ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1329

ਇੱਕ ਵਾਰ ਦੀ ਗੱਲ ਹੈ, ਇੱਕ ਕਹਾਣੀਕਾਰ ਹੁੰਦਾ ਸੀ। ਉਸ ਕਹਾਣੀਕਾਰ ਦੀ ਇੱਕ ਪਸੰਦੀਦਾ ਕਹਾਣੀ ਸੀ। ਉਹ ਕਹਾਣੀ ਕੁੱਝ ਇਸ ਤਰ੍ਹਾਂ ਸੀ: ‘ਇੱਕ ਵਾਰ ਦੀ ਗੱਲ ਹੈ, ਇੱਕ ਕਹਾਣੀਕਾਰ ਹੁੰਦਾ ਸੀ। ਉਸ ਕਹਾਣੀਕਾਰ ਦੀ ਇੱਕ ਪਸੰਦੀਦਾ ਕਹਾਣੀ ਸੀ। ਉਹ ਕਹਾਣੀ ਕੁੱਝ ਇਸ ਤਰ੍ਹਾਂ ਸੀ: ‘ਇੱਕ ਵਾਰ ਦੀ ਗੱਲ ਹੈ …’ ਉਨ੍ਹਾਂ ਪੁਰਾਣੇ ਗੋਲ ਚੱਕਰਾਂ ਵਿੱਚ ਹੀ ਘੁੰਮੀ ਜਾਣ ਦੀ ਆਦਤ ਜਾਂ ਉਹੀ ਪੁਰਾਣੇ ਨਾਟਕ ਦੋਹਰਾਈ ਜਾਣ ਦੇ ਰੁਝਾਨ ਤੋਂ ਸਾਵਧਾਨ ਰਹਿਓ ਕਿਉਂਕਿ ਇਹ ਤੁਹਾਨੂੰ ਕਿਤੇ ਵੀ ਨਹੀਂ ਪਹੁੰਚਾਉਣ ਵਾਲੇ। ਤੁਹਾਡੀ ਜ਼ਿੰਦਗੀ ਦੀ ਦਾਸਤਾਨ ਕਿਸੇ ਅਜਿਹੀ ਕਹਾਣੀ ਵਰਗੀ ਜਾਪ ਸਕਦੀ ਹੈ ਜਿਹੜੀ ਪਹਿਲਾਂ ਹੀ ਸੁਣਾਈ ਜਾ ਚੁੱਕੀ ਹੋਵੇ, ਪਰ ਇਸ ਵਾਰ ਇਸ ਦਾ ਨਤੀਜਾ ਪਹਿਲਾਂ ਨਾਲੋਂ ਵੱਖਰਾ ਹੋ ਸਕਦੈ। ਜੇ ਤੁਸੀਂ ਅਜਿਹਾ ਚਾਹੁੰਦੇ ਹੋ ਤਾਂ ਕਿਸੇ ਪੁਰਾਣੀ ਆਦਤ ਨੂੰ ਤਿਆਗਣ ਲਈ ਤਿਆਰ ਰਹਿਓ।

ਸਾਵਧਾਨ। ਬ੍ਰਹਿਮੰਡੀ ਤਾਕਤਾਂ ਗੰਭੀਰ ਤਬਦੀਲੀ ਦੀ ਇੱਕ ਡੂੰਘੀ ਤਾਂਘ ਜਗਾ ਰਹੀਆਂ ਹਨ। ਇਸ ਦੌਰਾਨ, ਕੁੱਝ ਹੋਰ ਅਲੌਕਿਕ ਸ਼ਕਤੀਆਂ ਤੁਹਾਨੂੰ ਇੰਤਹਾ ਵੱਲ ਵੀ ਧੱਕ ਰਹੀਆਂ ਹਨ। ਤੁਸੀਂ ਉਹ ਕਰਨ ਲਈ ਤਿਆਰ ਹੋ ਜੋ, ਸੱਦੀਆਂ ਤੋਂ, ਤੁਸੀਂ ਕਹਿੰਦੇ ਆ ਰਹੇ ਸੀ ਕਿ ਇੱਕ ਦਿਨ ਕਰੋਗੇ। ਜ਼ਰੂਰ ਕਰੋ ਜੇ ਤੁਸੀਂ ਉਸ ਬਾਰੇ ਪੂਰੀ ਤਰ੍ਹਾਂ ਨਿਸ਼ਚਿਤ ਹੋ। ਜੇ ਨਹੀਂ ਤਾਂ ਮੈਂ ਇੱਕ ਵਾਰ ਫ਼ਿਰ ਦੋਹਰਾਉਂਦਾਂ: ਸਾਵਧਾਨ ਰਹਿਓ। ਤੁਹਾਡਾ ਵੱਡਾ ਮੌਕਾ, ਜੇਕਰ ਉਹ ਸੱਚਮੁੱਚ ਤੁਹਾਡੇ ਲਈ ਹੀ ਹੈ, ਇੰਝ ਅਲੋਪ ਨਹੀਂ ਹੋਣ ਲੱਗਾ ਜਿਵੇਂ ਕਿਸੇ ਮੌਸਮੀ ਸੇਲ ‘ਚ ਆਖ਼ਰੀ ਸ਼ੈਅ ਸਾਡੇ ਹੱਥੋਂ ਨਿਕਲ ਜਾਂਦੀ ਹੈ। ਉਹ ਦੋਬਾਰਾ ਸਾਹਮਣੇ ਆਵੇਗਾ! ਆਪਣਾ ਪੂਰਾ ਵਕਤ ਲਓ ਅਤੇ ਇਸ ਨਾਲ ਸਹੀ ਤਰ੍ਹਾਂ ਨਜਿੱਠੋ ਬਜਾਏ ਇਸ ਦੇ ਕਿ ਕਾਹਲੀ ਵਿੱਚ ਤੁਸੀਂ ਕੋਈ ਅਜਿਹਾ ਕਦਮ ਚੁੱਕੋ ਜਿਸ ‘ਤੇ ਤੁਹਾਨੂੰ ਆਪਣੀ ਫ਼ੁਰਸਤ ਵਿੱਚ ਪਛਤਾਣਾ ਪਵੇ।

ਖਾਣਾ ਖਾਣ ਮਗਰੋਂ ਜੂਠੇ ਭਾਂਡੇ ਧੋਣ ਦਾ ਕੀ ਮੰਤਵ? ਕੀ ਅਜਿਹਾ ਅਸੀਂ ਇਸ ਲਈ ਕਰਦੇ ਹਾਂ ਤਾਂ ਕਿ ਉਨ੍ਹਾਂ ਭਾਂਡਿਆਂ ਨੂੰ ਸਦਾ ਲਈ ਸਾਫ਼ ਕਰ ਕੇ ਇੱਕ ਪਾਸੇ ਰੱਖ ਸਕੀਏ? ਕਾਰਪੈੱਟ ਵੈਕਿਊਮ ਕਰਨ ਦਾ ਕੀ ਮਕਸਦ ਜੇਕਰ ਅਸੀਂ ਇਹ ਸੁਨਿਸ਼ਚਿਤ ਨਹੀਂ ਕਰਦੇ ਕਿ ਅੱਜ ਤੋਂ ਬਾਅਦ ਉਸ ਉੱਪਰ ਕੋਈ ਸ਼ੈਅ ਨਹੀਂ ਡਿੱਗੇਗੀ? ਹੈ ਨਾ ਦਿਲਚਸਪ ਗੱਲ? ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹੋਵਾਂਗੇ ਕਿ ਕੁੱਝ ਕਾਰਜਾਂ ਨੂੰ ਹਮੇਸ਼ਾ ਦੋਹਰਾਉਣਾ ਪੈਂਦੈ। ਇਸ ਦੇ ਬਾਵਜੂਦ, ਅਸੀਂ ਸੋਚਦੇ ਹਾਂ ਕਿ ਇੱਕ ਵਾਰ ਸਾਡਾ ਮਨ ਜੇ ਬਣ ਗਿਆ ਤਾਂ ਫ਼ਿਰ ਉਹ ਸਦਾ ਲਈ ਬਣਿਆ ਹੀ ਰਹਿਣਾ ਚਾਹੀਦੈ। ਪਰ ਮਨ – ਜੁਰਾਬਾਂ, ਟਾਇਰਾਂ ਅਤੇ ਸਰਕਾਰਾਂ ਵਾਂਗ – ਬਦਲੇ ਜਾਣ ਲਈ ਹੀ ਬਣੇ ਸਨ। ਤੁਹਾਡੇ ਹਾਲਾਤ ਹੁਣ ਪਹਿਲਾਂ ਨਾਲੋਂ ਵੱਖਰੇ ਹਨ। ਸਲੀਕੇ ਨਾਲ ਆਪਣੇ ਆਪ ਨੂੰ ਇਨ੍ਹਾਂ ਦੇ ਅਨੁਕੂਲ ਢਾਲੋ ਅਤੇ ਫ਼ਿਰ ਨਿਸ਼ਚਿੰਤ ਹੋ ਜਾਓ!

ਸਿਆਸਤ ਵਿੱਚ ਇੱਕ ਪੁਰਾਣੀ ਕਹਾਵਤ ਹੈ। ”ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿਸ ਨੂੰ ਵੋਟ ਪਾਉਂਦੇ ਹੋ, ਸਰਕਾਰ ਹੀ ਹਮੇਸ਼ਾ ਸੱਤਾ ‘ਚ ਆਉਂਦੀ ਹੈ।” ਇਹ ਗੱਲ ਸਾਰੀਆਂ ਤਾਕਤ ਦੀਆਂ ਲੜਾਈਆਂ ‘ਤੇ ਸਹੀ ਢੁੱਕਦੀ ਹੈ! ਜਿਸ ਪਲ ਵੀ ਹਮਾਤੜ, ਮਾਲਕ ਬਣ ਜਾਂਦੇ ਨੇ, ਉਨ੍ਹਾਂ ਦੇ ਸੋਚਣ ਦਾ ਤਰੀਕਾ ਅਤੇ ਨਜ਼ਰੀਆ ਹੀ ਬਦਲ ਜਾਂਦੈ। ਉਹ ਬਿਲਕੁਲ ਵੱਖਰੇ ਢੰਗ ਨਾਲ ਪੇਸ਼ ਆਉਣ ਲੱਗਦੇ ਨੇ। ਇਸ ਵਕਤ ਤੁਹਾਡੀ ਜ਼ਿੰਦਗੀ ਵਿਚਲਾ ਕੋਈ ਮਾਮਲਾ ਇੱਕ ਬਹੁਤ ਵੱਡਾ ਮੁੱਦਾ ਜਾਪ ਰਿਹੈ। ਇਹ ਤੁਹਾਡਾ ਬਹੁਤ ਸਾਰਾ ਵਕਤ ਅਤੇ ਸ਼ਕਤੀ ਜ਼ਾਇਆ ਕਰ ਰਿਹੈ। ਕੀ ਇਹ ਸਿਰਫ਼ ਇਸ ਲਈ ਹੋ ਰਿਹੈ ਕਿਉਂਕਿ ਹਰ ਕੋਈ ਸੋਚਦੈ ਕਿ ਇਹ ਮਹੱਤਵਪੂਰਨ ਹੈ? ਜਾਂ ਫ਼ਿਰ ਇਸ ਮਾਮਲੇ ਦੀ ਸੱਚਮੁੱਚ ਕੋਈ ਅਹਿਮੀਅਤ ਹੈ? ਮੁੱਦਿਆਂ ਨੂੰ ਲੋੜੋਂ ਵੱਧ ਖਿੱਚਣ ਅਤੇ ਉਨ੍ਹਾਂ ਨਾਟਕਾਂ ਦਾ ਹਿੱਸਾ ਬਣਨ ਤੋਂ ਬਚੋ ਜਿਨ੍ਹਾਂ ਤੋਂ ਵਾਕਈ ਬਚਿਆ ਜਾ ਸਕਦਾ ਹੋਵੇ।

”ਜੇਕਰ ਤੁਸੀਂ ਆਪਣੀ ਆਲੋਚਨਾ ਨਹੀਂ ਕਰਾਉਣਾ ਚਾਹੁੰਦੇ ਤਾਂ ਦੂਜਿਆਂ ਨੂੰ ਨਿੰਦਣਾ ਛੱਡੋ।” ਕਈ ਧਰਮਸ਼ਾਸਤਰੀਆਂ ਦਾ ਮੰਨਣਾ ਹੈ ਕਿ ਸਾਰੀਆਂ ਇਲਾਹੀ ਹਿਦਾਇਤਾਂ ਵਿੱਚੋਂ ਇਸ ਦੀ ਪਾਲਣਾ ਸਭ ਤੋਂ ਮੁਸ਼ਕਿਲ ਹੈ। ਸੱਚਮੁੱਚ ਦੇ ਧਰਮੀ ਲੋਕ, ਜਿਹੜੇ ਬਾਈਬਲ ਵਿੱਚ ਦਰਜ ਦਸਾਂ ਦੇ ਦਸ ਧਰਮ ਨਿਰਦੇਸ਼ਾਂ ਅਤੇ ਦੂਸਰੇ ਬਚਨਾਂ ਦੀ ਇਨਬਿਨ ਪਾਲਣਾ ਕਰਦੇ ਹਨ, ਵੀ ਮੂੰਹ ਭਾਰ ਡਿਗ ਜਾਂਦੇ ਨੇ ਜਦੋਂ ਇਸ ਹਿਦਾਇਤ ਦੀ ਗੱਲ ਆਉਂਦੀ ਹੈ। ਉਹ ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਬਾਰੇ ਨੁਕਤਾਚੀਨੀ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕਦੇ ਜਿਹੜੇ ਉਨ੍ਹਾਂ ਨੂੰ ਆਪਣੇ ਜਿੰਨੇ ਧਾਰਮਿਕ ਨਹੀਂ ਲੱਗਦੇ। ਅਜਿਹਾ ਕਰ ਕੇ ਉਨ੍ਹਾਂ ਅੰਦਰ ਆਪਣੇ ਵੱਡੇਪਨ ਦੀ ਭਾਵਨਾ ਜਾਗਦੀ ਹੈ। ਫ਼ਿਰ ਵੀ, ਇਸ ਵਕਤ ਤੁਹਾਨੂੰ ਕੇਵਲ ਉਸੇ ਸਲਾਹ ‘ਤੇ ਅਮਲ ਕਰਨ ਦੀ ਲੋੜ ਹੈ ਜਿਹੜੀ ਮੈਂ ਇਸ ਪੈਰੇ ਦੇ ਸ਼ੁਰੂ ਵਿੱਚ ਦਿੱਤੀ ਸੀ। ਉਦਾਰ ਬਣੋ, ਅਤੇ ਤੁਹਾਨੂੰ ਸ਼ਾਨਦਾਰ ਬੜ੍ਹਤ ਹਾਸਿਲ ਹੋਵੇਗੀ।