ਈਮੇਲ ਟਾਈਪ ਕਰੋ ਪਰ ਉਸ ਨੂੰ ਭੇਜਣ ਲਈ ਸੈਂਡ (send) ਬਟਨ ‘ਤੇ ਕਲਿਕ ਨਾ ਕਰੋ। ਆਪਣੀਆਂ ਭਾਵਨਾਵਾਂ ਕਾਗ਼ਜ਼ਾਂ ‘ਤੇ ਲਿਖੋ ਅਤੇ ਫ਼ਿਰ ਉਨ੍ਹਾਂ ਨੂੰ ਇੱਕ ਪਾਸੇ ਰੱਖ ਦਿਓ। ਕੀਬੋਰਡ ‘ਤੇ ਡਿਲੀਟ ਦੱਬੋ। ਜਾਂ ਕਾਗ਼ਜ਼ਾਂ ਨੂੰ ਫ਼ੂਕ ਦਿਓ। ਆਪਣੇ ਦਿਲ ਦੀਆਂ ਗਹਿਰਾਈਆਂ ਵਿਚਲੇ ਸੱਚ ਨੂੰ ਕਿਸੇ ਨਾਲ ਵੀ ਸਾਂਝਾ ਕਰਨ ਦੀ ਤੁਹਾਨੂੰ ਕੋਈ ਮਜਬੂਰੀ ਨਹੀਂ। ਇੱਕ ਵਾਰ ਜਦੋਂ ਤੁਸੀਂ ਉਸ ਨੂੰ ਖ਼ੁਦ ਲਈ ਵਿਅਕਤ ਕਰਨ ਵਿੱਚ ਸਫ਼ਲ ਹੋ ਗਏ ਤਾਂ ਤੁਸੀਂ ਉਹ ਸਭ ਕੁਝ ਸੁਲਝਾ ਸਕੋਗੇ ਜਿਸ ਨੂੰ ਸੁਲਝਾਣ ਦੀ ਲੋੜ ਹੈ, ਅਤੇ ਤੁਹਾਨੂੰ ਇਹ ਵੀ ਪਤਾ ਚੱਲ ਜਾਵੇਗਾ ਕਿ ਮੌਕਾ ਦੇਖ ਕੇ ਚੌਕਾ ਮਾਰਨਾ ਕਿਉਂ ਲਾਹੇਵੰਦ ਹੁੰਦੈ। ਪਹਿਲੇ ਤੋਲੋ ਫ਼ਿਰ ਬੋਲੋ! ਜੋ ਕੁਝ ਵੀ ਤੁਹਾਨੂੰ ਸਮਝਣ ਦੀ ਲੋੜ ਹੈ, ਉਸ ਨੂੰ ਚੰਗੀ ਤਰ੍ਹਾਂ ਨਾਲ ਸਮਝੋ ਅਤੇ ਫ਼ਿਰ ਕੇਵਲ ਓਨਾ ਹੀ ਕਹੋ ਜਿੰਨਾ ਕੋਈ ਦੂਸਰਾ ਸਮਝ ਅਤੇ ਪ੍ਰਵਾਨ ਕਰ ਸਕੇ। ਉਸ ਤੋਂ ਵੱਧ ਕੁਝ ਵੀ ਹੋਰ ਕਹਿਣ ਦੀ ਕੋਈ ਤੁਕ ਨਹੀਂ। ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕਿਸੇ ਹੋਰ ਬੰਦੇ ਨੂੰ ਸਕੋਰ ਪਤੈ ਕਿ ਨਹੀਂ – ਬਸ ਤੁਹਾਨੂੰ ਪਤਾ ਹੋਣਾ ਚਾਹੀਦੈ।
ਕੋਈ ਮਸਲਾ ਕਦੋਂ ਮਸਲਾ ਨਹੀਂ? ਜਦੋਂ ਉਹ ਇੱਕ ਤੋਹਫ਼ਾ ਹੋਵੇ। ਜਦੋਂ ਉਹ ਤੁਹਾਨੂੰ ਹੋਰ ਜ਼ਿਆਦਾ ਮਿਹਨਤ ਕਰਨ ਅਤੇ ਕਿਸੇ ਅਜਿਹੀ ਸਥਿਤੀ ਵਿੱਚ ਆਪਣੀ ਮੂਰਖਤਾ ਦੇਖਣ ਲਈ ਮਜਬੂਰ ਕਰੇ ਜਿਸ ਨੂੰ ਤੁਸੀਂ ਬਿਨਾ ਕੋਈ ਸਵਾਲ ਕੀਤੇ ਸਵੀਕਾਰ ਕਰੀ ਬੈਠੇ ਸੀ। ਜਾਂ ਜਦੋਂ ਉਹ ਕਿਸੇ ਚਿਰੋਕਣੀ ਬਕਾਇਆ ਪਈ ਤਬਦੀਲੀ ਨੂੰ ਧੱਕੇ ਨਾਲ ਲਾਗੂ ਕਰੇ ਅਤੇ ਉਨ੍ਹਾਂ ਪੁਰਾਣੇ ਢੰਗ-ਤਰੀਕਿਆਂ ਨੂੰ ਨਾਕਾਮ ਕਰ ਦੇਵੇ ਜਿਹੜੇ ਬਹੁਤ ਜ਼ਿਆਦਾ ਚੀੜ੍ਹੇ ਹੋ ਚੁੱਕੇ ਹਨ। ਤੁਸੀਂ ਕਿਸੇ ਗੱਲ ਬਾਰੇ ਨਾਰਾਜ਼ ਹੋ ਸਕਦੇ ਹੋ ਜਾਂ ਕਿਸੇ ਵਿਅਕਤੀ ‘ਤੇ ਗੁੱਸੇ ਵੀ, ਪਰ ਤੁਹਾਨੂੰ ਕੋਈ ਮਸਲਾ ਦਰਪੇਸ਼ ਨਹੀਂ। ਤੁਹਾਡੇ ਕੋਲ ਦਰਅਸਲ ਇੱਕ ਮੌਕਾ ਹੈ। ਕੁਝ ਕਰਨ ਦਾ ਜਾਂ ਕੁਝ ਕਹਿਣ ਦਾ … ਕੁਝ ਉਸਾਰੂ ਕਹਿਣ ਦਾ ਮੌਕਾ!
ਵੱਡਾ ਸੋਚੋ। ਅਭੀਲਾਖੀ ਬਣੋ। ਕਿਸੇ ਵਿਚਾਰ ਨੂੰ ਸਿਰਫ਼ ਇਸ ਲਈ ਦਰਕਿਨਾਰ ਨਾ ਕਰੋ ਕਿਉਂਕਿ ਉਹ ਸੁਣਨ ਵਿੱਚ ਬਹੁਤ ਮੁਸ਼ਕਿਲ ਜਾਪਦੈ ਜਾਂ ਕਿਸੇ ਪੇਸ਼ਕਸ਼ ਨੂੰ ਕੇਵਲ ਇਸ ਲਈ ਨਾ ਨਕਾਰੋ ਕਿਉਂਕਿ ਉਹ ਕਿਸੇ ਮੌਜੂਦਾ ਪ੍ਰਬੰਧ ਨੂੰ ਚੁਣੌਤੀ ਦੇ ਰਹੀ ਹੈ। ਜੇਕਰ ਤੁਹਾਡੇ ਸ਼ੰਕੇ ਵਿਹਾਰਕ ਵੀ ਹਨ, ਕਿਸੇ ਸੁਝਾਅ ਦੇ ਨਾਲ ਆਉਣ ਵਾਲੀ ਪ੍ਰੇਰਨਾ ਨੂੰ ਤਾਂ ਤੁਸੀਂ ਸਵੀਕਾਰ ਕਰ ਹੀ ਸਕਦੇ ਹੋ ਜਾਂ ਕਿਸੇ ਸਾਕਾਰਾਤਮਕ ਸੰਭਾਵਨਾ ਪਿੱਛੇ ਛੁਪੀ ਭਾਵਨਾ ਨੂੰ … ਅਤੇ ਫ਼ਿਰ ਉਸ ਨੂੰ ਆਪਣੀ ਜ਼ਿੰਦਗੀ ਦੇ ਦੂਸਰੇ ਹਿੱਸਿਆਂ ਵਿਚਲੇ ਹੋਰ ਦਰਵਾਜ਼ੇ ਖੋਲ੍ਹਣ ਵਿੱਚ ਆਪਣੀ ਮਦਦ ਕਰਨ ਦਿਓ। ਇਹ ਸੰਸਾਰ ਇੱਕ ਬਹੁਤ ਵਿਸ਼ਾਲ ਸਥਾਨ ਹੈ। ਇਸ ਵਿੱਚ ਬਹੁਤ ਤਰ੍ਹਾਂ ਦਾ ਜਾਦੂ ਵਾਪਰਦਾ ਰਹਿੰਦੈ। ਇਹ ਮੰਨ ਕੇ ਚੱਲਣਾ ਬਿਲਕੁਲ ਵੀ ਸਹੀ ਨਹੀਂ ਕਿ ਇਸ ‘ਚੋਂ ਕੁਝ ਵੀ ਤੁਹਾਡੇ ਸੰਸਾਰ ਤਕ ਨਹੀਂ ਪਹੁੰਚ ਸਕਦਾ। ਤੁਹਾਡੇ ਸਿਰ ਉੱਪਰ ਲਮਕ ਰਿਹਾ ਆਸਮਾਨ ਤੁਹਾਡੇ ਨਾਲ ਇਸ ਗੱਲ ਦਾ ਵਾਅਦਾ ਹੈ ਕਿ ਇੱਕ ਛੋਟਾ ਜਿਹਾ ਚਮਤਕਾਰ ਜਲਦ ਹੀ ਤੁਹਾਡੇ ਲਈ ਵੀ ਵਾਪਰਣ ਵਾਲੈ।
ਕੀ ਤੁਸੀਂ ਸੋਚਦੇ ਹੋ ਕਿ, ਸ਼ਾਇਦ, ਹੁਣ ਤੁਹਾਨੂੰ ਥੋੜ੍ਹੀ ਬ੍ਰੇਕ ਮਿਲ ਜਾਣੀ ਚਾਹੀਦੀ ਹੈ? ਸੰਘਰਸ਼ ਅਤੇ ਤਨਾਅ ਤੋਂ ਥੋੜ੍ਹੇ ਸਮੇਂ ਲਈ ਛੁੱਟੀ ਬਾਰੇ ਤੁਹਾਡਾ ਕੀ ਖ਼ਿਆਲ ਹੈ? ਵਿਵਾਦ ਜਾਂ ਝਗੜੇ ਤੋਂ ਵੇਕੇਸ਼ਨ ਲੈਣੀ ਚਾਹੁੰਦੇ ਹੋ? ਸੋਚ ਤਾਂ ਤੁਹਾਡੀ ਚੰਗੀ ਹੈ, ਅਤੇ ਇਹ ਸੰਭਵ ਵੀ ਹੋ ਜਾਣੀ ਚਾਹੀਦੀ ਹੈ। ਪਰ, ਸ਼ਾਇਦ, ਇਹ ਤੁਹਾਨੂੰ ਹਾਲੇ ਨਸੀਬ ਨਾ ਹੋਵੇ। ਕਿਸੇ ਤਨਾਅ ਭਰਪੂਰ ਸਥਿਤੀ ‘ਚੋਂ ਬਾਹਰ ਨਿਕਲਣ ਤੋਂ ਪਹਿਲਾਂ ਤੁਹਾਨੂੰ ਉਸ ਦਾ ਹੱਲ ਕੱਢਣਾ ਪਵੇਗਾ। ਫ਼ਿਰ ਬੇਸ਼ੱਕ ਇਸ ਦਾ ਅਰਥ ਹਾਲਾਤ ਨੂੰ ਆਰਜ਼ੀ ਤੌਰ ‘ਤੇ ਵਧੇਰੇ ਤਨਾਅ ਭਰਪੂਰ ਬਣਾਉਣਾ ਹੀ ਕਿਉਂ ਨਾ ਹੋਵੇ। ਮੁਸ਼ਕਿਲ ਕਾਰਨ ਦਿਲ ਬਿਲਕੁਲ ਵੀ ਨਾ ਛੱਡਣਾ। ਆਸਮਾਨ ਤੁਹਾਡੇ ਨਾਲ ਇੱਕ ਤਰ੍ਹਾਂ ਦਾ ਬ੍ਰਹਿਮੰਡੀ ਵਾਅਦਾ ਕਰ ਰਿਹੈ। ਉਹ ਕਹਿੰਦੈ ਕਿ ਜੇਕਰ ਤੁਸੀਂ ਬਿਹਤਰੀ ਲਈ ਜੋ ਕੁਝ ਵੀ ਕਰ ਸਕਦੇ ਹੋ ਕਰੋਗੇ ਤਾਂ ਅੰਤ ਵਿੱਚ ਤੁਹਾਨੂੰ ਬਿਹਤਰ ਹੀ ਨਸੀਬ ਹੋਵੇਗਾ।
ਅੱਜਕੱਲ੍ਹ ਲੋਕ ਸ਼ਰੀਰਕ ਬੀਮਾਰੀਆਂ ਨੂੰ ਵੀ ਆਪਣੇ ਮਨ ਦੀ ਇੱਛਾ ਸ਼ਕਤੀ ਨਾਲ ਹਰਾੳਣ ਦੀ ਬਹੁਤ ਗੱਲ ਕਰਦੇ ਨੇ। ਜਦੋਂ ਅਸੀਂ ਆਪਣਾ ਧਿਆਨ ਕੇਂਦ੍ਰਿਤ ਕਰਦੇ ਹਾਂ ਤਾਂ ਅਸੀਂ ਬਹੁਤ ਹੀ ਲਾਜਵਾਬ ਚੀਜ਼ਾਂ ਕਰ ਗੁਜ਼ਰਦੇ ਹਾਂ। ਇਸ ਵਕਤ ਤੁਹਾਨੂੰ ਆਪਣਾ ਧਿਆਨ ਕਿੰਨਾ ਕੁ ਫ਼ੋਕਸ ਕਰਨ ਦੀ ਲੋੜ ਹੈ? ਤੁਹਾਨੂੰ ਕਿੰਨੇ ਕੁ ਜ਼ਿਹਨੀ ਜੌਹਰ ਦਿਖਾਣੇ ਪੈਣੇ ਨੇ? ਦਰਅਸਲ, ਤੁਹਾਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ। ਜੋ ਤੁਹਾਨੂੰ ਚਾਹੀਦੈ ਉਸ ਵਿੱਚੋਂ ਬਹੁਤਾ ਕੁਝ ਤਾਂ ਪਹਿਲਾਂ ਹੀ ਤੁਹਾਡੇ ਵੱਲ ਚਾਲੇ ਪਾ ਚੁੱਕੈ ਭਾਵੇਂ ਤੁਹਾਨੂੰ ਹਾਲੇ ਤਕ ਇਸ ਦੇ ਕੋਈ ਬਹੁਤੇ ਪੁਖ਼ਤਾ ਸਬੂਤ ਨਾ ਵੀ ਦਿਖਾਈ ਦਿੱਤੇ ਹੋਣ। ਤੁਹਾਡੇ ਦੇਖਣ ਦਾ ਨਜ਼ਰੀਆ ਉਸਾਰੂ ਅਤੇ ਉਤਸ਼ਾਹਕਾਰੀ ਹੈ। ਜੇਕਰ ਤੁਸੀਂ ਨਾਕਾਰਾਤਮਕ ਖ਼ਿਆਲ ਵੀ ਆਪਣੇ ਮਨ ਵਿੱਚ ਲਿਆਓਗੇ, ਨਤੀਜੇ ਸਾਕਾਰਾਤਮਕ ਹੀ ਨਿਕਲਣਗੇ। ਪਰ ਜੇਕਰ ਤੁਸੀਂ ਆਸ਼ਾਵਾਦੀ ਬਣੋਗੇ ਤਾਂ ਤੁਸੀਂ ਇਹ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਤੁਸੀਂ ਕਿਨ੍ਹਾਂ ਨੂੰ ਅਤੇ ਕਿੰਨਾ ਪ੍ਰਭਾਵਿਤ ਕਰ ਸਕਦੇ ਹੋ।