ਮੈਂ ਆਪਣੀ ਬਾਂਹ ਲੰਬੀ ਕੀਤੀ ਹੋਈ ਹੈ ਅਤੇ ਹੱਥ ਦੀ ਉਂਗਲ ਨਾਲ ਇੱਕ ਪਾਸੇ ਵੱਲ ਇਸ਼ਾਰਾ ਕਰ ਰਿਹਾਂ। ਦੱਸੋ ਖਾਂ, ਮੈਂ ਭਲਾ ਕਿਸ ਦਿਸ਼ਾ ਵੱਲ ਸੰਕੇਤ ਕਰ ਰਿਹਾਂ। ਤੁਹਾਨੂੰ ਕਿਵੇਂ ਪਤਾ? ਮੈਂ ਤੁਹਾਡੇ ਸਾਹਮਣੇ ਤਾਂ ਖੜ੍ਹਾ ਨਹੀਂ। ਤੁਹਾਡੇ ਸਾਹਮਣੇ ਤਾਂ ਕੇਵਲ ਮੇਰੇ ਲਿਖੇ ਹੋਏ ਲਫ਼ਜ਼ ਪਏ ਨੇ। ਪਰ ਫ਼ਿਰ ਵੀ ਦਿਲਚਸਪੀ ਵੱਸ, ਜਦੋਂ ਤੁਸੀਂ ਮੇਰੀ ਲਿਖੀ ਸ਼ੁਰੂਆਤੀ ਸਤਰ ਪੜ੍ਹੀ ਤਾਂ ਤੁਸੀਂ ਕਿਸ ਸ਼ੈਅ ਦੀ ਕਲਪਨਾ ਕੀਤੀ? ਤੁਹਾਡੇ ਦਿਮਾਗ਼ ਵਿੱਚ ਅਚਾਨਕ ਕਿਹੜੀ ਜਾਂ ਕਿਸ ਦੀ ਤਸਵੀਰ ਪਰਗਟ ਹੋਈ? ਮੈਂ ਇਹ ਸਭ ਤੁਹਾਨੂੰ ਇਸ ਲਈ ਪੁੱਛ ਰਿਹਾਂ ਕਿਉਂਕਿ ਜੇ ਮੈਂ ਤੁਹਾਡੀ ਕੋਈ ਸਹਾਇਤਾ ਕਰਨ ਦੇ ਕਾਬਿਲ ਬਣਨੈ ਤਾਂ ਮੈਨੂੰ ਤੁਹਾਨੂੰ ਇਹ ਦਿਖਾਉਣਾ ਪਵੇਗਾ ਕਿ ਅਸੀਂ ਕਿੰਨੀ ਆਸਾਨੀ ਨਾਲ ਆਪਣੇ ਖ਼ਿਆਲਾਂ ਨੂੰ ਯਕੀਨ ਬਣਨ ਦਿੰਦੇ ਹਾਂ। ਅਸੀਂ ਬਹੁਤ ਥੋੜ੍ਹੇ ‘ਚੋਂ ਬਹੁਤ ਜ਼ਿਆਦਾ ਪੜ੍ਹ ਲੈਂਦੇ ਹਾਂ, ਅਤੇ ਫ਼ਿਰ ਉਸੇ ਨੂੰ ਆਪਣੀ ਜ਼ਿੰਦਗੀ ਦਾ ਮਾਰਗਦਰਸ਼ਨ ਕਰ ਦਿੰਦੇ ਹਾਂ। ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜੇ। ਉਸ ਚੀਜ਼ ਵਿੱਚ ਯਕੀਨ ਰੱਖੋ ਜਿਸ ਬਾਰੇ ਤੁਸੀਂ ਪੂਰੀ ਤਰ੍ਹਾਂ ਨਿਸ਼ਚਿਤ ਹੋ। ਅਤੇ ਆਪਣੇ ਆਪ ਬਾਰੇ ਜ਼ਰੂਰ ਨਿਸ਼ਚਿਤ ਹੋਵੋ!
ਦੂਸਰਿਆਂ ਨੂੰ ਰਿਝਾਉਣ ਦੀ ਸਾਨੂੰ ਕਿੰਨੀ ਕੁ ਕੋਸ਼ਿਸ਼ ਕਰਨੀ ਚਾਹੀਦੀ ਹੈ? ਸ਼ਾਇਦ ਇਸ ਦਾ ਸਭ ਤੋਂ ਸੌਖਾ ਉੱਤਰ ਇਹ ਸਵਾਲ ਹੋਵੇਗਾ ਕਿ ਅਸੀਂ ਦੂਸਰਿਆਂ ਤੋਂ ਆਪਣੇ ਸੰਦਰਭ ਵਿੱਚ ਇਸੇ ਚੀਜ਼ ਦੀ ਕਿਸ ਹੱਦ ਤਕ ਆਸ ਰੱਖ ਸਕਦੇ ਹਾਂ। ਜੇਕਰ ਅਸੀਂ ਕਿਸੇ ਨੂੰ ਸੱਚਮੁੱਚ ਪਿਆਰ ਕਰਦੇ ਹਾਂ ਤਾਂ ਇਸ ਦੀ ਕੋਈ ਸੀਮਾ ਜ਼ਰੂਰ ਹੋਵੇਗੀ ਕਿ ਅਸੀਂ ਉਨ੍ਹਾਂ ਨੂੰ ਕਿੰਨੀ ਤਕਲੀਫ਼ ਦੇਣੀ ਚਾਹਾਂਗੇ। ਬੇਅੰਤ ਕੁਰਬਾਨੀਆਂ ਦੀ ਆਸ ਕੀ ਇੱਕ ਤਰ੍ਹਾਂ ਦੀ ਜ਼ਿਹਨੀ ਖ਼ਰਾਬੀ ਨਹੀਂ? ਓਨਾ ਦਿਓ ਜਿੰਨਾ ਤੁਹਾਡਾ ਦਿਲ ਦੂਸਰਿਆਂ ਨਾਲ ਸੱਚਮੁੱਚ ਸਾਂਝਾ ਕਰਨ ਲਈ ਉਤਸ਼ਾਹਿਤ ਮਹਿਸੂਸ ਕਰਦੈ। ਬਦਲੇ ਵਿੱਚ, ਉਸ ਨੂੰ ਕਬੂਲ ਕਰੋ ਜੋ ਤੁਹਾਨੂੰ ਪਿਆਰ ਨਾਲ ਪਰੋਸਿਆ ਜਾਂਦੈ। ਇਸ ਤੋਂ ਵੱਧ ਦੀ ਤਵੱਕੋ, ਦੋਹਾਂ ਪਾਸਿਆਂ ਵਲੋਂ, ਬਹੁਤ ਵੱਡਾ ਮੂੰਹ ਅੱਡਣ ਵਾਲੀ ਗੱਲ ਹੋਵੇਗੀ।
ਅਸੀਂ ਸਾਰੇ ਹੀ ਇੱਕ ਦੂਸਰੇ ਨੂੰ ਕੀਲਣਾ ਚਾਹੁੰਦੇ ਹਾਂ। ਅਸੀਂ ਇਹ ਸੋਚਣਾ ਪਸੰਦ ਕਰਦੇ ਹਾਂ ਕਿ ਅਸੀਂ ਪ੍ਰਸ਼ੰਸਾ ਖੱਟ ਰਹੇ ਹਾਂ, ਆਪਣੇ ਵੱਲ ਪਿਆਰ ਆਕਰਸ਼ਿਤ ਕਰ ਰਹੇ ਹਾਂ, ਦੂਸਰਿਆਂ ਦੀਆਂ ਨਜ਼ਰਾਂ ਵਿੱਚ ਉੱਚੇ ਉੱਠ ਰਹੇ ਹਾਂ। ਸਾਨੂੰ ਸੱਚਮੁੱਚ ਇਹ ਚੇਤੇ ਰੱਖਣ ਦੀ ਲੋੜ ਹੈ ਕਿ, ਬੇਸ਼ੱਕ ਅਸੀਂ ਇਹ ਜਿੰਨਾ ਮਰਜ਼ੀ ਚਾਹੁੰਦੇ ਹੋਈਏ, ਦੂਸਰੇ ਵੀ ਸਾਡੇ ਤੋਂ ਕੁੱਝ ਅਜਿਹਾ ਹੀ ਚਾਹੁੰਦੇ ਹਨ! ਇਸ ਲਈ, ਆਪਣੀ ਇਸ ਇੱਛਾ ਦੀ ਪੂਰਤੀ ਲਈ, ਸਾਨੂੰ ਵੀ ਦੂਸਰਿਆਂ ਨੂੰ ਇਹ ਦੱਸਣਾ ਪੈਣੈ ਕਿ ਅਸੀਂ ਉਨ੍ਹਾਂ ਬਾਰੇ ਕਿੰਨਾ ਉੱਚਾ-ਸੁੱਚਾ ਸੋਚਦੇ ਹਾਂ। ਚਾਪਲੂਸੀ, ਨਿਰਸੰਦੇਹ, ਕਿਸੇ ਨੂੰ ਵੀ ਕਿਤੇ ਨਹੀਂ ਪਹੁੰਚਾਉਂਦੀ। ਤੁਸੀਂ ਇਸ ਦੇ ਜਾਲ ਵਿੱਚ ਫ਼ਸਣ ਵਾਲੇ ਬਿਲਕੁਲ ਨਹੀਂ, ਅਤੇ ਨਾ ਹੀ ਕੋਈ ਅਜਿਹਾ ਵਿਅਕਤੀ ਜਿਹੜਾ ਸੱਚਮੁੱਚ ਜਾਣਨ ਦੇ ਕਾਬਿਲ ਹੋਵੇ। ਪਰ ਜਿੱਥੇ ਪ੍ਰਸ਼ੰਸਾ ਅਤੇ ਸਾਕਾਰਾਤਮਕਤਾ ਦੇ ਸੱਚੇ ਭਾਵ ਦਰਕਾਰ ਹਨ, ਉਨ੍ਹਾਂ ਨੂੰ ਉੱਥੇ ਅੱਪੜਦਾ ਕਰੋ। ਪਰਤਵੀਂ ਅਦਾਇਗੀ ਜ਼ਰੂਰ ਮਿਲੇਗੀ।
ਭੜਕਾਹਟ ਦੇ ਸਨਮੁੱਖ ਅਸੀਂ ਕੀ ਕਰ ਸਕਦੇ ਹਾਂ? ਆਪਣੇ ਸਹਿ-ਮਨੁੱਖਾਂ ਪ੍ਰਤੀ ਸੁਹਿਰਦਤਾ ਅਤੇ ਹਮਦਰਦੀ ਮਹਿਸੂਸ ਕਰਨਾ ਇੱਕ ਚੰਗੀ ਭਾਵਨਾ ਹੈ ਬਸ਼ਰਤੇ ਉਹ ਵੀ ਸਾਡੇ ਲਈ ਆਦਰ-ਸਤਿਕਾਰ ਰੱਖਦੇ ਹੋਣ। ਪਰ ਜਦੋਂ ਉਹ ਸਾਡੀ ਰਾਹ ਦੁਸ਼ਵਾਰ ਬਣਾਉਣ ਲਈ ਆਪਣੀ ਵਿੱਤੋਂ ਬਾਹਰ ਦਾ ਜ਼ੋਰ ਲਗਾ ਰਹੇ ਹੋਣ ਤਾਂ ਅਸੀਂ ਬਦਲੇ ਵਿੱਚ ਉਨ੍ਹਾਂ ਦੇ ਰਾਹਾਂ ‘ਚ ਅੜਚਨਾਂ ਖੜ੍ਹੀਆਂ ਕਰਨ ਦਾ ਲਾਲਚ ਕਿਵੇਂ ਤਿਆਗ ਸਕਦੇ ਹਾਂ? ਦਰਅਸਲ, ਅਸੀਂ ਕਰ ਸਕਦੇ ਹਾਂ। ਸਾਨੂੰ ਕਰਨਾ ਚਾਹੀਦੈ! ਰਾਈ ਦਾ ਪਹਾੜ ਬਣਾ ਕੇ ਕਿਸੇ ਮਾਮੂਲੀ ਸਥਿਤੀ ਨੂੰ ਪ੍ਰਚੰਡ ਨਾ ਕਰੋ। ਜ਼ਖ਼ਮਾਂ ਨੂੰ ਭਰਨ ਦਾ ਮੌਕਾ ਦਿਓ। ਮਾਮੂਲੀ ਗੱਲਾਂ ਤੋਂ ਉੱਪਰ ਉੱਠ ਕੇ ਮੁਆਫ਼ ਕਰਨ ਨਾਲ ਕੇਵਲ ਤੁਹਾਡਾ ਦਿਲ ਹੀ ਨਹੀਂ ਸਗੋਂ ਰੋਮ ਰੋਮ ਪ੍ਰੇਰਿਤ ਮਹਿਸੂਸ ਕਰੇਗਾ।
ਦੁਨੀਆਂ ਨੇ ਤੁਹਾਨੂੰ ਪਾਲਣ ਦਾ ਠੇਕਾ ਨਹੀਂ ਲਿਆ ਹੋਇਆ! ਗੁੱਸੇ ਵਿੱਚ ਆਏ ਬਾਲਗ ਕਈ ਵਾਰ ਉਨ੍ਹਾਂ ਨਿਆਣਿਆਂ ਜਾਂ ਟੀਨਏਜਰਜ਼ ਨੂੰ ਇਹ ਸ਼ਬਦ ਆਖ ਦਿੰਦੇ ਹਨ ਜਿਨ੍ਹਾਂ ਨੂੰ ਉਹ ਆਲਸੀ ਸਮਝਦੇ ਹੋਣ। ਕੀ ਅਜਿਹੇ ਕਥਨ ਸੱਚ ਹਨ? ਕੀ ਕੁਦਰਤ ਖੁਲ੍ਹੇ ਦਿਲ ਵਾਲੀ ਅਤੇ ਮਾਲਾਮਾਲ ਨਹੀਂ? ਕੀ ਧਰਤੀ ਗ੍ਰਹਿ ਇੱਥੇ ਪੈਦਾ ਹੋਣ ਵਾਲੇ ਹਰ ਪ੍ਰਾਣੀ ਲਈ ਇੰਤਜ਼ਾਮ ਨਹੀਂ ਕਰਦਾ? ਨਿਰਸੰਦੇਹ, ਸਾਨੂੰ ਆਪਣੀਆਂ ਦੁਨਿਆਵੀ, ਪਦਾਰਥਕ ਲੋੜਾਂ ਗੰਭੀਰਤਾ ਨਾਲ ਲੈਣੀਆਂ ਚਾਹੀਦੀਆਂ ਹਨ, ਪਰ ਇਸ ਹੱਦ ਤਕ ਵੀ ਨਹੀਂ ਕਿ ਉਹ ਸਾਡੇ ਮਨ ਵਿੱਚ ਬੇਚੈਨੀ ਅਤੇ ਅਸੁਰੱਖਿਅਤਾ ਪੈਦਾ ਕਰਨ। ਜੇਕਰ ਤੁਹਾਡਾ ਵਰਤਮਾਨ ਤੁਹਾਡੇ ਭਵਿੱਖ ਬਾਰੇ ਚਿੰਤਾਵਾਂ ਖੜ੍ਹੀਆਂ ਕਰ ਰਿਹੈ ਤਾਂ ਉਸ ਨੂੰ ਅਜਿਹਾ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰੋ। ਜਿੰਨਾ ਤੁਸੀਂ ਸੋਚਦੇ ਹੋ, ਤੁਸੀਂ ਉਸ ਤੋਂ ਕਿਤੇ ਵੱਧ ਸੁਰੱਖਿਅਤ ਹੋ।