ਮੈਂ ਤੁਹਾਨੂੰ ਹਮੇਸ਼ਾ ਇਹੋ ਬੇਨਤੀ ਕਰਦਾ ਰਹਿੰਦਾ ਹਾਂ ਕਿ ਤੁਸੀਂ ਆਪਣੇ ਹਰ ਦਿਨ ਨੂੰ ਇੰਝ ਸਮਝੋ ਜਿਵੇਂ ਕਿ ਉਹ ਤੁਹਾਡੀ ਬਾਕੀ ਦੀ ਰਹਿੰਦੀ ਜ਼ਿੰਦਗੀ ਦਾ ਪਹਿਲਾ ਦਿਨ ਹੋਵੇ। ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਤੁਸੀਂ ਚੁਟਕੀ ਵਜਾ ਕੇ ਕਿਸੇ ਜਾਦੂਗਰ ਵਾਂਗ ਸਭ ਕੁੱਝ ਹੀ ਬਦਲ ਸਕਦੇ ਹੋ। ਅਸੀਂ ਜੋ ਕੁੱਝ ਵੀ ਅੱਜ ਹਾਂ ਉਹ ਆਪਣੇ ਕੱਲ੍ਹ ਦੀ ਵਜ੍ਹਾ ਤੋਂ ਹੀ ਹਾਂ। ਆਪਣੇ ਅਤੀਤ ਦੇ ਸਾਰੇ ਤਜਰਬਿਆਂ ਦਾ ਨਿਚੋੜ ਹਾਂ ਅਸੀਂ ਅਤੇ ਉਨ੍ਹਾਂ ਤੋਂ ਆਪਣੇ ਆਪ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰਨ ਵਿੱਚ ਕੋਈ ਸਿਆਣਪ ਨਹੀਂ। ਆਦਤਾਂ ਅਤੇ ਰਸਮਾਂ ਸਾਨੂੰ ਚੰਗੇ ਅਤੇ ਮਾੜੇ ਦੋਹੇਂ ਤਰ੍ਹਾਂ ਨਾਲ ਜੋੜਦੀਆਂ ਹਨ। ਸਾਨੂੰ ਇੱਕ ਅਜਿਹੀ ਮਜ਼ਬੂਤ ਬੁਨਿਆਦ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਉੱਪਰ ਅਸੀਂ ਆਪਣਾ ਭਵਿੱਖ ਉਸਾਰ ਸਕੀਏ।
ਸਾਡੇ ਸਾਰਿਆਂ ਦੇ ਆਪੋ ਆਪਣੇ ਬਲਾਈਂਡ ਸਪੋਟਸ ਹੁੰਦੇ ਹਨ, ਪਰ ਅਸੀਂ ਉਨ੍ਹਾਂ ਨੂੰ ਬਹੁਤ ਆਸਾਨੀ ਨਾਲ ਭੁੱਲ ਜਾਂਦੇ ਹਾਂ। ਡਰਾਈਵਰਾਂ ਨੂੰ ਇਸ ਗੱਲ ਦਾ ਭਲੀ ਪ੍ਰਕਾਰ ਪਤੈ ਕਿ ਗੱਡੀ ਚਲਾਉਂਦਿਆਂ ਸਪਲਿਟ ਸੈਕਿੰਡ ਦਾ ਇੱਕ ਬੇਹੱਦ ਅਹਿਮ ਲਮਹਾ ਅਜਿਹਾ ਆਉਂਦੈ ਜਿਸ ਦੌਰਾਨ ਇਹ ਸੰਭਵ ਹੈ ਕਿ ਰਿਅਰ ਵਿਊ ਮਿਰਰ ਵਿੱਚ ਦੇਖਣ ਦੇ ਬਾਵਜੂਦ ਤੁਹਾਨੂੰ ਆਪਣੇ ਪਿੱਛੇ ਆਉਂਦੀ ਕੋਈ ਗੱਡੀ ਨਾ ਦਿਖਾਈ ਦੇਵੇ। ਬਿਲਕੁਲ ਇਸੇ ਤਰ੍ਹਾਂ, ਅਸੀਂ ਕਈ ਅਜਿਹੀਆਂ ਸਥਿਤੀਆਂ ਨੂੰ ਅਣਦੇਖਿਆਂ ਕਰ ਦਿੰਦੇ ਹਾਂ ਜਿਨ੍ਹਾਂ ਦੀ ਹੋਂਦ ਦਾ ਸਾਨੂੰ ਪਤਾ ਤਾਂ ਹੁੰਦੈ, ਪਰ ਉਹ ਸਾਨੂੰ ਬਹੁਤੀਆਂ ਮਹੱਤਵਪੂਰਣ ਨਹੀਂ ਲੱਗਦੀਆਂ। ਇਹ ਸਭ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਆਪਣਾ ਧਿਆਨ ਕਿਸ ਸ਼ੈਅ ‘ਤੇ ਕੇਂਦ੍ਰਿਤ ਕਰਨਾ ਚਾਹੁੰਦੇ ਹਾਂ। ਜੇਕਰ ਸਾਨੂੰ ਕਿਸੇ ਦੇ ਇਰਾਦਿਆਂ ‘ਤੇ ਸ਼ੱਕ ਹੋਵੇ, ਜਾਂ ਕੁੱਝ ਅਜਿਹਾ ਵਾਪਰ ਰਿਹਾ ਹੋਵੇ ਜੋ ਅਸੀਂ ਦੇਖਣਾ ਨਾ ਚਾਹੁੰਦੇ ਹੋਈਏ, ਅਸੀਂ ਅਣਜਾਣੇ ਵਿੱਚ ਹੀ ਉਸ ਸਭ ਨੂੰ ਆਪਣੇ ਬਲਾਈਂਡ ਸਪੋਟਸ ਵਿੱਚ ਪਾ ਦਿੰਦੇ ਹਾਂ। ਕਈ ਵਾਰ ਉਸ ਨੂੰ ਦੇਖ ਲੈਣਾ ਵੀ ਲਾਹੇਵੰਦ ਹੁੰਦੈ ਜਿਸ ਨੂੰ ਅਸੀਂ ਅਣਦੇਖਿਆ ਕਰ ਦਿੱਤਾ ਹੋਵੇ।
ਤੁਹਾਡੇ ਲਈ ਮੇਰੇ ਵਲੋਂ ਇੱਕੋ ਹੀ ਸੌਖਾ ਜਿਹਾ ਸੁਨੇਹਾ ਹੈ। ਮੈਂ ਇਸ ਦਾ ਨਿਚੋੜ ਚਾਰ ਛੋਟੇ ਸ਼ਬਦਾਂ ਵਿੱਚ ਕੱਢ ਸਕਦਾ ਹਾਂ। ਸਾਵਧਾਨੀ ਨਾਲ ਅੱਗੇ ਵਧੋ। ਇਸ ਦਾ ਬਿਲਕੁਲ ਉਹੀ ਮਤਲਬ ਹੈ ਜਿਸ ਤਰ੍ਹਾਂ ਮੇਰੇ ਵਲੋਂ ਇਸ ਨੂੰ ਲਿਖਿਆ ਅਤੇ ਤੁਹਾਡੇ ਵਲੋਂ ਪੜ੍ਹਿਆ ਜਾ ਰਿਹੈ। ਅੱਗੇ ਵਧੋ, ਰੁਕੋ ਨਾ, ਜਾਂ ਪਿੱਛੇ ਨਾ ਮੁੜੋ, ਅਤੇ ਬਿਨਾ ਲੋੜੋਂ ਐਵੇਂ ਆਪਣੀ ਸਪੀਡ ਵੀ ਹੌਲੀ ਨਾ ਕਰੋ। ਅੱਗੇ ਵਧਣਾ ਜਾਰੀ ਰੱਖੋ ਪਰ ਸਾਵਧਾਨੀ ਨਾਲ। ਦੇਖੋ ਕਿ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਅਤੇ ਕੀ ਕਰ ਰਹੇ ਹੋ ਪਰ ਸਾਵਧਾਨ ਅਤੇ ਸਿਆਣੇ ਬਣ ਕੇ। ਕਿਉਂਕਿ ਤੁਸੀਂ ਆਪਣਾ ਇਹ ਸਫ਼ਰ ਕੁੱਝ ਜਲਦਬਾਜ਼ੀ ਵਿੱਚ ਸ਼ੁਰੂ ਕੀਤਾ ਸੀ, ਤੁਹਾਨੂੰ ਹੁਣ ਥੋੜ੍ਹੀ ਸਾਵਧਾਨ ਤਬੀਅਤ ਦਾ ਮੁਜ਼ਾਹਰਾ ਵੀ ਕਰਨਾ ਚਾਹੀਦੈ।
ਵੱਡੇ ਅਤੇ ਛੋਟੇ ਖ਼ਿਆਲ ਵਿੱਚ ਅੰਤਰ ਸਿਰਫ਼ ਉਸ ਨੂੰ ਲਾਗੂ ਕਰਨ ਦਾ ਹੁੰਦਾ ਹੈ! ਦੁਨੀਆਂ ਦੇ ਕਈ ਸਭ ਤੋਂ ਬਿਹਤਰੀਨ, ਸਭ ਤੋਂ ਨਾਟਕੀ, ਅਵਿਸ਼ਕਾਰਾਂ ਨੂੰ ਵੀ ਕਦੇ ਕਿਸੇ ਸਿਰਫ਼ਿਰੇ ਦੇ ਦਿਮਾਗ਼ ਦੀ ਖਬਤ ਕਹਿ ਕੇ ਦਰਕਿਨਾਰ ਕਰ ਦਿੱਤਾ ਗਿਆ ਸੀ। ਅਜਿਹੀਆਂ ਚੀਜ਼ਾਂ, ਜਿਨ੍ਹਾਂ ਨੂੰ ਬਣਾਉਣ ਦਾ ਖ਼ਿਆਲ ਇੱਕ ਬੁਲਬੁਲੇ ਵਾਂਗ ਫ਼ੁੱਟਿਆ ਅਤੇ ਫ਼ਿਰ ਹਵਾ ਦੇ ਵਹਾ ਨਾਲ ਉਡਦਾ ਹੋਇਆ ਕਿਤੇ ਦੂਰ ਨਿਕਲ ਗਿਆ ਅਤੇ ਮੁੜ ਕਈ ਕਈ ਸਾਲਾਂ ਤਕ ਕਿਸੇ ਨੇ ਉਸ ‘ਤੇ ਕੰਮ ਕਰਨਾ ਵੀ ਗਵਾਰਾ ਨਹੀਂ ਕੀਤਾ। ਤੁਹਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਖ਼ਿਆਲ ਕਦੇ ਵੀ ਵੱਡੇ ਜਾਂ ਛੋਟੇ ਨਹੀਂ ਹੁੰਦੇ, ਪਰ ਉਨ੍ਹਾਂ ਵਲੋਂ ਪਾਏ ਜਾਣ ਵਾਲੇ ਪ੍ਰਭਾਵ ਹੁੰਦੇ ਹਨ। ਤੁਹਾਨੂੰ ਜਿਹੜਾ ਵੀ ਖ਼ਿਆਲ ਸਭ ਤੋਂ ਵੱਧ ਪ੍ਰੇਰਿਤ ਕਰਦਾ ਹੈ, ਉਸ ਉੱਪਰ ਬਕਾਇਦਗੀ ਨਾਲ ਅਮਲ ਕਰਨਾ ਸ਼ੁਰੂ ਕਰ ਦਿਓ।
ਕੁੱਝ ਲੋਕ ਅਜਿਹੇ ਹੁੰਦੇ ਹਨ ਜਿਹੜੇ ਪਹਿਲੀ ਵਾਰ ਮਿਲਣ ‘ਤੇ ਤਾਂ ਸਾਨੂੰ ਬਹੁਤ ਪਸੰਦ ਆਉਂਦੇ ਹਨ, ਪਰ ਆਖ਼ਿਰਕਾਰ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਸਾਡੀ ਮੁਲਾਕਾਤ ਕਿਸੇ ਮਖੌਟੇ ਨਾਲ ਹੋਈ ਹੈ। ਦੂਜੇ ਪਾਸੇ, ਕਈ ਲੋਕ ਦੇਖਣ ਨੂੰ ਬਿਲਕੁਲ ਹੀ ਬੋਰਿੰਗ ਅਤੇ ਨੀਰਸ ਜਿਹੇ ਜਾਪਦੇ ਹਨ, ਪਰ ਜਿੰਨਾ ਜ਼ਿਆਦਾ ਵਕਤ ਅਸੀਂ ਉਨ੍ਹਾਂ ਨਾਲ ਗੁਜ਼ਾਰਦੇ ਹਾਂ, ਓਨਾ ਹੀ ਵੱਧ ਅਸੀਂ ਉਨ੍ਹਾਂ ਨੂੰ ਜਾਣਨ ਲੱਗਦੇ ਹਾਂ। ਤੇ ਜਿਵੇਂ ਲੋਕਾਂ ਨਾਲ, ਉਸੇ ਤਰ੍ਹਾਂ ਹੀ ਸਥਿਤੀਆਂ ਨਾਲ ਵੀ ਹੁੰਦਾ ਹੈ। ਚੁਣੌਤੀਆਂ ਸਾਨੂੰ ਪ੍ਰੇਰਿਤ ਕਰ ਸਕਦੀਆਂ ਹਨ, ਅਤੇ ਸ਼ਾਇਦ ਸਫ਼ਲ ਹੋਣ ਵਿੱਚ ਸਾਡੀ ਮਦਦ ਵੀ। ਜਦੋਂ ਚੀਜ਼ਾਂ ਜਾਂ ਹਾਲਾਤ ਬਹੁਤ ਜ਼ਿਆਦਾ ਆਰਾਮਦਾਇਕ ਹੋ ਜਾਣ, ਅਸੀਂ ਸੁਸਤੀ ਅਤੇ ਢਿੱਲ ਮੱਠ ਦਾ ਮੁਜ਼ਾਹਰਾ ਕਰਨ ਲੱਗਦੇ ਹਾਂ। ਜਿਸ ਵੀ ਚੀਜ਼ ਜਾਂ ਵਿਅਕਤੀ ਨੂੰ ਤੁਸੀਂ ਅਤੀਤ ਵਿੱਚ ਸਖ਼ਤ ਨਾਪਸੰਦ ਕਰਦੇ ਰਹੇ ਹੋ, ਉਸ ਨਾਲ ਇੱਕ ਵੱਖਰੀ ਤਰ੍ਹਾਂ ਦਾ ਰਿਸ਼ਤਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਕੇ ਤਾਂ ਦੇਖੋ।