ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1334

ਆਹ ਹੈ ਉਦਾਹਰਣ ਉਸ ਦੁਚਿੱਤੀ ਦੀ ਜਿਸ ਵਿੱਚ ਅਸੀਂ ਸਾਰੇ ਆਪਣੇ ਆਪ ਨੂੰ ਅਕਸਰ ਹੀ ਫ਼ੱਸਿਆ ਪਾਉਂਦੇ ਹਾਂ। ਕੋਈ ਮਸ਼ੀਨਰੀ ਚਲਣੋਂ ਇਨਕਾਰੀ ਹੋ ਬੈਠਦੀ ਹੈ ਤਾਂ ਕੀ ਉਸ ਨੂੰ ਬਦਲਿਆ ਜਾਵੇ ਜਾਂ ਉਸ ਦੀ ਮੁਰੱਮਤ ਕੀਤੀ ਜਾਵੇ? ਕੀ ਉਸ ਨੂੰ ਠੀਕ ਕਰਾਉਣ ‘ਤੇ ਖ਼ਰਚੇ ਦੇ ਰੂਪ ਵਿੱਚ ਕੀਤੀ ਗਈ ਤੁਹਾਡੀ ਇਨਵੈਸਟਮੈਂਟ ਤੁਹਾਨੂੰ ਬਣਦੀ ਰੀਟਰਨ ਦੇਵੇਗੀ ਜਾਂ ਫ਼ਿਰ ਤੁਸੀਂ ਆਪਣਾ ਮਿਹਨਤ ਨਾਲ ਕਮਾਇਆ ਹੋਇਆ ਚੰਗਾ ਪੈਸਾ ਕਿਸੇ ਭੈੜੀ ਸ਼ੈਅ ਪਿੱਛੇ ਰੋੜ੍ਹ ਰਹੇ ਹੋਵੋਗੇ? ਇਹ ਸਿਰਫ਼ ੳਪਕਰਣ ਜਾਂ ਯੰਤਰ ਹੀ ਨਹੀਂ ਜਿਹੜੇ ਸਾਨੂੰ ਅਜਿਹੇ ਘੁੰਡੀਦਾਰ ਵਿਸ਼ਿਆਂ ਨੂੰ ਵਿਚਾਰਣ ‘ਤੇ ਮਜਬੂਰ ਕਰ ਸਕਦੇ ਹਨ। ਪ੍ਰਬੰਧ, ਸਮਝੌਤੇ … ਇੱਥੋਂ ਤਕ ਕਿ ਰਿਸ਼ਤੇ ਵੀ ਅਜਿਹੀ ਕਸ਼ਮਕਸ਼ ਨੂੰ ਜਨਮ ਦੇ ਸਕਦੇ ਹਨ। ਵੱਡਾ ਸਵਾਲ ਇਹ ਹੈ ਕਿ ਤੁਸੀਂ ਕਿਸੇ ਅਜਿਹੀ ਚੀਜ਼ ਨੂੰ ਠੀਕ ਕਰਨ ਦੀ ਕਿੰਨੀ ਕੁ ਕੋਸ਼ਿਸ਼ ਕੀਤੀ ਹੈ ਜਿਹੜੀ ਠੀਕ ਨਹੀਂ ਸੀ ਚੱਲ ਰਹੀ? ਉਸ ਤੋਂ ਥੋੜ੍ਹੀ ਵੱਧ ਕੋਸ਼ਿਸ਼ ਕਰ ਕੇ ਦੇਖੋ।

ਇੱਕ ਆਤਮਨਿਰਭਰ ਖੇਤ ਜਿਸ ਵਿੱਚ ਇੰਨੀ ਕੁ ਖੁਲ੍ਹੀ ਡੁੱਲੀ ਧਰਤੀ ਹੋਵੇ ਜਿੱਥੇ ਤੁਸੀਂ ਖੇਤੀ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਸਕੋ। ਉਹ ਹਾਂ ਸੱਚ, ਇਸ ਤੋਂ ਇਲਾਵਾ ਉਸ ਵਿੱਚ ਇੱਕ ਬੰਕਰ ਬਣਾ ਸਕੋ ਮਤਾਂ ਕਿਤੇ ਜੰਗ ਹੀ ਨਾ ਛਿੜ ਜਾਵੇ, ਲੰਬੇ-ਲੰਬੇ ਬਾਸਾਂ ‘ਤੇ ਘਰ ਖੜ੍ਹੇ ਕਰ ਸਕੋ ਜੋ ਹੜ੍ਹਾਂ ਦੀ ਸੂਰਤ ਵਿੱਚ ਸਹਾਈ ਸਿੱਧ ਹੋਣ, ਸੈਕਿਓਰਿਟੀ ਚੈੱਕ ਪੋਸਟਾਂ ਉਸਾਰ ਸਕੋ ਤਾਂ ਕਿ ਸਾਰੇ ਵਿਸ਼ਵ ਦੀ ਆਥਿਕਤਾ ਦਾ ਸਰਬਨਾਸ਼ ਹੋਣ ਦੀ ਸੂਰਤ ਵਿੱਚ ਸ਼ਹਿਰ ਦੇ ਲੋਕ ਤੁਹਾਡੇ ਫ਼ਾਰਮ ਹਾਊਸ ‘ਤੇ ਹੀ ਧਾਵਾ ਨਾ ਬੋਲ ਦੇਣ … ਅਮ … ਖ਼ੈਰ … ਸੁਰੱਖਿਆ ਕੇਵਲ ਇੱਕ ਮਨੋਦਸ਼ਾ ਹੈ, ਨਾ ਕਿ ਕੋਈ ਦੁਨਿਆਵੀ ਪ੍ਰਬੰਧ। ਵਿਸ਼ਵਾਸ ਹਨੇਰੀ ਤੋਂ ਹਨੇਰੀ ਸਥਿਤੀ ਨੂੰ ਵੀ ਪ੍ਰਕਾਸ਼ਮਈ ਬਣਾ ਸਕਦੈ। ਭੈਅ ਇਸ ਦੇ ਉਲਟ ਕਰਦੈ। ਅਤੇ ਆਪਣੀ ਭਾਵਨਾਤਮਕ ਜ਼ਿੰਦਗੀ ਵਿੱਚ ਜਿਹੜੀ ਇੱਕ ਸ਼ੈਅ ਤੋਂ ਤੁਹਾਨੂੰ ਬਚਣ ਦੀ ਲੋੜ ਐ, ਉਹ ਹੈ ਨਾਕਾਰਾਤਮਕ ਉਮੀਦ।

ਨਿਯਮਾਵਲੀ ਵਿੱਚ ਦਰਜ ਪਹਿਲਾ ਨਿਯਮ ਕੀ ਹੈ ਭਲਾ? ਨਿਯਮ ਨੰਬਰ ਇੱਕ: ਇਸ ਕਿਤਾਬ ਵਿੱਚ ਦਿੱਤਾ ਕੋਈ ਵੀ ਨਿਯਮ ਪੱਥਰ ‘ਤੇ ਲਕੀਰ ਨਹੀਂ। ਕੀ ਤੁਹਾਨੂੰ ਚੇਤੇ ਨਹੀਂ ਜਦੋਂ ਤੁਸੀਂ ਆਖ਼ਰੀ ਵਾਰ ਉਹ ਨਿਯਮਾਵਲੀ ਪੜ੍ਹੀ ਸੀ ਤਾਂ ਇਹ ਨਿਯਮ ਉਸ ਵਿੱਚ ਪੜ੍ਹਿਆ ਸੀ? ਤੁਸੀਂ ਸ਼ਾਇਦ ਉਸ ਦੀ ਭੂਮਿਕਾ ਛੱਡ ਦਿੱਤੀ ਹੋਣੀ ਐ। ਬਹੁਤੇ ਲੋਕ ਇੰਝ ਹੀ ਕਰਦੇ ਨੇ। ਅਸੀਂ ਸਾਰੇ ਆਪਣੇ ਆਪ ਲਈ ਅਜਿਹੇ ਨਿਯਮ ਨਿਰਧਾਰਿਤ ਕਰ ਲੈਂਦੇ ਹਾਂ ਜਿਨ੍ਹਾਂ ਨੂੰ ਫ਼ਿਰ ਅਸੀਂ ਸਾਲਾਂ ਬੱਧੀ ਮੰਨੀ ਤੁਰੇ ਜਾਂਦੇ ਹਾਂ ਬਿਨਾ ਉਨ੍ਹਾਂ ‘ਤੇ ਕੋਈ ਸਵਾਲ ਕੀਤੇ। ਅਤੇ ਫ਼ਿਰ ਸਾਨੂੰ ਪਤਾ ਚੱਲਦੈ, ਕਦੇ ਕਦੇ, ਕਿ ਉਨ੍ਹਾਂ ‘ਚੋਂ ਕੁੱਝ ਹੁਣ ਓਨੇ ਢੁੱਕਵੇਂ ਨਹੀਂ ਰਹੇ ਜਿੰਨੇ ਉਹ ਕਦੇ ਹੋਇਆ ਕਰਦੇ ਸਨ। ਤੁਸੀਂ ਆਪਣੇ ਭਾਵਨਾਤਮਕ ਜੀਵਨ ਵਿੱਚ ਵੀ ਇਸ ਵਕਤ ਅਜਿਹਾ ਹੀ ਕੁੱਝ ਮਹਿਸੂਸ ਕਰ ਰਹੇ ਹੋ। ਇਸ ਗੱਲ ਨੂੰ ਭੁੱਲ ਜਾਓ ਕਿ ਤੁਸੀਂ ਕੀ ਸੋਚਦੇ ਸੀ ਹੋਣਾ ਚਾਹੀਦੈ ਅਤੇ ਚੀਜ਼ਾਂ ਜਿਵੇਂ ਹਨ ਉਨ੍ਹਾਂ ਨੂੰ ਉਸੇ ਤਰ੍ਹਾਂ ਹੀ ਸਲਾਹੋ।

ਕੀ ਤੁਸੀਂ ਕੋਈ ਜੂਆ ਖੇਡਣ ਬਾਰੇ ਸੋਚ ਰਹੇ ਹੋ? ਸਾਵਧਾਨ ਰਹਿਓ ਪਰ ਬਹੁਤੇ ਜ਼ਿਆਦਾ ਸਾਵਧਾਨ ਵੀ ਨਹੀਂ। ਕਦੇ ਵੀ ਉਸ ਤੋਂ ਵੱਧ ਖ਼ਤਰੇ ‘ਚ ਨਾ ਪਾਇਓ ਜਿੰਨਾ ਘਾਟਾ ਤੁਸੀਂ ਸੱਚਮੁੱਚ ਬਰਦਾਸ਼ਤ ਕਰ ਸਕਦੇ ਹੋ। ਸ਼ਾਇਦ ਤੁਹਾਡਾ ਇੱਕ ਹਿੱਸਾ ਸੱਚਮੁੱਚ ਹੀ ਪਰਵਾਹ ਨਹੀਂ ਕਰਦਾ ਕਿਉਂਕਿ ਉਹ ਕਿਸੇ ਸਥਿਤੀ ਨੂੰ ਦੇਖ ਦੇਖ ਕੇ ਥੱਕ ਚੁੱਕੈ। ਜੇਕਰ ਤੁਸੀਂ ਆਪਣੇ ਉਸ ਹਿੱਸੇ ਵਿੱਚ ਸੁਧਾਰ ਲਿਆ ਸਕੋ ਜਾਂ ਆਪਣੇ ਬਾਕੀ ਦੇ ਹਿੱਸਿਆਂ ਨਾਲ ਮਿਲ ਕੇ ਉਸ ਨੂੰ ਬਦਲ ਸਕੋ ਤਾਂ ਜੋ ਵੀ ਨਤੀਜਾ ਨਿਕਲੇਗਾ ਤੁਸੀਂ ਉਸ ਤੋਂ ਸੰਤੁਸ਼ਟ ਹੋਵੋਗੇ। ਰਹੀ ਤੁਹਾਡੇ ਭਾਵਨਾਤਮਕ ਜੀਵਨ ਦੀ ਗੱਲ, ਹੁਣ ਵੇਲਾ ਹੈ ਆਪਣੀ ਦੁਨੀਆਂ ‘ਚੋਂ ਉਸ ਨੂੰ ਹਟਾ ਦੇਣ ਦਾ ਜਿਹੜਾ ਨਿਰੰਤਰ ਤੁਹਾਡੀਆਂ ਖ਼ੁਸ਼ੀਆਂ ਦੇ ਰਾਹ ਵਿੱਚ ਰੋੜਾ ਬਣ ਰਿਹੈ।

ਤੁਸੀਂ ਜੋ ਕਰਨਾ ਚਾਹੋ ਉਹ ਕਰਨ ਲਈ ਆਜ਼ਾਦ ਹੋ। ਤੁਸੀਂ ਉਹ ਕਰਨ ਲਈ ਵੀ ਆਜ਼ਾਦ ਹੋ ਜੋ ਕਰਨ ਲਈ ਤੁਹਾਨੂੰ ਕਿਹਾ ਜਾਵੇ। ਕੋਈ ਤੁਹਾਨੂੰ ਹੁਕਮ ਮੰਨਣ ਤੋਂ ਰੋਕ ਨਹੀਂ ਸਕਦਾ ਜਾਂ ਦਬਾਅ ਅੱਗੇ ਝੁਕਣ ਤੋਂ ਜਾਂ ਦੂਸਰਿਆਂ ਦੀ ਹਾਂ ਵਿੱਚ ਹਾਂ ਮਿਲਾਉਣ ‘ਤੇ ਮਜਬੂਰ ਮਹਿਸੂਸ ਕਰਨ ਤੋਂ। ਤੁਹਾਡੇ ਕੋਲ ਦੂਸਰਿਆਂ ਨਾਲ ਹਮੇਸ਼ਾ ਰਾਜ਼ੀ ਹੋਣ ਦਾ ਹਰ ਹੱਕ ਹੈ, ਇੱਥੋਂ ਤਕ ਕਿ ਉਨ੍ਹਾਂ ਦੇ ਮਾਤਹਿਤ ਮਹਿਸੂਸ ਕਰਨ ਦਾ ਵੀ। ਤੁਸੀਂ ਜਿੰਨਾ ਚਾਹੋ ਕਸੂਰਵਾਰ ਮਹਿਸੂਸ ਕਰ ਸਕਦੇ ਹੋ, ਜਿੰਨਾ ਚਾਹੋ ਡਰ ਸਕਦੇ ਹੋ ਅਤੇ ਜਿੰਨਾ ਚਾਹੋ ਸ਼ਰਮਾਕਲ ਬਣ ਸਕਦੇ ਹੋ। ਤੁਸੀਂ, ਜੇ ਚਾਹੋ ਤਾਂ, ਇਨ੍ਹਾਂ ਸਾਰੇ ਗੁਣਾਂ ‘ਤੇ ਮਾਣ ਵੀ ਮਹਿਸੂਸ ਕਰ ਸਕਦੇ ਹੋ। ਸੋ, ਜਾਓ ਅੱਗੇ ਵਧੋ। ਪਰ ਚੇਤੇ ਰੱਖਿਓ ਕਿ ਤੁਸੀਂ ਉਸ ਨੂੰ ਨਕਾਰ ਵੀ ਸਕਦੇ ਜੋ ਕੁੱਝ ਵੀ ਤੁਹਾਡੇ ਭਾਵਨਾਤਮਕ ਜੀਵਨ ਵਿੱਚ ਠੀਕ ਨਹੀਂ ਚੱਲ ਰਿਹਾ। ਤਗੜੇ ਬਣਨ ਤੋਂ ਕਦੇ ਵੀ ਡਰਿਓ ਨਾ।