਧਣਾ ਅਤੇ ਸੋਚਣਾ ਪੈਂਦੈ। ਜਲਦ ਹੀ ਆ ਰਹੀ ਹੈ: ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿੱਚ ਇੱਕ ਤੇਜ਼ ਤਰਾਰ ਅਤੇ ਇਨਕਲਾਬੀ ਤਬਦੀਲੀ। ਅਤੀਤ ਨੂੰ ਭੁੱਲ ਜਾਓ, ਉਹ ਬੀਤ ਚੁੱਕੈ। ਪਰ ਤੁਸੀਂ ਆਉਣ ਵਾਲੀ ਇੱਕ ਉਤਸਾਹਜਨਕ ਨਵੀਂ ਸੱਚਾਈ ਨੂੰ ਦੇਖ ਕੇ ਬਹੁਤ ਖ਼ੁਸ਼ ਹੋਵੋਗੇ।
ਯਾਦਾਂ ਸਮੇਂ ਦੇ ਨਾਲ ਨਾਲ ਠੀਕ ਉਂਝ ਹੀ ਪੱਕਦੀਆਂ ਹਨ ਜਿਵੇਂ ਨਫ਼ੀਸ ਸ਼ਰਾਬਾਂ। ਇੱਕ ਦਿਨ, ਤੁਸੀਂ ਉਸ ਤਜਰਬੇ ਵੱਲ ਪਿੱਛੇ ਮੁੜ ਕੇ ਦੇਖੋਗੇ ਜਿਹੜਾ ਤੁਸੀਂ ਇਸ ਵਕਤ ਹਾਸਿਲ ਕਰ ਰਹੇ ਹੋ ਅਤੇ ਤੁਹਾਨੂੰ ਅੱਜ ਦਾ ਤਨਾਅ ਜਾਂ ਅੱਜ ਵਾਲੀ ਅਨਿਸ਼ਚਿਤਤਾ ਚੇਤੇ ਵੀ ਨਹੀਂ ਹੋਣੀ। ਤੁਹਾਨੂੰ ਸਿਰਫ਼ ਇਹ ਹੀ ਯਾਦ ਰਹੇਗਾ ਕਿ ਇਸ ਬਾਰੇ ਸਭ ਤੋਂ ਸ਼ਾਨਦਾਰ ਗੱਲ ਕਿਹੜੀ ਸੀ। ਇਸ ਦੌਰਾਨ, ਸਾਨੂੰ ਪੁੱਛਣਾ ਪੈਣੈ, ਕੀ ਇਕੱਲੀ ਪ੍ਰੇਰਨਾ ਹੀ ਸਫ਼ਲਤਾ ਦੀ ਜ਼ਾਮਨ ਬਣ ਸਕਦੀ ਹੈ? ਕੀ ਤੁਸੀਂ ਆਪਣੇ ਮਨ ਵਿੱਚ ਕਿਸੇ ਵਾਜਿਬ ਤਮੰਨਾ ਨੂੰ ਸਥਾਨ ਦੇ ਰਹੇ ਹੋ? ਕੀ ਤੁਸੀਂ ਕਿਸੇ ਖ਼ਾਸ ਉਦੇਸ਼ ਦੀ ਅਨੁਕੂਲਤਾ ਬਾਰੇ ਆਪਣੇ ਆਪ ਨੂੰ ਭੁਲੇਖੇ ਵਿੱਚ ਤਾਂ ਨਹੀਂ ਰੱਖ ਰਹੇ? ਆਪਣੀ ਕਾਬਲੀਅਤ ‘ਤੇ ਬਹੁਤਾ ਜ਼ਿਆਦਾ ਸ਼ੱਕ ਨਾ ਕਰੋ, ਪਰ ਉਸ ਨਵੀਂ ਸੰਭਾਵਨਾ ਲਈ ਵੀ ਤਿਆਰ ਰਹੋ ਜਿਹੜੀ ਤੁਹਾਨੂੰ ਉਸ ਤੋਂ ਕਿਤੇ ਵੱਧ ਪ੍ਰਦਾਨ ਕਰ ਰਹੀ ਹੈ ਜਿੰਨੀ ਤੁਸੀਂ ਕਦੇ ਤਵੱਕੋ ਵੀ ਨਹੀਂ ਸੀ ਕੀਤੀ।
ਸ਼ਾਇਦ ਤੁਸੀਂ ਇਸ ਗੱਲ ਨੂੰ ਲੈ ਕੇ ਚਿੰਤਤ ਹੋ ਕਿ ਤੁਹਾਡੇ ਕਿਸੇ ਬਹੁਤ ਹੀ ਨਜ਼ਦੀਕੀ ਰਿਸ਼ਤੇ ਵਿੱਚ ਵਾਪਰ ਕੀ ਰਿਹਾ ਹੈ। ਇਹ ਉਹ ਨਹੀਂ ਰਿਹਾ ਜੋ ਕਦੇ ਹੁੰਦਾ ਸੀ, ਅਤੇ ਇਸੇ ਕਰ ਕੇ ਹੁਣ ਤੁਹਾਨੂੰ ਇਹ ਵੀ ਪੱਕਾ ਨਹੀਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਕੀ ਬਣਨ ਵਾਲੈ। ਵਕਤ ਦੇ ਨਾਲ ਵਾਪਰਣ ਵਾਲੀਆਂ ਘਟਨਾਵਾਂ ਕੁਝ ਹੱਦ ਤਕ ਤੁਹਾਡੇ ਸ਼ੰਕਿਆਂ ਦਾ ਨਿਵਾਰਣ ਕਰ ਸਕਦੀਆਂ ਹਨ। ਤੁਸੀਂ ਉਹ ਚੀਜ਼ਾਂ ਕਰਨ ਦੇ ਕਾਬਿਲ ਬਣ ਜਾਓਗੇ ਜਿਨ੍ਹਾਂ ਨੂੰ ਇਕੱਲਿਆਂ ਕਰਨਾ ਪਹਿਲਾਂ ਤੁਹਾਡੇ ਲਈ ਨਾਮੁਮਕਿਨ ਸੀ। ਤੁਹਾਨੂੰ ਉਸ ਸਥਿਤੀ ਵਿੱਚ ਕੁਝ ਉਮੀਦ ਦਿਖਾਈ ਦੇਣੀ ਸ਼ੁਰੂ ਹੋ ਗਈ ਹੈ ਜਿਹੜੀ ਨਿਰਾਸ਼ਾਜਨਕ ਹੱਦ ਤਕ ਮੁਸ਼ਕਿਲ ਲੱਗਣ ਲੱਗ ਪਈ ਸੀ। ਤੁਹਾਨੂੰ ਹਾਲੇ ਵੀ ਇਸ ਵਿੱਚ ਸਾਵਧਾਨੀ ਵਰਤਣੀ ਪੈਣੀ ਹੈ ਕਿ ਤੁਸੀਂ ਕੀ ਕਹਿੰਦੇ ਹੋ, ਪਰ ਤੁਹਾਨੂੰ ਇੰਝ ਮਹਿਸੂਸ ਕਰਨ ਦੀ ਕੋਈ ਲੋੜ ਨਹੀਂ ਜਿਵੇਂ ਤੁਸੀਂ ਬਾਰੂਦੀ ਸੁਰੰਗਾਂ ‘ਤੇ ਲਗਾਤਾਰ ਪੱਬਾਂ ਭਾਰ ਚੱਲ ਰਹੇ ਹੋਵੋ। ਅਤੇ ਛੇਤੀ, ਤੁਹਾਡੇ ਕੋਲ ਜਸ਼ਨ ਮਨਾਉਣ ਦਾ ਕਾਰਨ ਵੀ ਹੋਵੇਗਾ।